
ਬੀਕਾਨੇਰ ਵਿੱਚ ਪਾਈਪ ਦੇ ਅੰਦਰ ਇੱਕ ਉੱਲੂ ਦੇ ਅੱਖ ਮਾਰਦੇ ਹੋਏ ਦਾ ਸ਼ਾਟ ਕੀਤਾ ਆਪਣੇ ਕੈਮਰੇ ਵਿੱਚ ਕੈਦ
ਜਲੰਧਰ: ਜਲੰਧਰ ਸ਼ਹਿਰ ਦੇ ਰਹਿਣ ਵਾਲੇ 15 ਸਾਲਾ ਅਰਸ਼ਦੀਪ ਸਿੰਘ ਨੇ ਕਾਮੇਡੀ ਵਾਈਲਡਲਾਈਫ ਫੋਟੋਗ੍ਰਾਫੀ ਐਵਾਰਡਜ਼ 2022 ਦੇ ਜੂਨੀਅਰ ਵਰਗ ਵਿੱਚ ‘ਜੂਨੀਅਰ ਐਵਾਰਡ’ ਜਿੱਤਿਆ ਹੈ। ਉਸ ਨੇ ਆਪਣੀ ਫੋਟੋ ਆਈਸੀਯੂ ਬੁਆਏ ਲਈ ਐਵਾਰਡ ਜਿੱਤਿਆ ਹੈ। ਵਾਈਲਡ ਲਾਈਫ ਫੋਟੋਗ੍ਰਾਫ਼ਰਾਂ ਲਈ ਆਯੋਜਿਤ ਇਸ ਮੁਕਾਬਲੇ ਵਿੱਚ ਦੁਨੀਆ ਭਰ ਦੇ ਵਾਈਲਡ ਲਾਈਫ ਫੋਟੋਗ੍ਰਾਫਰ ਹਿੱਸਾ ਲੈਂਦੇ ਹਨ। ਇਸ ਮੁਕਾਬਲੇ ਵਿੱਚ ਦੁਨੀਆ ਭਰ ਦੀਆਂ 40 ਤਸਵੀਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ।
ਅਰਸ਼ਦੀਪ ਇਸ ਤੋਂ ਪਹਿਲਾਂ ਵੀ ਕਈ ਮੁਕਾਬਲਿਆਂ ਵਿੱਚ ਭਾਗ ਲੈ ਕੇ ਇਨਾਮ ਜਿੱਤ ਚੁੱਕਾ ਹੈ। ਰਣਦੀਪ ਸਿੰਘ ਦੇ ਬੇਟੇ ਅਰਸ਼ਦੀਪ ਜੂਨੀਅਰ ਨੇ ਵੀ ਏਸ਼ੀਅਨ ਵਾਈਲਡਲਾਈਫ ਫੋਟੋਗ੍ਰਾਫਰ ਆਫ ਦਿ ਈਅਰ 2021 ਅਵਾਰਡ ਜਿੱਤਿਆ ਹੈ। ਉਸ ਦੀ ਦੂਜੀ ਫੋਟੋ ਨੂੰ ਜੂਨੀਅਰ ਵਰਗ ਵਿੱਚ ਉੱਚ ਸਨਮਾਨਤ (ਰਨਰ ਅੱਪ) ਐਲਾਨਿਆ ਗਿਆ।
ਅਰਸ਼ਦੀਪ ਸਿੰਘ ਨੇ ਨੈਚੁਰਲ ਹਿਸਟਰੀ ਮਿਊਜ਼ੀਅਮ, ਲੰਡਨ ਵੱਲੋਂ ਕਰਵਾਏ ਗਏ ਸਾਲਾਨਾ ਮੁਕਾਬਲੇ ਵਿੱਚ ਸਾਲ 2018 ਦਾ ਵਰਲਡ ਵਾਈਲਡ ਲਾਈਫ ਫੋਟੋਗ੍ਰਾਫਰ ਆਫ਼ ਦਾ ਈਅਰ (ਅੰਡਰ 11) ਐਵਾਰਡ ਜਿੱਤਿਆ। ਉਹ ਅਕਸਰ ਆਪਣੇ ਪਿਤਾ ਨਾਲ ਬਰਡ ਫੋਟੋਗ੍ਰਾਫੀ ਵੀ ਕਰਦਾ ਹੈ। ਉਸ ਦੀਆਂ ਤਸਵੀਰਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਕਾਸ਼ਨਾਂ - ਲੋਨਲੀ ਪਲੈਨੇਟ ਯੂਕੇ, ਲੋਨਲੀ ਪਲੈਨੇਟ ਜਰਮਨੀ, ਲੋਨਲੀ ਪਲੈਨੇਟ ਇੰਡੀਆ, ਬੀਬੀਸੀ ਵਾਈਲਡਲਾਈਫ ਯੂਕੇ ਅਤੇ ਦੁਨੀਆ ਭਰ ਦੇ ਵੱਖ-ਵੱਖ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪੀਆਂ ਹਨ।
ਅਰਸ਼ਦੀਪ ਸਿੰਘ ਨੇ ਕਾਮੇਡੀ ਫੋਟੋਗ੍ਰਾਫੀ ਵਿੱਚ ਜੂਨੀਅਰ ਸ਼੍ਰੇਣੀ ਵਿੱਚ ਐਵਾਰਡ ਜਿੱਤਿਆ ਹੈ। ਉਸ ਨੇ ਬੀਕਾਨੇਰ ਵਿੱਚ ਪਾਈਪ ਦੇ ਅੰਦਰ ਇੱਕ ਉੱਲੂ ਦੇ ਅੱਖ ਮਾਰਦੇ ਹੋਏ ਦਾ ਸ਼ਾਟ ਆਪਣੇ ਕੈਮਰੇ ਵਿੱਚ ਕੈਦ ਕੀਤਾ ਸੀ। ਭਾਰਤ ਦੇ ਜਗਦੀਪ ਰਾਜਪੂਤ ਦੁਆਰਾ ਖਿੱਚੀ ਗਈ ਇੱਕ ਭਾਰਤੀ ਸਰਸ ਕਰੇਨ(Saras Crane ) ਵੱਲੋਂ ਇੱਕ ਨੀਲਗਾਈ(Nilgai) ‘ਤੇ ਪਿੱਛੇ ਤੋਂ ਹਮਲਾ ਕਰਨ ਦੀ ਤਸਵੀਰ ਨੂੰ ‘ਬਹੁਤ ਸ਼ਲਾਘਾਯੋਗ ਜੇਤੂਆਂ’ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਫੋਟੋ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਜਿਵੇਂ ਕੋਈ ਉੱਡਣ ਵਾਲਾ ਘੋੜਾ ਹੋਵੇ।
3 ਦਸੰਬਰ 2007 ਨੂੰ ਜਨਮੇ ਅਰਸ਼ਦੀਪ ਨੂੰ 5 ਸਾਲ ਦੀ ਉਮਰ 'ਚ ਵਾਈਲਡ ਲਾਈਫ ਫੋਟੋਗ੍ਰਾਫੀ ਦਾ ਸ਼ੌਕ ਪੈ ਗਿਆ। ਉਸ ਨੇ ਦੱਸਿਆ ਕਿ ਉਹ ਤਿੰਨ ਸਾਲ ਦਾ ਸੀ ਜਦੋਂ ਉਸ ਦੇ ਪਿਤਾ ਉਸ ਨੂੰ ਆਪਣੇ ਨਾਲ ਫੋਟੋਗ੍ਰਾਫੀ 'ਤੇ ਲੈ ਕੇ ਜਾਂਦੇ ਸਨ। ਫਿਰ ਉਹ ਆਪਣੇ ਕੈਮਰੇ ਵੱਲ ਦੇਖਦਾ। ਪੰਜ ਸਾਲ ਦੀ ਉਮਰ ਵਿੱਚ, ਉਸਦੇ ਪਿਤਾ ਨੇ ਉਸਨੂੰ ਉਸਦੇ ਜਨਮਦਿਨ 'ਤੇ ਆਪਣਾ ਪਹਿਲਾ ਕੈਮਰਾ ਗਿਫਟ ਕੀਤਾ ਸੀ। ਹੌਲੀ-ਹੌਲੀ ਉਸ ਨੇ ਕੈਮਰਾ ਸਿੱਖ ਕੇ ਫੋਟੋਗ੍ਰਾਫੀ ਸ਼ੁਰੂ ਕਰ ਦਿੱਤੀ। ਅਰਸ਼ਦੀਪ ਦੱਸਦਾ ਹੈ ਕਿ ਉਹ ਫੋਟੋਗ੍ਰਾਫੀ ਦੇ ਨਾਲ-ਨਾਲ ਆਪਣੀ ਪੜ੍ਹਾਈ ਵੱਲ ਵੀ ਪੂਰਾ ਧਿਆਨ ਦਿੰਦਾ ਹੈ। ਉਹ ਫੋਟੋਗ੍ਰਾਫੀ ਲਈ ਵੀਕਐਂਡ 'ਤੇ ਯਾਤਰਾ ਕਰਦਾ ਹੈ।