
ਭਾਰਤ-ਪਾਕਿ ਸਰਹੱਦ ਤੋਂ 50 ਕਰੋੜ ਦੀ ਹੈਰੋਇਨ ਬਰਾਮਦ
ਅੰਮ੍ਰਿਤਸਰ, 16 ਅਪ੍ਰੈਲ (ਕਿਸ਼ਨ ਸਿੰਘ ਦੁਸਾਂਝ/ਜਗਤਾਰ ਮਾਹਲਾ): ਬੀਤੀ ਰਾਤ ਪਕਿਸਤਾਨੀ ਨਸ਼ਾ ਤਸਕਰਾਂ ਵਲੋਂ ਭਾਰਤ-ਪਾਕਿ ਸਰਹੱਦ ਕੰਡਿਆਲੀ ਤਾਰ ਦੇ ਪਾਰ ਪਾਕਿਸਤਾਨ ਵਾਲੇ ਪਾਸਿਉਂ ਭਾਰਤ ਸਰਹੱਦ ਵਿਚ ਹੈਰੋਇਨ ਲਿਫ਼ਾਫ਼ਿਆਂ ਵਿਚ ਭਰ ਕੇ ਸੁੱਟੇ ਜਾਣ ਦਾ ਸਮਾਚਾਰ ਹੈ। ਜਿਸ ਨੂੰ ਅੱਜ ਤੜਕਸਾਰ ਬੀਐਸਐਫ਼ ਦੀ 22ਵੀਂ ਬਟਾਲੀਅਨ ਰਾਮਤੀਰਥ ਦੇ ਅਧਿਕਾਰਤ ਖੇਤਰ ਵਾਲੀ ਬੀ.ਓ.ਪੀ. ਫ਼ਤਿਹਪੁਰ ਦੇ ਕਮਾਂਡਰ ਐਸ.ਐਨ ਮਿਸ਼ਰਾ ਦੀ ਅਗਵਾਈ ਵਿਚ ਏਐਸਆਈ ਰੋਸ਼ਨ ਲਾਲ ਦੀ ਗਸ਼ਤ ਪਾਰਟੀ ਵਲੋਂ ਬਰਾਮਦ ਕਰ ਲਿਆ ਗਿਆ ਹੈ। heroin
ਸੂਤਰਾਂ ਮੁਤਾਬਕ ਹੈਰੋਇਨ ਦੇ ਕੁੱਝ ਪੈਕਟ ਕੰਡਿਆਲੀ ਤਾਰ ਨਾਲ ਲਟਕ ਰਹੇ ਸਨ ਅਤੇ ਕੁੱਝ ਭਾਰਤੀ ਖੇਤਰ ਵਿਚ ਡਿੱਗੇ ਪਏ ਸਨ। ਇਨ੍ਹਾਂ ਹੈਰੋਇਨ ਦੇ ਭਰੇ ਪੈਕਟਾਂ ਦਾ ਵਜਨ 9.41 ਕਿਲੋਗ੍ਰਾਮ ਹੈ। ਜਿਸ ਦੀ ਕੀਮਤ ਲਗਭਗ 50 ਕਰੋੜ ਦੀ ਬਣਦੀ ਹੈ। ਇਸ ਸਬੰਧੀ ਕੋਈ ਗ੍ਰਿਫ਼ਤਰੀ ਨਹੀਂ ਹੋ ਸਕੀ। ਬੀਐਸਐਫ ਅਧਿਕਾਰੀਆਂ ਵਲੋਂ ਕਮਾਂਡੈਂਟ ਐਲ.ਕੇ ਵਾਲਡੇ ਦੀ ਦੇਖ ਰੇਖ ਹੇਠ ਹੈਰੋਇਨ ਦੇ ਇਨ੍ਹਾਂ ਪੈਕਟਾਂ ਨੂੰ ਸੀਲ ਕਰ ਕੇ ਉਚ ਅਧਿਕਾਰੀਆ ਨੂੰ ਸੌਂਪ ਦਿਤਾ ਗਿਆ ਹੈ।