
ਪਿਛਲੇ 5 ਸਾਲਾਂ 'ਚ ਫ਼ਲਾਈ ਓਵਰ ਤੋਂ ਇਲਾਵਾ ਨੰਗਲ ਦਾ ਕੋਈ ਕੰਮ ਨਾ ਹੋਣ ਦੀ ਮੰਨੀ ਗੱਲ
ਨੰਗਲ : ਪੰਜਾਬ 'ਚ ਲੋਕ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਹੀ ਚੋਣ ਮੈਦਾਨ ਭੱਖ ਚੁੱਕਾ ਹੈ। ਸਿਆਸੀ ਆਗੂਆਂ ਨੇ ਲੋਕਾਂ ਤਕ ਪਹੁੰਚ ਬਣਾਉਣ ਲਈ ਮੀਟਿੰਗਾਂ, ਰੈਲੀਆਂ, ਨੁੱਕੜ ਸਭਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਬੀਤੀ ਦੇਰ ਸ਼ਾਮ ਉਹ ਸਮਾਂ ਵੀ ਆ ਗਿਆ ਜਦੋਂ ਲੋਕ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਵਰਕਰਾਂ ਨੂੰ ਦਰਸ਼ਨ ਹੋਏ। ਜਿਹੜੀ ਕੋਠੀ ਪਿਛਲੇ 5 ਸਾਲਾਂ ਵਿਚ ਉਦਘਾਟਨ ਤੋਂ ਬਾਅਦ ਵਰਕਰਾਂ ਲਈ ਖੁੱਲ੍ਹੀ ਨਹੀਂ ਵੇਖੀ ਸੀ, ਉਸ ਦੇ ਜਿੰਦਰੇ ਵੀ ਖੁੱਲ੍ਹ ਗਏ ਅਤੇ ਚੰਦੂਮਾਜਰਾ ਸਾਹਿਬ ਦੇ ਵਰਕਰਾਂ ਨੂੰ ਦਰਸ਼ਨ ਵੀ ਹੋ ਗਏ।
Pro. Chandumajra during election campaign
ਨੰਗਲ ਦੇ ਲੋਕਾਂ 'ਚ ਚਰਚਾ ਸੀ ਕਿ ਪ੍ਰੋ. ਚੰਦੂਮਾਜਰਾ ਨੰਗਲ ਦੇ ਲੋਕਾਂ ਕੋਲੋਂ ਕਿਹੜੇ ਕੰਮ ਗਿਣਵਾ ਕੇ ਵੋਟਾਂ ਮੰਗਣਗੇ। ਪ੍ਰੋ. ਚੰਦੂਮਾਜਰਾ ਨੇ ਬੀਤੀ ਸ਼ਾਮ ਨੰਗਲ 'ਚ ਚੋਣ ਰੈਲੀ ਕੀਤੀ। ਇਸ ਦੌਰਾਨ ਪ੍ਰੋ. ਚੰਦੂਮਾਜਰਾ ਦੇ ਸੰਬੋਧਨ ਤੋਂ ਪਹਿਲਾਂ ਭਾਜਪਾ ਆਗੂ ਆਪ ਹੀ ਮਾਫ਼ੀਆਂ ਮੰਗਣ ਲੱਗ ਪਏ ਕਿ ਨੰਗਲ ਵਿਚ ਚੰਦੂਮਾਜਰਾ ਸਾਹਿਬ ਵਰਕਸ਼ਾਪ ਨਹੀਂ ਚਲਾ ਸਕੇ, ਐਨ.ਐਫ਼ ਐਲ. ਦਾ ਐਕਟੈਸ਼ਨ ਨਹੀਂ ਕਰਵਾ ਸਕੇ, ਸ਼ਹਿਰ ਦੇ ਭਖਦੇ ਲੀਜ਼ ਦੇ ਮਸਲੇ ਦਾ ਹੱਲ ਨਹੀਂ ਕਰਵਾ ਸਕੇ, ਪਰ ਇਸ ਵਾਰ ਇਨ੍ਹਾਂ ਨੇ ਫਿਰ ਜਿੱਤ ਜਾਣਾ ਅਤੇ ਇਹ ਸਾਰੇ ਮਸਲੇ ਹੱਲ ਕਰਵਾ ਦੇਣਗੇ। ਇਕ ਭਾਜਪਾ ਆਗੂ ਨੇ ਲੰਮੀ ਫੜ ਮਾਰਦਿਆਂ ਕਿਹਾ ਜੇ ਇਸ ਵਾਰ ਜਿੱਤ ਕੇ ਵੀ ਇਨ੍ਹਾਂ ਨੇ ਕੰਮ ਨਾ ਕਰਵਾਏ ਤਾਂ ਇਨ੍ਹਾਂ ਦੀ ਗਿੱਚੀ ਮੈਂ ਫੜ੍ਹ ਲੈਣੀ ਅਤੇ ਛਿੱਤਰ ਤੁਹਾਡੇ ਹੋਣੇ। ਇਨ੍ਹਾਂ ਕਹਿਣਾ ਸੀ ਕਿ ਸਾਰੇ ਲੋਕ ਇਕ ਦੂਸਰੇ ਦਾ ਮੂੰਹ ਵੇਖਣ ਲੱਗ ਪਏ, ਪਰ ਚੰਦੂਮਾਜਰਾ ਸਾਹਿਬ ਦੇ ਮੱਥੇ 'ਤੇ ਸ਼ਿਕਨ ਨਾ ਆਈ ਕਿਉਂਕਿ ਉਨ੍ਹਾਂ ਤਾਂ ਵੋਟਾਂ ਲੈਣੀਆਂ ਸਨ।
Pro. Chandumajra during election campaign-2
ਇਸ ਤੋਂ ਬਾਅਦ ਪ੍ਰੋ. ਚੰਦੂਮਾਜਾਰਾ ਨੇ ਆਪਣੀ ਹੀ ਪਾਰਟੀ ਦੇ ਗੱਪਾਂ ਦੇ ਸਮਰਾਟ ਮੰਨੇ ਜਾਂਦੇ ਇਕ ਆਗੂ ਨੂੰ ਵੀ ਪਿੱਛੇ ਛੱਡ ਦਿੱਤਾ ਅਤੇ ਰੱਜ ਕੇ ਗੱਪਾਂ ਮਾਰੀਆਂ। ਉਨ੍ਹਾਂ ਆਪ ਹੀ ਮੰਨਿਆ ਕਿ ਇਹ ਸਾਰੇ ਕੰਮ ਮੈਂ ਨਹੀਂ ਕਰਵਾ ਸਕਿਆ ਅਤੇ ਹੁਣ ਮੇਰੀ ਮੋਦੀ ਸਾਹਿਬ ਨਾਲ ਗੱਲ ਹੋ ਗਈ ਹੈ। ਮੋਦੀ ਨੇ ਮੈਨੂੰ ਕਿਹਾ ਹੈ, "ਜੇ ਤੂੰ ਜਿੱਤ ਕੇ ਆ ਜਾਵੇ ਤਾਂ ਤੈਨੂੰ ਮੈਂ ਵਜੀਰ ਬਣਾ ਦੇਣਾ ਹੈ ਅਤੇ ਮੈਂ ਮਹਿਕਮਾ ਵੀ ਓਹੀ ਲੈਣਾ ਹੈ ਜਿਸ ਵਿੱਚ ਲੀਜ਼ ਆਉਂਦੀ ਹੋਵੇ।" ਚੰਦੂਮਾਜਰਾ ਨੇ ਇਹ ਗੱਲ ਕਿਤੇ ਵੀ ਨਾ ਕੀਤੀ ਕਿ ਪਹਿਲਾਂ ਉਹ 5 ਸਾਲ 'ਚ ਨੰਗਲ ਕਿਉਂ ਨਹੀਂ ਆਏ, ਪਹਿਲਾਂ ਉਨ੍ਹਾਂ ਨੂੰ ਨੰਗਲ ਦੇ ਬੇਰੁਜ਼ਗਾਰ ਨਜ਼ਰ ਕਿਉਂ ਨਹੀਂ ਆਏ ਅਤੇ ਜੇ ਅੱਜ ਚੋਣਾਂ ਵਿਚ ਨਜ਼ਰੀ ਪਏ ਵੀ ਤਾਂ ਉਹ ਸ਼ਰਤ 'ਤੇ ਵੋਟਾਂ ਲੈਣ ਤੋਂ ਬਾਅਦ ਕੰਮ ਕਰਨ ਦੀ ਗੱਲ ਕਹੀ।
Buklet distributed by Pro. Chandumajra during election campaign
ਜੇ ਇਹ ਕਹਿ ਲਈਏ ਕਿ ਪ੍ਰੋ. ਚੰਦੂਮਾਜਰਾ ਨੰਗਲ ਦੇ ਲੋਕਾਂ ਨੂੰ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਵਿਖਾ ਕੇ ਚਲੇ ਗਏ ਤਾਂ ਇਹ ਕੋਈ ਅੱਤਕਥਨੀ ਨਹੀਂ ਹੋਵੇਗੀ। ਇਥੇ ਹੀ ਬੱਸ ਨਹੀਂ, ਚੰਦੂਮਾਜਰਾ ਵਲੋਂ ਇਕ ਕਿਤਾਬਚਾ ਵੀ ਵੰਡਿਆ ਗਿਆ ਜਿਸ ਵਿਚ ਸਿਵਾਏ ਫ਼ਲਾਈਓਵਰ ਬਣਾਉਣ ਤੋਂ ਨੰਗਲ ਦਾ ਕੋਈ ਵੀ ਕੰਮ ਕਰਵਾਉਣ ਦਾ ਜ਼ਿਕਰ ਨਹੀਂ ਸੀ।