
ਕੇਂਦਰ ਨੇ ਕਿਸਾਨਾਂ ਦੀ ਬੇਇੱਜ਼ਤੀ ਕੀਤੀ : ਸੁਖਬੀਰ ਬਾਦਲ
ਕਿਹਾ, ਮੰਤਰੀ ਦੀ ਥਾਂ ਸੈਕਟਰੀ ਨਾਲ ਮੀਟਿੰਗ ਦੀ ਕੋਈ ਤੁਕ ਨਹੀਂ
ਚੰਡੀਗੜ੍ਹ, 14 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਬੁਲਾ ਕੇ ਬੇਇਜ਼ਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਖ਼ੁਦ ਗੱਲਬਾਤ ਲਈ ਬੁਲਾਇਆ ਸੀ ਪਰ ਮੀਟਿੰਗ ਵਿਚ ਕੋਈ ਵੀ ਮੰਤਰੀ ਨਹੀਂ ਪੁੱਜਿਆ। ਇਸ ਲਈ ਸੈਕਟਰੀ ਨਾਲ ਮੀਟਿੰਗ ਦੀ ਕੀ ਤੁਕ ਬਣਦੀ ਹੈ, ਕਿਉਂਕਿ ਉਸ ਕੋਲ ਕੋਈ ਫ਼ੈਸਲਾ ਲੈਣ ਦਾ ਅਧਿਕਾਰ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਉਸ ਨੇ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ ਹੈ ਤਾਂ ਪ੍ਰਧਾਨ ਮੰਤਰੀ ਜਾਂ ਖੇਤੀ ਮੰਤਰੀ ਕਿਸਾਨਾਂ ਨਾਲ ਗੱਲਬਾਤ ਕਰਦੇ ਪਰ ਇਕ ਸੈਕਟਰੀ ਨੂੰ ਗੱਲਬਾਤ ਲਈ ਭੇਜ ਦਿਤਾ ਗਿਆ। ਇਹ ਸਭ ਕਿਸਾਨਾਂ ਨੂੰ ਜਲੀਲ ਕਰਨ ਵਾਲਾ ਕੰਮ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ ਸੀ। ਮੀਟਿੰਗ ਵਿਚ ਉਸ ਵੇਲੇ ਰੌਲਾ ਪੈ ਗਿਆ, ਜਦੋਂ ਕਿਸੇ ਕੇਂਦਰੀ ਮੰਤਰੀ ਦੇ ਨਾ ਆਉਣ ਬਾਰੇ ਪਤਾ ਲੱਗਿਆ। ਬਾਅਦ ਵਿਚ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ ਅਤੇ ਭਾਜਪਾ ਨੂੰ ਕਿਸਾਨ ਵਿਰੋਧੀ ਨੀਤੀਆਂ ਵਾਲੀ ਸਰਕਾਰ ਕਿਹਾ।