
10 ਫ਼ੀ ਸਦੀ ਦੇ ਹਿਸਾਬ ਨਾਲ ਕਿਸਾਨਾਂ ਦਾ ਹੋਇਆ ਹੈ 4000 ਕਰੋੜ ਰੁਪਏ ਦਾ ਨੁਕਸਾਨ
ਡੇਰਾ ਬਾਬਾ ਨਾਨਕ : ਜਿਸ ਭੱਚੋ ਪਿੰਡ ਦਾ ਦੌਰਾ ਅੱਜ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਕੀਤਾ ਗਿਆ ਇਹ ਪਿੰਡ 1955 ਦੇ ਹੜ੍ਹਾਂ ਦੌਰਾਨ ਪੂਰੀ ਤਰ੍ਹਾਂ ਰੁੜ੍ਹ ਗਿਆ ਸੀ। ਪੰਜਾਬ ’ਚ ਆਏ ਤਾਜ਼ਾ ਹੜ੍ਹਾਂ ਨੇ ਮੁੜ ਤੋਂ ਇਸ ਪਿੰਡ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ, ਕਿਉਂਕਿ ਇਸ ਪਿੰਡ ਦੀ 700 ਏਕੜ ਜ਼ਮੀਨ ਹੈ, ਜਿਸ ’ਚੋਂ ਇਕ ਏਕੜ ਝੋਨਾ ਵੀ ਨਹੀਂ ਬਚਿਆ ਜਦਕਿ ਇਸ ਪਿੰਡ ਦੀ 20 ਏਕੜ ਜ਼ਮੀਨ ਹੜ੍ਹਾਂ ਕਾਰਨ ਬਿਲਕੁਲ ਹੀ ਤਬਾਹ ਹੋ ਗਈ ਹੈ ਅਤੇ ਇਹ ਦਰਿਆ ਵਿਚ ਚਲੀ ਗਈ ਹੈ। ਇਹ ਨੁਕਸਾਨ ਕਦੇ ਵੀ ਪੂਰਾ ਨਹੀਂ ਹੋ ਸਕਦਾ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਨਾਲ ਕੁੱਝ ਨਹੀਂ ਹੋਣਾ। ਜੇਕਰ ਅਸੀਂ ਹਮੇਸ਼ਾਂ ਲਈ ਹੜ੍ਹਾਂ ਤੋਂ ਬਚਣਾ ਹੈ ਤਾਂ ਧੁੱਸੀ ਬੰਨ੍ਹ ਨੂੰ ਪੱਕਾ ਕਰਨ ਲਈ 2000 ਕਰੋੜ ਰੁਪਏ ਲੱਗ ਜਾਣਗੇ। ਧੁੱਸੀ ਅਤੇ ਸੱਕੀ ਨਾਲਾ ਮਿਲ ਬਹੁਤ ਤਬਾਹੀ ਮਚਾਉਂਦੇ ਹਨ। ਇਨ੍ਹਾਂ ਦੋਵਾਂ ਦਾ Çਲੰਕ ਤੋੜਨਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ। ਰੰਧਾਵਾ ਨੇ ਕਿਹਾ ਕਿ ਝੋਨਾ ਖਰੀਦਣ ਲਈ 40,000 ਹਜ਼ਾਰ ਕਰੋੜ ਰੁਪਏ ਦੀ ਸੀਸੀ ਲਿਮਟ ਬਣਦੀ ਹੈ। ਮੈਂ ਨਹੀਂ ਕਹਿੰਦਾ ਕਿ ਕਿਸਾਨਾਂ ਦਾ 50 ਫੀਸਦੀ ਨੁਕਸਾਨ ਹੋਇਆ ਹੈ, ਜੇਕਰ ਇਹ ਨੁਕਸਾਨ ਸਿਰਫ਼ 10 ਫ਼ੀਸਦੀ ਹੀ ਲਾਇਆ ਜਾਵੇ ਤਾਂ 4000 ਕਰੋੜ ਰੁਪਏ ਕਿਸਾਨਾਂ ਦਾ ਨੁਕਸਾਨ ਬਣਦਾ ਹੈ। ਹੁਣ 1600 ਕਰੋੜ ਵਿਚੋਂ ਸਰਕਾਰ ਕਿਸ ਨੂੰ ਕੀ ਦੇਵੇਗੀ।
ਉਨ੍ਹਾਂ ਕਿਹਾ ਕਿ ਜਦੋਂ 1988 ਵਿਚ ਹੜ੍ਹ ਆਏ ਸਨ ਤਾਂ ਡਾ. ਮਨਮੋਹਨ ਸਿੰਘ ਨੇ ਪੰਜਾਬ ਨੂੰ 1 ਅਰਬ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਸੀ। ਉਨ੍ਹਾਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ’ਤੇ ਸਿਆਸੀ ਹਮਲਾ ਕਰਦੇ ਹੋਏ ਕਿਹਾ ਕਿ ਉਹ ਆਪਣੇ ਦਾਦੇ, ਆਪਣੇ ਤਾਏ ਅਤੇ ਆਪਣੇ ਭਰਾਵਾਂ ਦੀ ਇੱਜ਼ਤ ਦਾ ਖਿਆਲ ਕਰਨ ਕਿ ਜਿਸ ਗਾਂਧੀ ਪਰਿਵਾਰ ਖਿਲਾਫ਼ ਉਹ ਬਿਆਨਬਾਜ਼ੀ ਕਰ ਰਹੇ ਉਨ੍ਹਾਂ ਵੱਲੋਂ ਹੀ ਇਸ ਪਰਿਵਾਰ ਨੂੰ ਇਸ ਮੁਕਾਮ ’ਤੇ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬਿਹਾਰ ਵਿਚ ਕੋਈ ਹੜ੍ਹ ਨਹੀਂ ਪਰ ਉਥੇ 7200 ਕਰੋੜ ਰੁਪਏ ਦਾ ਪੈਕੇਜ ਦਿੱਤਾ ਗਿਆ ਹੈ ਕਿਉਂਕਿ ਉਥੇ ਇਲੈਕਸ਼ਨ ਦਾ ਹੜ੍ਹ ਆਇਆ ਹੋਇਆ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਘਣੀਏ ਕੇ ਬੇਟ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ, ਪਿੰਡ ਵਿਚ ਇਕ ਵੀ ਘਰ ਨਹੀਂ ਬਚਿਆ। ਲੋਕਾਂ ਦੀਆਂ ਲੱਖ-ਲੱਖ ਰੁਪਏ ਦੀਆਂ ਮੱਝਾਂ ਹੜ੍ਹਾਂ ਦੇ ਪਾਣੀ ਦੌਰਾਨ ਰੁੜ੍ਹ ਗਈਆਂ ਹਨ ਕਿੱਥੋਂ ਪੂਰਾ ਹੋਵੇਗਾ ਇਹ ਘਾਟਾ। ਇਸ ਮੌਕੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਜ਼ੁਮਲੇਬਾਜ਼ ਦੱਸਿਆ। ਉਨ੍ਹਾਂ ਕਿਹਾ ਕਿ ਸਾਡੇ ਤੋਂ ਡੇਢ ਕਿਲੋਮੀਟਰ ’ਤੇ ਪਾਕਿਸਤਾਨ ਦਾ ਬਾਰਡਰ ਹੈ ਅਸੀਂ 1965 ਅਤੇ 1971 ਦੀਆਂ ਜੰਗਾਂ ਦਰਮਿਆਨ ਦੁਸ਼ਮਣ ਦਾ ਡਟ ਕੇ ਮੁਕਾਬਲਾ ਕੀਤਾ ਸੀ ਅਸੀਂ ਉਸ ਸਮੇਂ ਨਹੀਂ ਡਰੇ ਕਿਉਂਕਿ ਅਸੀਂ ਡਰਨ ਵਾਲਿਆਂ ’ਚੋਂ ਨਹੀਂ ਹਾਂ ਕਿਉਂਕਿ ਹੜ੍ਹਾਂ ਅਤੇ ਜੰਗਾਂ ਦੀ ਮਾਰ ਝੱਲਣ ਵਾਲੇ ਲੋਕ ਹਾਂ।