
ਕੋਰੋਨਾ ਨਾਲ ਵਿੱਢੀ ਜੰਗ ਜਿੱਤਣ ਲਈ ਪੰਜਾਬ ਵਾਸੀ ਵੀ ਅੱਗੇ ਆਉਣ : ਚਾਹਲ
ਪਟਿਆਲਾ, 15 ਅਪ੍ਰੈਲ (ਤੇਜਿੰਦਰ ਫ਼ਤਿਹਪੁਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਸ. ਭਰਤਇੰਦਰ ਸਿੰਘ ਚਾਹਲ ਨੇ ਅੱਜ ਕੋਰੋਨਾਵਾਇਰਸ ਨਾਲ ਪੰਜਾਬ ਸਰਕਾਰ ਵਲੋਂ ਵਿੱਢੀ ਜੰਗ ਵਿਚ ਅਪਣਾ ਅਹਿਮ ਯੋਗਦਾਨ ਪਾਉਂਦਿਆਂ ਅਪਣੀ ਇਕ ਮਹੀਨੇ ਦੀ ਤਨਖ਼ਾਹ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਕੋਵਿਡ-19 ਵਿਚ ਦਾਨ ਦਿਤੀ ਹੈ। ਸ. ਚਾਹਲ ਨੇ ਸਮੂਹ ਪੰਜਾਬ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸੰਕਟ ਦੀ ਇਸ ਘੜੀ ਵਿਚ ਲੋਕ ਹਿਤ ਵਾਲੇ ਇਸ ਪੁੰਨ ਦੇ ਕਾਰਜ ਵਿਚ ਪੰਜਾਬ ਸਰਕਾਰ ਦਾ ਸਾਥ ਦਿੰਦਿਆਂ ਪੰਜਾਬ ਮੁੱਖ ਮੰਤਰੀ ਰਾਹਤ ਫ਼ੰਡ ਕੋਵਿਡ-19 ਵਿਚ ਦਾਨ ਦੇਣ ਲਈ ਅੱਗੇ ਆਉਣ ਤਾਕਿ ਸੂਬੇ ਦੇ ਲੋੜਵੰਦਾਂ ਨੂੰ ਰਾਹਤ ਪਹੁੰਚਾਈ ਜਾ ਸਕੇ।
File photo
ਸ. ਭਰਤਇੰਦਰ ਸਿੰਘ ਚਾਹਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ ਵਸਨੀਕਾਂ ਦੇ ਹਿਤਾਂ ਦੇ ਮੱਦੇਨਜ਼ਰ ਦੇਸ਼ ਭਰ 'ਚ ਸੱਭ ਤੋਂ ਪਹਿਲਾਂ ਪੰਜਾਬ ਵਿਚ ਕਰਫ਼ਿਊ ਲਾਉਣ ਦੇ ਕੀਤੇ ਫ਼ੈਸਲੇ ਦੀ ਭਰਵੀਂ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਨ ਉਮੀਦ ਹੈ ਕਿ ਪੰਜਾਬ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕੋਰੋਨਾਵਾਇਰਸ ਨੂੰ ਹਰਾਉਣ ਵਿਚ ਜ਼ਰੂਰ ਕਾਮਯਾਬ ਹੋਵੇਗਾ। ਸ. ਚਾਹਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੀ ਸਿਹਤ ਦੀ ਚਿੰਤਾ ਕਰਦਿਆਂ ਕੋਵਿਡ-19 ਦੀ ਮੋਹਾਲੀ ਅਤੇ ਜਲੰਧਰ ਤੋਂ ਰੈਪਿਡ ਟੈਸਟ ਕਰਨ ਵੀ ਫ਼ੈਸਲਾ ਲਿਆ ਹੈ ਤਾਕਿ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।