
ਕਿਸਾਨਾਂ ਨਾਲ ਰਾਬਤਾ ਕਾਇਮ ਕਰਨਗੇ ਪੰਜਾਬ ਭਾਜਪਾ ਦੇ ਆਗੂ
ਚੰਡੀਗੜ੍ਹ : ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਦਿੱਲੀ ਘੇਰੀ ਬੈਠੀਆਂ ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੀ ਮੰਗ ਕਰ ਰਹੀਆਂ ਹਨ। ਜਦਕਿ ਸੱਤਾਧਾਰੀ ਧਿਰ ਅਜੇ ਵੀ ਖੇਤੀ ਕਾਨੂੰਨਾਂ ਨੂੰ ਸਹੀ ਸਾਬਤ ਕਰਨ ਲਈ ਹਰ ਹਰਬਾ ਵਰਤਣ ਲਈ ਬਜਿੱਦ ਹੈ। ਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਨੂੰ ਮੁੜ ਸ਼ੁਰੂ ਕਰਵਾਉਣ ਲਈ ਭਾਜਪਾ ਦੀ ਪੰਜਾਬ ਇਕਾਈ ਸਰਗਰਮ ਹੋ ਗਈ ਹੈ।
BJP Leaders
ਕਿਸਾਨਾਂ ਦੀ ਇਕੋ ਇਕ ਮੰਗ ‘ਖੇਤੀ ਕਾਨੂੰਨ ਰੱਦ’ ਕਰਨ ’ਤੇ ਧਿਆਨ ਕੇਂਦਰਿਤ ਕਰਨ ਦੀ ਥਾਂ ਭਾਜਪਾ ਆਗੂ ਕਿਸਾਨ ਜਥੇਬੰਦੀਆਂ ਨੂੰ ਖੇਤੀਬਾੜੀ ਕਾਨੂੰਨਾਂ ਦਾ ਪਾਠ ਪੜ੍ਹਾਉਣ ਦੀਆਂ ਵਿਉਂਤਾ ਬਣਾ ਰਹੇ ਹਨ। ਸੂਤਰਾਂ ਮੁਤਾਬਕ ਭਾਜਪਾ ਆਗੂ ਪਹਿਲਾਂ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਸਮਝਾਉਣ ਦੀ ਕੋਸ਼ਿਸ਼ ਕਰਨਗੇੇ ਅਤੇ ਜੇਕਰ ਕਿਸਾਨ ਫਿਰ ਵੀ ਰਾਜ਼ੀ ਨਹੀਂ ਹੁੰਦੇ ਤਾਂ ਉਹ ਕਿਸਾਨਾਂ ਦੇ ਇਤਰਾਜ਼ਾਂ ਨੂੰ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੱਲ ਲਿਖਤੀ ਰੂਪ ਵਿਚ ਭੇਜਣਗੇ।
Ashwani Sharma
ਸੋਮਵਾਰ ਨੂੰ ਪਾਰਟੀ ਦੇ ਸੂਬਾਈ ਆਗੂਆਂ ਨਾਲ ਹੋਈ ਮੀਟਿੰਗ ’ਚ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਮਕਸਦ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿਤੀਆਂ ਹਨ। ਮੀਟਿੰਗ ’ਚ ਸੋਸ਼ਲ ਮੀਡੀਆ ’ਤੇ ਪਾਰਟੀ ਖਿਲਾਫ਼ ਚੱਲ ਰਹੇ ਪ੍ਰਚਾਰ ਠੱਲ੍ਹਣ ਲਈ ਵਿਸ਼ੇਸ਼ ਟੀਮ ਬਣਾਈ ਗਈ ਜੋ ਪਾਰਟੀ ਦੇ ਅਕਸ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਦਾ ਕੰਮ ਕਰੇਗੀ। ਪੰਜਾਬ ਪ੍ਰਧਾਨ ਨੇ ਅਕਾਲੀ ਦਲ ਦੇ ਉਸ ਬਿਆਨ ਦਾ ਖੰਡਨ ਕੀਤਾ ਹੈ, ਜਿਸ ਵਿਚ ਅਕਾਲੀ ਦਲ ਨੇ ਭਾਜਪਾ ’ਤੇ ਹਿੰਦੂ-ਸਿੱਖ ਸਾਂਝ ਨੂੰ ਖ਼ਤਮ ਕਰਨ ਦਾ ਦੋਸ਼ ਲਾਇਆ ਸੀ।
Farmers Unions
ਕਾਬਲੇਗੌਰ ਹੈ ਕਿ ਕਿਸਾਨ ਜਥੇਬੰਦੀਆਂ ਦੀਆਂ ਕੇਂਦਰ ਸਰਕਾਰ ਨੁਮਾਇੰਦਿਆਂ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਜਿਨ੍ਹਾਂ ਵਿਚ ਸੱਤਾਧਾਰੀ ਧਿਰ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਫ਼ਾਇਦੇ ਸਮਝਾਉਣ ’ਚ ਅਸਫ਼ਲ ਰਹੀ ਹੈ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦਾ ਸਪੱਸ਼ਟ ਸਟੈਂਡ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਘੋਖ ਚੁੱਕੇ ਹਨ। ਖੇਤ ਕਾਨੂੰਨਾਂ ’ਚ ਕਮੀਆਂ ਦੀ ਭਰਮਾਰ ਹੈ, ਜਿਸ ਕਾਰਨ ਇਨ੍ਹਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਖੇਤੀ ਕਾਨੂੰਨਾਂ ਵਿਚਲੀਆਂ ਖਾਮੀਆਂ ਨੂੰ ਦੂਰ ਕਰਨ ਦੀ ਸਰਕਾਰੀ ਸਹਿਮਤੀ ਬਾਰੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਵਿਚ ਗ਼ਲਤੀਆਂ ਦੀ ਭਰਮਾਰ ਹੈ ਜਿਨ੍ਹਾਂ ਦੀ ਸੋਧ ਤੋਂ ਬਾਅਦ ਕਾਨੂੰਨ ਦੇ ਅਰਥ ਹੀ ਬਦਲ ਜਾਣਗੇ। ਇਸ ਲਈ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈ ਕੇ ਦੁਬਾਰਾ ਤੋਂ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਕਾਨੂੰਨ ਬਣਾਵੇ।