
ਕਿਸਾਨਾਂ ਨਾਲ ਉਚ ਪਧਰੀ ਗੱਲ ਕਰੇ ਕੇਂਦਰ ਤੇ ਪੰਜਾਬ ਸਰਕਾਰ : ਹਾਈ ਕੋਰਟ
ਚੰਡੀਗੜ੍ਹ, 14 ਅਕਤੂਬਰ (ਸੁਰਜੀਤ ਸਿੰਘ ਸੱਤੀ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਐਸ.ਮੁਰਲੀਧਰ ਦੀ ਡਵੀਜ਼ਨ ਬੈਂਚ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਸਖ਼ਤ ਹਦਾਇਤ ਜਾਰੀ ਕਰਦਿਆਂ ਕਿਸਾਨਾਂ ਨਾਲ ਗੱਲਬਾਤ ਰਾਹੀਂ ਹੱਲ ਕੱਢਣ ਲਈ ਕਿਹਾ ਹੈ ਤੇ ਸ਼ੁਕਰਵਾਰ ਤਕ ਗੱਲਬਾਤ ਦੇ ਨਤੀਜੇ ਬਾਰੇ ਜਾਣੂੰ ਕਰਵਾਉਣ ਲਈ ਕਿਹਾ ਹੈ। ਬੈਂਚ ਨੇ ਕਿਹਾ ਹੈ ਕਿ ਛੋਟੇ ਪੱਧਰ 'ਤੇ ਗੱਲਬਾਤ ਦਾ ਕੋਈ ਫ਼ਾਇਦਾ ਨਹੀਂ, ਧਰਨੇ ਤਾਂ ਹੀ ਉਠਣਗੇ, ਜਦੋਂ ਉਚ ਪਧਰੀ ਗੱਲਬਾਤ ਰਾਹੀਂ ਕੋਈ ਵਿਚ ਦਾ ਆਪਸੀ ਸਹਿਮਤੀ ਵਾਲਾ ਰਾਹ ਨਿਕਲੇਗਾ। ਬੈਂਚ ਪੰਜਾਬ ਵਿਚ ਚਲ ਰਹੇ ਕਿਸਾਨ ਧਰਨਿਆਂ ਵਿਰੁਧ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ ਤੇ ਪੰਜਾਬ ਸਰਕਾਰ ਨੇ ਕਿਹਾ ਕਿ ਧਰਨੇ ਚੁਕਵਾਉਣੇ ਮੁਸ਼ਕਲ ਹਨ ਕਿਉਂਕਿ ਧਰਨਿਆਂ ਵਿਚ ਮੂਹਰੇ ਬੱਚੇ ਤੇ ਔਰਤਾਂ ਬੈਠੀਆਂ ਹੋਈਆਂ ਹਨ ਤੇ ਦੂਜੇ ਪਾਸੇ ਕਿਸਾਨਾਂ ਦੇ ਵਕੀਲ ਨੇ ਕਿਹਾ ਕਿ ਖੇਤੀ ਸੋਧ ਕਾਨੂੰਨ ਕਾਰਨ ਕਿਸਾਨ ਬਰਬਾਦ ਹੋਣ ਜਾ ਰਿਹਾ ਹੈ ਤੇ ਕਿਸਾਨ ਪ੍ਰਵਾਰਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਤੇ ਇਸੇ ਲਈ ਸੜਕਾਂ 'ਤੇ ਉਤਰ ਕੇ ਸੰਘਰਸ਼ ਤੋਂ ਇਲਾਵਾ ਕੋਈ ਰਾਹ ਨਹੀਂ ਬਚਿਆ ਹੈ। ਫ਼ਿਲਹਾਲ ਹਾਈ ਕੋਰਟ ਨੇ ਕਿਸਾਨਾਂ ਨਾਲ ਉਚ ਪਧਰੀ ਗੱਲਬਾਤ ਕਰ ਕੇ ਆਪਸੀ ਸਹਿਮਤੀ ਨਾਲ ਵਿਚਕਾਰ ਦਾ ਰਾਹ ਲੱਭਣ ਦੀ ਹਦਾਇਤ ਕੀਤੀ ਹੈ।
image