
ਸਹਿਕਾਰਤਾ ਵਿਭਾਗ ਵਲੋਂ ਸਹਿਕਾਰੀ ਸਭਾਵਾਂ ਗੁਰਦਾਸਪੁਰ ਦੇ ਉਪ ਰਜਿਸਟਰਾਰ ਭੁਪਿੰਦਰ ਸਿੰਘ ਤੇ ਸਹਿਕਾਰੀ ਸਭਾਵਾਂ...
ਚੰਡੀਗੜ੍ਹ (ਸਸਸ) : ਸਹਿਕਾਰਤਾ ਵਿਭਾਗ ਵਲੋਂ ਸਹਿਕਾਰੀ ਸਭਾਵਾਂ ਗੁਰਦਾਸਪੁਰ ਦੇ ਉਪ ਰਜਿਸਟਰਾਰ ਭੁਪਿੰਦਰ ਸਿੰਘ ਤੇ ਸਹਿਕਾਰੀ ਸਭਾਵਾਂ ਸ਼ਾਹਪੁਰ ਜਾਜਨ ਸਰਕਲ ਦੇ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਮੁਅੱਤਲ ਕਰਨ ਦੇ ਆਦੇਸ਼ ਦਿਤੇ ਗਏ ਹਨ। ਇਹ ਜਾਣਕਾਰੀ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿਤੀ ਗਈ।
ਸ. ਰੰਧਾਵਾ ਨੇ ਦੱਸਿਆ ਕਿ ਦੀ ਅਠਵਾਲ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਸਕੱਤਰ ਹੀਰਾ ਸਿੰਘ ਵਲੋਂ ਉਕਤ ਦੋਵਾਂ ਅਧਿਕਾਰੀਆਂ ਖਿਲਾਫ਼ ਰਿਸ਼ਵਤ ਮੰਗਣ ਦੇ ਲਾਏ ਦੋਸ਼ਾਂ ਸਬੰਧੀ ਦਿਤੇ ਹਲਫੀਆ ਬਿਆਨ ਉਤੇ ਕਾਰਵਾਈ ਕਰਦਿਆਂ ਉਪ ਰਜਿਸਟਰਾਰ ਭੁਪਿੰਦਰ ਸਿੰਘ ਨੂੰ ਮੁਅੱਤਲ ਕਰ ਕੇ ਉਸ ਦਾ ਹੈਡਕੁਆਟਰ ਮੁੱਖ ਦਫਤਰ ਨਿਸ਼ਚਿਤ ਕੀਤਾ ਗਿਆ ਹੈ
ਜਦੋਂ ਕਿ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਮੁਅੱਤਲ ਕਰ ਕੇ ਉਸ ਦਾ ਹੈਡਕੁਆਟਰ ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਜਲੰਧਰ ਦਫਤਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਦੇ ਉਪ ਰਜਿਸਟਰਾਰ ਨੂੰ ਅਪਣੀ ਮੌਜੂਦਾ ਡਿਊਟੀ ਦੇ ਨਾਲ ਗੁਰਦਾਸਪੁਰ ਦਾ ਵਾਧੂ ਚਾਰਜ ਦਿਤਾ ਗਿਆ ਹੈ। ਸਹਿਕਾਰਤਾ ਮੰਤਰੀ ਨੇ ਕਿਹਾ ਕਿ ਵਿਭਾਗ ਵਿਚ ਕਿਸੇ ਕਿਸਮ ਦੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਅਤੇ ਅਜਿਹਾ ਕਰਨ ਵਾਲੇ ਕਿਸੇ ਵੀ ਅਧਿਕਾਰੀ/ਕਰਮਚਾਰੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਹਿਕਾਰਤਾ ਵਿਭਾਗ ਸਿੱਧੇ ਤੌਰ 'ਤੇ ਕਿਸਾਨਾਂ ਨਾਲ ਜੁੜਿਆ ਹੋਇਆ ਹੈ ਅਤੇ ਇਸ ਵਿਭਾਗ ਵਿੱਚ ਕੋਈ ਵੀ ਅਣਗਹਿਲੀ, ਕੋਤਾਹੀ ਤੇ ਭ੍ਰਿਸ਼ਟਾਚਾਰ ਨੂੰ ਸਹਿਣ ਨਹੀਂ ਕੀਤਾ ਜਾਵੇਗਾ।