
3000 ਤੋਂ ਵੱਧ ਏਜੰਟਾਂ ਵਿਰੁਧ ਹਵਾਈ ਅੱਡਿਆਂ ’ਤੇ ਲੁਕਆਊਟ ਨੋਟਿਸ ਜਾਰੀ
ਚੰਡੀਗੜ੍ਹ : ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਬਾਅਦ ਵਾਪਸ ਆ ਰਹੇ ਪੰਜਾਬੀਆਂ ਦੇ ਮਾਮਲਿਆਂ ਦੀ ਗਿਣਤੀ ਨੂੰ ਦੇਖਦਿਆਂ ਪੰਜਾਬ ਸਰਕਾਰ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਵਲੋਂ ਇਨ੍ਹਾਂ ਮਾਮਲਿਆਂ ਨਾਲ ਜੁੜੇ ਗ਼ੈਰ ਕਾਨੂੰਨੀ ਟਰੈਵਲ ਏਜੰਟਾਂ ਵਿਰੁਧ ਵੱਡੀ ਕਾਰਵਾਈ ਦੀ ਤਿਆਰੀ ਵਿਚ ਹੈ।
ਮਿਲੀ ਜਾਣਕਾਰੀ ਮੁਤਾਬਕ ਅਜਿਹੇ ਟਰੈਵਲ ਏਜੰਟਾਂ ਦੇ ਦੇਸ਼ ਛੱਡ ਕੇ ਬਾਹਰ ਭੱਜ ਜਾਣ ਦੇ ਖਦਸ਼ਿਆਂ ਕਾਰਨ ਪੁਲਿਸ ਵਲੋਂ 3000 ਤੋਂ ਵੱਧ ਟਰੈਵਲ ਏਜੰਟਾਂ ਵਿਰੁਧ ਹਵਾਈ ਅੱਡਿਆਂ ’ਤੇ ਲੁਕਆਊਟ ਨੋਟਿਸ ਜਾਰੀ ਕਰਵਾਏ ਹਨ। ਵਰਨਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਹਦਾਇਤ ਬਾਅਦ ਪਹਿਲਾਂ ਹੀ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਵਲੋਂ ਏ.ਡੀ.ਜੀ.ਪੀ. ਪ੍ਰਵੀਨ ਕੁਮਾਰ ਸਿਨਹਾ ਦੀ ਅਗਵਾਈ ਹੇਠ ਚਾਰ ਮੈਂਬਰੀ ਐਸ.ਆਈ.ਟੀ. ਗਠਤ ਕਰ ਕੇ ਸਖ਼ਤ ਕਾਰਵਾਈ ਤੇ ਜਾਂਚ ਦੇ ਹੁਕਮ ਦਿਤੇ ਜਾ ਚੁੱਕੇ ਹਨ। ਹੁਣ ਤਕ ਐਸ.ਆਈ.ਟੀ. ਅਮਰੀਕਾ ਤੋਂ ਵਾਪਸ ਆਏ ਵਿਅਕਤੀਆਂ ਵਲੋਂ ਪ੍ਰਾਪਤ ਸ਼ਿਕਾਇਤਾ ਦੇ ਆਧਾਰ ’ਤੇ 10 ਐਫ਼.ਆਈ.ਆਰ ਦਰਜ ਕਰ ਚੁੱਕੀ ਹੈ ਅਤੇ ਇਕ ਮਾਮਲੇ ਵਿਚ ਪਟਿਆਲਾ ਵਿਚ ਟਰੈਵਲ ਏਜੰਟ ਦੀ ਗ੍ਰਿਫ਼ਤਾਰੀ ਵੀ ਹੋ ਚੁੱਕੀ ਹੈ। ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਹਾਲੇ ਬਹੁਤੇ ਲੋਕ ਏਜੰਟਾਂ ਵਿਰੁਧ ਸ਼ਿਕਾਇਤਾਂ ਦੇਣ ਤੋਂ ਝਿਜਕ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਪੁਲਿਸ ਕਾਰਵਾਈ ਬਾਅਦ ਏਜੰਟਾਂ ਤੋਂ ਪੈਸੇ ਵਾਪਸ ਕਰਵਾਉਣਾ ਔਖਾ ਹੋ ਜਾਵੇਗਾ।
ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਈ ਢਿੱਲ ਨਹੀਂ ਅਤੇ ਕਿਸੇ ਵੀ ਗ਼ੈਰ ਕਾਨੂੰਨੀ ਏਜੰਟ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਜਿਥੇ ਪੰਜਾਬ ਪੁਲਿਸ ਦੀ ਐਸ.ਆਈ.ਟੀ. ਅਗਲੇ ਦਿਨਾਂ ਵਿਚ ਗ਼ੈਰ ਕਾਨੂੰਨੀ ਤਰੀਕੇ ਨਾਲ ਨੌਜਵਾਨਾਂ ਤੋਂ ਲੱਖਾਂ ਰੁਪਏ ਬਟੋਰ ਕੇ ਅਮਰੀਕਾ ਭੇਜਣ ਵਾਲੇ ਏਜੰਟਾਂ ਵਿਰੁਧ ਵੱਡੀ ਕਾਰਵਾਈ ਕਰੇਗੀ ਅਤੇ ਇਸ ਕਾਰਵਾਈ ਵਿਚ ਨਸ਼ਾ ਤਸਕਰਾਂ ਦੀ ਤਰਜ਼ ਉਪਰ ਟਰੈਵਲ ਏਜੰਟਾਂ ਵਲੋਂ ਠੱਗੀ ਠੋਰੀ ਨਾਲ ਬਣਾਈ ਜਾਇਦਾਦ ਜ਼ਬਤ ਕੀਤੀ ਜਾਵੇਗੀ। ਭਾਵੇਂ ਕੇਂਦਰ ਸਰਕਾਰ ਦੀ ਰੀਪੋਰਟ ਮੁਤਾਬਕ ਪੰਜਾਬ ਵਿਚ 250 ਦੇ ਕਰੀਬ ਟਰੈਵਲ ਏਜੰਟ ਹੀ ਕਾਨੂੰਨੀ ਤੌਰ ’ਤੇ ਮਾਨਤਾ ਪ੍ਰਾਪਤ ਹਨ ਪਰ ਸੂਬੇ ਵਿਚ ਕੰਮ ਕਰ ਰਹੇ ਟਰੈਵਲ ਏਜੰਟਾਂ ਦੀ ਗਿਣਤੀ 7000 ਤੋਂ ਵੀ ਉਪਰ ਦਸੀ ਜਾ ਰਹੀ ਹੈ। ਪੰਜਾਬ ਪੁਲਿਸ ਦੀ ਐਸ.ਆਈ.ਟੀ. ਸਾਰੇ ਗ਼ੈਰ ਕਾਨੂੰਨੀ ਏਜੰਟਾਂ ਦੀ ਪਛਾਣ ਕਰਨ ਵਿਚ ਲੱਗੀ ਹੋਈ ਹੈ ਅਤੇ 700 ਤੋਂ ਵੱਧ ਦੀ ਪਛਾਣ ਕੀਤੀ ਜਾ ਚੁੱਕੀ ਹੈ। ਗ਼ੈਰ ਕਾਨੂੰਨੀ ਤਰੀਕੇ ਨਾਲ ਕੰਮ ਕਰਦੇ ਟਰੈਵਲ ਏਜੰਟਾਂ ਦਾ ਕੋਈ ਪੱਕਾ ਦਫ਼ਤਰ ਵੀ ਨਹੀਂ ਹੁੰਦਾ ਤੇ ਠੱਗੀ ਠੋਰੀ ਕਰ ਕੇ ਰੌਲਾ ਪੈਣ ਬਾਅਦ ਦਫ਼ਤਰ ਬਦਲ ਲੈਂਦੇ ਹਨ।