
ਸੁਨੀਲ ਜਾਖੜ ਤੇ ਨਵਜੋਤ ਸਿੱਧੂ ਦੀ ਟਵਿੱਟਰ ਵਾਰ 'ਤੇ ਹਰੀਸ਼ ਚੌਧਰੀ ਬੋਲੇ, 'ਹਰ ਇੱਕ ਦਾ ਤਰੀਕਾ ਹੁੰਦਾ ਆਪਣੀ ਗੱਲ ਰੱਖਣ ਦਾ'
ਚੰਡੀਗੜ੍ਹ (ਅਮਨਪ੍ਰੀਤ ਕੌਰ): ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਵਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ। ਇਸ ਦੌਰਾਨ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਅੰਦਰ ਕਰਨ ਸਬੰਧੀ ਸੁਖਬੀਰ ਬਾਦਲ ਵਲੋਂ ਦਿੱਤੇ ਬਿਆਨ ਦਾ ਜਵਾਬ ਦਿੰਦਿਆਂ ਹਰੀਸ਼ ਚੌਧਰੀ ਨੇ ਕਿਹਾ ਕਿ ਉਹਨਾਂ ਕੋਲ ਸਿਰਫ ਗੱਲਾਂ ਹੀ ਹਨ ਪਰ ਸਾਡੇ ਕੋਲ ਸੋਚ ਅਤੇ ਕੰਮ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਬਰਗਾੜੀ ਅਤੇ ਨਸ਼ਿਆਂ ਦੇ ਮੁੱਦੇ ’ਤੇ ਕੰਮ ਕਰ ਰਹੀ ਹੈ।
Harish Chaudhary
ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਦੱਸਿਆ ਕਿ ਅੱਜ ਸਵੇਰੇ ਸਭ ਤੋਂ ਪਹਿਲਾਂ ਕੈਂਪੇਨ ਕਮੇਟੀ ਦੇ ਮੁਖੀ ਸੁਨਿਲ ਜਾਖੜ ਨਾਲ ਮੀਟਿੰਗ ਸੀ। ਇਸ ਤੋਂ ਬਾਅਦ ਨਵਜੋਤ ਸਿੱਧੂ ਅਤੇ ਕਈ ਜ਼ਿਲ੍ਹਾ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਗਈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਲਈ ਮਿਲ ਕੇ ਕੰਮ ਕੀਤਾ ਜਾਵੇਗਾ।
Sukhbir Badal
ਉਹਨਾਂ ਦੱਸਿਆ ਕਿ ਬੈਠਕ ਦੌਰਾਨ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਚਰਚਾ ਹੋ ਰਹੀ ਹੈ, ਜਦੋਂ ਸਭ ਫਾਈਨਲ ਹੋਵੇਗਾ ਤਾਂ ਉਹ ਸਾਰਿਆਂ ਸਾਹਮਣੇ ਰੱਖਿਆ ਜਾਵੇਗਾ। ਹਰੀਸ਼ ਚੌਧਰੀ ਨੇ ਕਿਹਾ ਕਿ ਇਹ ਕਾਂਗਰਸ ਹੈ, ਇਸ ਵਿਚ ਕਿਸੇ ਇਕ ਵਿਅਕਤੀ ਦਾ ਫੈਸਲਾ ਨਹੀਂ ਹੁੰਦਾ, ਇਸ ਵਿਚ ਸਾਰਿਆਂ ਦੀ ਸਾਂਝੀ ਰਾਇ ਲੈ ਕੇ ਫੈਸਲਾ ਲਿਆ ਜਾਂਦਾ ਹੈ।
Sunil Jakhar
ਉਹਨਾਂ ਕਿਹਾ ਇਹ ਭਾਜਪਾ ਨਹੀਂ ਕਿ ਜੋ ਮੋਦੀ ਨੇ ਕਹਿ ਦਿੱਤਾ ਉਹੀ ਸਹੀ ਹੈ ਜਾਂ ਸੁਖਬੀਰ ਬਾਦਲ ਦੀ ਅਕਾਲੀ ਦਲ ਨਹੀਂ, ਇਹ ਕਾਂਗਰਸ ਹੈ ਇਸ ਵਿਚ ਸਾਰਿਆਂ ਨਾਲ ਚਰਚਾ ਕਰਕੇ ਫੈਸਲਾ ਲਿਆ ਜਾਂਦਾ ਹੈ। ਸੁਨੀਲ ਜਾਖੜ ਅਤੇ ਨਵਜੋਤ ਸਿੱਧੂ ਦੀ ਟਵਿੱਟਰ ਵਾਰ 'ਤੇ ਹਰੀਸ਼ ਚੌਧਰੀ ਨੇ ਕਿਹਾ ਕਿ ਕਾਂਗਰਸ ਵਿਚ ਸਭ ਕੁਝ ਠੀਕ ਹੈ। ਉਹਨਾਂ ਕਿਹਾ ਕਿ ਹਰ ਇੱਕ ਦਾ ਆਪਣੀ ਗੱਲ ਰੱਖਣ ਦਾ ਤਰੀਕਾ ਹੁੰਦਾ ਹੈ।