
ਹਲਕਾ ਫਤਿਹਗੜ੍ਹ ਸਾਹਿਬ ਸਮੇਤ ਪੂਰੇ ਜ਼ਿਲੇ ਵਿਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ......
ਫਤਿਹਗੜ੍ਹ ਸਾਹਿਬ : ਹਲਕਾ ਫਤਿਹਗੜ੍ਹ ਸਾਹਿਬ ਸਮੇਤ ਪੂਰੇ ਜ਼ਿਲੇ ਵਿਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ, ਜਿਨ੍ਹਾਂ ਤਹਿਤ ਕਰੀਬ 133 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਹੈ। ਸਰਹਿੰਦ-ਫਤਿਹਗੜ੍ਹ ਸਾਹਿਬ ਵਿਖੇ 92.88 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 100 ਕਿਲੋਮੀਟਰ ਸੀਵਰੇਜ ਪਾਈਪਾਂ ਪਾਈਆਂ ਜਾ ਰਹੀਆਂ ਹਨ। ਇਸ ਪ੍ਰੋਜੈਕਟ ਤਹਿਤ 2 ਮੁੱਖ ਪਪਿੰਗ ਸਟੇਸ਼ਨ ਅਤੇ 3 ਐਸ.ਟੀ.ਪੀ ਬਣਾਏ ਜਾਣੇ ਹਨ। ਇਸ ਪ੍ਰੋਜੈਕਟ ਨਾਲ 12 ਹਜ਼ਾਰ ਘਰਾਂ ਨੂੰ ਲਾਭ ਮਿਲੇਗਾ।
MLA Kuljeet Singh Nagra
ਇਹ ਜਾਣਕਾਰੀ ਦਿੰਦਿਆਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਜਿਸ-ਜਿਸ ਥਾਂ ਸੀਵਰੇਜ ਪਾਉਣ ਦਾ ਕੰਮ ਮੁਕੰਮਲ ਹੁੰਦਾ ਜਾ ਰਿਹਾ ਹੈ, ਉਥੇ ਨਾਲ ਦੀ ਨਾਲ ਗਲੀਆਂ ਪੱਕੀਆਂ ਕਰਨ ਦਾ ਕੰਮ ਵੀ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ। ਵਿਧਾਇਕ ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਕਾਰਜਾਂ ਨੂੰ ਤਰਜੀਹ ਦੇ ਰਹੀ ਹੈ ਅਤੇ ਵਿਕਾਸ ਸਬੰਧੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕੁਦਰਤੀ ਨਿਕਾਸੀ ਸਾਧਨਾਂ ਦੀ ਸਾਫ-ਸਫਾਈ ਤੇ ਸੰਭਾਲ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਪਾਣੀ ਦੀ ਨਿਕਾਸੀ ਸਬੰਧੀ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਗੱਲ ਨੂੰ ਧਿਆਨ ਵਿਚ ਰੱਖਦਿਆਂ ਕਰੀਬ ਸਾਢੇ ਪੰਜ ਕਰੋੜ ਦੀ ਲਾਗਤ ਨਾਲ ਸਰਹਿੰਦ ਚੋਅ ਦੀ ਮਜ਼ਬੂਤੀ ਅਤੇ ਸੁੰਦਰੀਕਰਨ ਦਾ ਕੰਮ ਕਰਵਾਇਆ ਜਾ ਰਿਹਾ ਹੈ।
ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੱਸੀ ਪਠਾਣਾਂ ਵਿਖੇ ਕਰੀਬ 41 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 32 ਕਿਲੋਮੀਟਰ ਸੀਵਰੇਜ ਪਾਈਪਾਂ ਪਾਈਆਂ ਜਾ ਰਹੀਆਂ ਹਨ। ਇਸ ਪ੍ਰੋਜੈਕਟ ਅਧੀਨ 2 ਪਪਿੰਗ ਸਟੇਸ਼ਨ, 2 ਐਸ.ਟੀ.ਪੀ. ਬਣਾਏ ਜਾ ਰਹੇ ਹਨ ਤੇ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ 'ਤੇ 4800 ਤੋਂ ਵੱਧ ਘਰਾਂ ਨੂੰ ਸੀਵਰੇਜ ਕੁਨੈਕਸ਼ਨ ਦਿਤੇ ਜਾਣਗੇ। ਇਸੇ ਤਰ੍ਹਾਂ ਅਮਲੋਹ ਵਿਖੇ ਕਰੀਬ ਸਾਢੇ ਗਿਆਰਾਂ ਕਰੋੜ ਦੀ ਲਾਗਤ ਨਾਲ 30 ਕਿਲੋਮੀਟਰ ਸੀਵਰੇਜ ਪਾਈਪਾਂ ਪਾਈਆਂ ਗਈਆਂ ਹਨ।