
ਸੁਖਪਾਲ ਸਿੰਘ ਖਹਿਰਾ ਨੇ ਘੱਟ ਗਿਣਤੀਆਂ ਪ੍ਰਤੀ ਦੋਹਰੇ ਮਾਪਦੰਡ ਅਪਨਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਉਪਰ ਸ਼ਬਦੀ ਹਮਲਾ ਕੀਤਾ।
ਚੰਡੀਗੜ੍ਹ(ਨੀਲਭਲਿੰਦਰ ਸਿੰਘ) : ਇਕ ਬਿਆਨ ਜਾਰੀ ਕਰਦੇ ਹੋਏ ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਘੱਟ ਗਿਣਤੀਆਂ ਪ੍ਰਤੀ ਦੋਹਰੇ ਮਾਪਦੰਡ ਅਪਨਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਉਪਰ ਸ਼ਬਦੀ ਹਮਲਾ ਕੀਤਾ।
ਖਹਿਰਾ ਨੇ ਕਿਹਾ ਕਿ ਘੱਟ ਗਿਣਤੀਆਂ ਨਾਲ ਹੋ ਰਹੀਆਂ ਵਧੀਕੀਆਂ ਦਾ ਮੁੱਦਾ ਉਠਾ ਕੇ ਬਾਦਲ ਅਪਣੇ ਦਸ ਸਾਲਾਂ ਦੇ ਸਾਸ਼ਨ ਦੌਰਾਨ ਸਿੱਖ ਵਿਰੋਧੀ ਕਾਰਿਆਂ ਕਾਰਨ ਸਿੱਖ ਕੌਮ ਵਿਚ ਅਪਣੇ ਗੁਆਚੇ ਹੋਏ ਅਕਸ ਨੂੰ ਮੁੜ ਬਹਾਲ ਕਰਨਾ ਚਾਹੁੰਦੇ ਹਨ ਅਤੇ ਨਾਲ ਹੀ ਭਾਜਪਾ ਉੱਪਰ ਅਕਾਲੀ ਦਲ ਨਾਲੋਂ ਗਠਜੋੜ ਨਾ ਤੋੜਣ ਦਾ ਦਬਾਅ ਬਣਾਉਣਾ ਚਾਹੁੰਦੇ ਹਨ।
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਇਕਦਮ ਘੱਟ ਗਿਣਤੀਆਂ ਦੀ ਸੁਰੱਖਿਆ ਪ੍ਰਤੀ ਜਾਗਰੂਕ ਕਿਵੇਂ ਹੋ ਗਏ ਜਦ ਕਿ ਉਹਨਾਂ ਦੀ ਪਾਰਟੀ ਹਾਲ ਹੀ ਵਿੱਚ ਜੰਮੂ ਕਸ਼ਮੀਰ ਵਿਚੋਂ ਆਰਟੀਕਲ 370 ਨੂੰ ਰੱਦ ਕੀਤੇ ਜਾਣ ਦੇ ਹੱਕ ਵਿਚ ਭੁਗਤੀ ਸੀ?
ਉਨ੍ਹਾਂ ਸ. ਬਾਦਲ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਅਤੇ ਉਪਰੰਤ ਬਹਿਬਲ ਕਲਾਂ ਪੁਲਿਸ ਫ਼ਾਇਰਿੰਗ ਵਿਚ ਮਾਰੇ ਗਏ ਦੋ ਸਿੱਖਾਂ ਅਤੇ ਉਹਨਾਂ ਦੇ ਸਿੱਖ ਵਿਰੋਧੀ ਕਾਰਿਆਂ ਨੂੰ ਸਿੱਖ ਕੌਮ ਹਾਲੇ ਭੁਲੀ ਨਹੀਂ ਹੈ। ਸ. ਖਹਿਰਾ ਨੇ ਪ੍ਰਕਾਸ਼ ਸਿੰਘ ਬਾਦਲ 'ਤੇ ਦੋਸ਼ ਲਗਾਇਆ ਕਿ 2012 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਠਿੰਡਾ ਸੈਸ਼ਨ ਕੋਰਟ ਵਿਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਵਿਰੁਧ ਬੇਅਦਬੀ ਦਾ ਮਾਮਲਾ ਖ਼ਤਮ ਕਿਉਂ ਕੀਤਾ ਗਿਆ?
ਖਹਿਰਾ ਨੇ ਬਾਦਲ ਨੂੰ ਚੁਣੌਤੀ ਦਿਤੀ ਕਿ ਉਹ ਸਪੱਸ਼ਟ ਕਰਨ ਕਿ 2015 ਵਿਚ ਡੇਰਾ ਮੁਖੀ ਨੂੰ ਮੁਆਫੀ ਦੇਣ ਲਈ ਜਥੇਦਾਰ ਅਕਾਲ ਤਖਤ ਸਾਹਿਬ ਉੱਪਰ ਦਬਾਅ ਕਿਉਂ ਬਣਾਇਆ ਗਿਆ? ਖਹਿਰਾ ਨੇ ਕਿਹਾ ਕਿ ਸ. ਬਾਦਲ ਅਤੇ ਉਹਨਾਂ ਦੀ ਜੁੰਡਲੀ ਸ਼ਰਾਰਤੀ ਢੰਗ ਨਾਲ ਘੱਟ ਗਿਣਤੀਆਂ ਦੇ ਮੁੱਦੇ ਉਠਾ ਕੇ ਮਗਰਮੱਛ ਦੇ ਹੰਝੂ ਵਹਾ ਰਹੇ ਹਨ ਤਾਂ ਕਿ ਸਿੱਖਾਂ ਵਿਚ ਡਿਗ ਰਹੀ ਅਪਣੀ ਸਾਖ਼ ਨੂੰ ਬਚਾ ਸਕਣ।