
ਭਾਰਤ ਦਾ ਇਸ ਲਾਂਘੇ ਪਿੱਛੇ ਮੰਤਵ ਸ਼ਾਂਤੀ ਦਾ ਅਤੇ ਪਾਕਿਸਤਾਨ ਦਾ ਮੰਤਵ ਭਾਰਤ ਦੀ ਸ਼ਾਂਤੀ ਵਿਚ ਵਿਘਨ ਪੈਦਾ ਕਰਨਾ
ਚੰਡੀਗੜ੍ਹ : ਚੰਡੀਗੜ੍ਹ ਵਿਖੇ ਅੱਗ ਹੋਈ ਪ੍ਰੈਸ ਕਾਨਫਰੰਸ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਦੇ ਸਵਾਲਾਂ ਦਾ ਉੱਤਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਇਰਾਦਿਆਂ ਉਤੇ ਅਜੇ ਵੀ ਸ਼ੱਕ ਹੈ। ਉਨ੍ਹਾਂ ਦੇ ਕਹਿਣ ਮੁਤਾਬਕ ਕਰਤਾਰਪੁਰ ਲਾਂਘਾ ਖੋਲ੍ਹਣ ਪਿੱਛੇ ਪਾਕਿਸਤਾਨ ਦੇ ਇਰਾਦੇ ਕੇਵਲ ਰਾਜਨੀਤਕ ਹਨ। ਉਹ ਇਨ੍ਹਾਂ ਇਰਾਦਿਆਂ ਨਾਲ ਸਿੱਖ ਭਾਵਨਾਵਾਂ ਨਾਲ ਖੇਡਣਾ ਚਾਹੁੰਦਾ ਹੈ। ਕੈਪਟਨ ਨੇ ਕਿਹਾ ਕਿ ਉਹ ਕਰਤਾਰਪੁਰ ਲਾਂਘੇ ਦੀ ਹੱਕ ਵਿਚ ਹਨ ਪਰ ਇਸ ਵਿਚ ਪਾਕਿਸਤਾਨ ਦੀ ਭੂਮਿਕਾ ਉਤੇ ਨਜ਼ਰ ਰੱਖਣੀ ਚਾਹੀਦੀ ਹੈ।
ਭਾਰਤ ਦਾ ਇਸ ਲਾਂਘੇ ਪਿੱਛੇ ਮੰਤਵ ਸ਼ਾਂਤੀ ਦਾ ਹੈ ਅਤੇ ਪਾਕਿਸਤਾਨ ਦਾ ਮੰਤਵ ਭਾਰਤ ਦੀ ਸ਼ਾਂਤੀ ਵਿਚ ਵਿਘਨ ਪੈਦਾ ਕਰਨਾ ਹੈ। ਉਨ੍ਹਾਂ ਰੈਫ਼ਰੈਂਡਮ 2020 ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਆਈਐਸਆਈ ਪੰਜਾਬ ਵਿਚ ਦਹਿਸ਼ਤਗਰਦੀ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦਾ ਅਸਰ ਪੂਰੇ ਦੇਸ਼ ਵਿਚ ਹੋ ਸਕਦਾ ਹੈ। ਜਿੱਥੇ ਇਕ ਪਾਸੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸਾਂਤੀ ਵਾਰਤਾ ਦੀ ਗੱਲ ਕਰਦੇ ਹਨ, ਉੱਥੇ ਹੀ ਆਰਮੀ ਚੀਫ਼ ਜਨਰਲ ਬਾਜਵਾ ਭੈੜੇ ਮਨਸੂਬਿਆਂ ਨੂੰ ਅੰਜਾਮ ਦੇਣ ’ਤੇ ਤੁਲਿਆ ਹੋਇਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਫੜੇ ਗਏ ਅਤਿਵਾਦੀਆਂ ਤੋਂ ਇਹ ਸਾਫ਼ ਜ਼ਾਹਰ ਹੁੰਦਾ ਹੈ। ਮਕਸੂਦਾਂ ਅਤੇ ਪਠਾਨਕੋਟ ਹਮਲਿਆਂ ਵਿਚ ਵਰਤੇ ਗਏ ਗ੍ਰੇਨੇਡ ਪਾਕਿਸਤਾਨੀ ਹੀ ਸਨ। ਕਰਤਾਰਪੁਰ ਲਾਂਘੇ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸਲਾਮਾਬਾਦ ਵਲੋਂ ਮਨਜ਼ੂਰੀ ਲਈ ਸ਼ਰਧਾਲੂਆਂ ਦੀ ਗਿਣਤੀ ਕਾਫ਼ੀ ਨਹੀਂ ਹੈ। ਪੰਜ ਹਜ਼ਾਰ ਸ਼ਰਧਾਲੂਆਂ ਦੀ ਗਿਣਤੀ ਰੋਜ਼ਾਨਾ ਦਰਸ਼ਨਾਂ ਲਈ ਕਾਫ਼ੀ ਨਹੀਂ ਹੋਵੇਗੀ ਅਤੇ ਇਹ ਘੱਟੋ ਘੱਟ 15 ਹਜ਼ਾਰ ਹੋਣੀ ਚਾਹੀਦੀ ਹੈ।
ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨਾਂ ਦੀਦਾਰਿਆਂ ਦੀ ਗੱਲ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਪਾਕਿਸਤਾਨ ਦੀ ਪਾਸਪੋਰਟ ਅਤੇ ਵੀਜ਼ੇ ਦੀ ਮੰਗ ਬੇਲੋੜੀ ਹੈ। ਇਹ ਲਾਂਘਾ ਦੋਹਾਂ ਪਾਸਿਆਂ ਤੋਂ ਸੁਰੱਖਿਅਤ ਹੋਵੇਗਾ, ਜਿਸ ਦੇ ਮੱਦੇਨਜ਼ਰ ਪਾਸਪੋਰਟ ਅਤੇ ਵੀਜ਼ੇ ਦੀ ਲੋੜ ਨਹੀਂ ਹੋਣੀ ਚਾਹੀਦੀ। ਉਨ੍ਹਾਂ ਮਾਲਵੇ ਦੇ ਇਲਾਕਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਇਲਾਕੇ ਦੇ 80 ਫ਼ੀ ਸਦੀ ਲੋਕਾਂ ਕੋਲ ਪਾਸਪੋਰਟ ਨਹੀਂ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਕੀ ਅਜਿਹੇ ਲੋਕ ਅਤੇ ਗਰੀਬ ਲੋਕ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਜਾਣਗੇ?