
ਵਿਦਿਆਰਥੀਆਂ ਨੂੰ ਸੋਸ਼ਲ ਸਟੱਡੀਜ਼ ਪ੍ਰਸ਼ਨ ਪੱਤਰ ਦੀ ਬਜਾਇ ਪੰਜਾਬੀ ਦੇ ਪ੍ਰਸ਼ਨ ਪੱਤਰ ਸੌਂਪੇ ਗਏ
ਪੰਜਾਬ- ਪੰਜਾਬ ਦੇ ਸਰਕਾਰੀ ਸਕੂਲਾਂ ਵਿਚ 8ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਦੇ ਦੌਰਾਨ ਕੁੱਝ ਸਕੂਲਾਂ ਦੇ ਵਿਦਿਆਰਥੀਆਂ ਨੂੰ 14 ਮਾਰਚ ਨੂੰ ਕਰਵਾਈ ਗਈ ਪ੍ਰੀਖਿਆ ਵਿਚ ਗਲਤ ਪ੍ਰਸ਼ਨ ਪੱਤਰ ਦਿੱਤੇ ਗਏ। ਵਿਦਿਆਰਥੀਆਂ ਨੂੰ ਸੋਸ਼ਲ ਸਟੱਡੀਜ਼ ਪ੍ਰਸ਼ਨ ਪੱਤਰ ਦੀ ਬਜਾਇ ਪੰਜਾਬੀ ਦੇ ਪ੍ਰਸ਼ਨ ਪੱਤਰ ਦਿੱਤੇ ਗਏ। ਇਹ ਘਟਨਾ ਲੁਧਿਆਣਾ ਜ਼ਿਲ੍ਹੇ ਦੇ ਛੇ ਪ੍ਰੀਖਿਆ ਕੇਂਦਰਾਂ ਵਿਚ ਅਤੇ ਫਰੀਦਕੋਟ ਜ਼ਿਲ੍ਹੇ ਦੇ ਕੁਝ ਕੇਂਦਰਾਂ ਵਿਚ ਹੋਈ।
ਜਿਵੇਂ ਹੀ ਬੱਚਿਆਂ ਨੇ ਇਸ ਗਲਤੀ ਬਾਰੇ ਦੱਸਿਆ ਤਾਂ ਉਸ ਸਮੇਂ ਹੀ ਪ੍ਰਸ਼ਨ ਪੱਤਰ ਇਕੱਠੇ ਕਰ ਲਏ ਗਏ ਅਤੇ ਕਾਫ਼ੀ ਪ੍ਰਸ਼ਨ ਪੱਤਰਾਂ ਦੀ ਘਾਟ ਹੋਣ ਕਾਰਨ ਸ਼ੋਸ਼ਲ ਸਟੱਡੀ ਦੇ ਸਵਾਲ ਬਲੈਕ ਬੋਰਡ ਤੇ ਲਿਖੇ ਗਏ ਸਨ। ਕੁੱਝ ਕੇਂਦਰਾਂ ਵਿਚ ਅਧਿਆਪਕਾਂ ਨੂੰ ਡਾਕ ਜਾਂ ਵਟਸਐੱਪ ਰਾਹੀਂ ਪ੍ਰਸ਼ਨ ਪੱਤਰ ਮਿਲ ਗਏ ਅਤੇ ਉਹਨਾਂ ਦੇ ਪ੍ਰਿੰਟ ਅਤੇ ਫੋਟੋ ਕਾਪੀਆਂ ਕਰਵਾਈਆਂ ਗਈਆਂ।
ਇੰਡੀਅਨ ਐਕਸਪ੍ਰੈਸ ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਦੇ ਨਿਰਦੇਸ਼ਕ ਇੰਦਰਜੀਤ ਸਿੰਘ ਨੇ ਦੱਸਿਆ ਕਿ ਪੈਕਟਾਂ ਦੇ ਲਫਾਫਿਆਂ 'ਤੇ ਗਲਤ ਲੇਬਲ ਦਿੱਤਾ ਗਿਆ ਸੀ ਅਤੇ ਪੰਜਾਬੀ ਦੇ ਪ੍ਰਸ਼ਨ ਪੱਤਰ ਵਾਲੇ ਪੈਕਟ ਤੇ ਸੋਸ਼ਲ ਸਟੱਡੀ ਦਾ ਲੇਬਲ ਦਿੱਤਾ ਗਿਆ ਸੀ। ਗਲਤੀ ਉਸ ਵਿਕ੍ਰੇਤਾ ਦੀ ਹੈ, ਜਿਸ ਨੇ ਪ੍ਰਸ਼ਨ ਪੱਤਰਾਂ ਨੂੰ ਪੈਕ ਕੀਤਾ ਸੀ ਅਤੇ ਸਕੂਲਾਂ ਨੂੰ ਵੰਡੇ ਸਨ, ਨਾ ਕਿ ਡਿਊਟੀ ਸਟਾਫ ਦੀ। ਇੰਦਰਜੀਤ ਸਿੰਘ ਨੇ ਕਿਹਾ "ਅਸੀਂ ਵਿਕਰੇਤਾ ਨੂੰ ਬਲੈਕਲਿਸਟ ਕਰਾਂਗੇ। ਪੰਜਾਬੀ ਦਾ ਨਵਾਂ ਪ੍ਰਸ਼ਨ ਪੱਤਰ ਤਿਆਰ ਕੀਤਾ ਗਿਆ ਹੈ। ਇਹ ਨਵਾਂ ਪੇਪਰ 19 ਮਾਰਚ ਨੂੰ ਹੋਣ ਵਾਲੀਆਂ ਪੰਜਾਬੀ ਪ੍ਰੀਖਿਆਵਾਂ ਲਈ ਤੈਅ ਕੀਤਾ ਗਿਆ ਹੈ ਕਿਉਂਕਿ ਇਹ 14 ਮਾਰਚ ਨੂੰ ਲੀਕ ਕੀਤਾ ਗਿਆ ਸੀ।''