
ਚਾਰ ਸਾਲ ਪਹਿਲਾਂ ਜਿਨ੍ਹਾਂ ਮੁੱਦਿਆਂ ’ਤੇ ਸਰਕਾਰ ਬਣੀ ਉਹਨਾਂ ਮੁੱਦਿਆਂ ਸਬੰਧੀ ਅੱਜ ਵੀ ਲੋਕਾਂ ਦੇ ਮਨਾਂ ਵਿਚ ਸਵਾਲ- ਸਿੱਧੂ
ਚੰਡੀਗੜ੍ਹ: ਐਸਆਈਟੀ ਦੀ ਰਿਪੋਰਟ ਖਾਰਜ ਹੋਣ ਤੋੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਕੋਟਕਪੂਰਾ ਅਤੇ ਬੇਅਦਬੀ ਮਾਮਲੇ ਸਬੰਧੀ ਕਈ ਤਰ੍ਹਾਂ ਦੇ ਸਵਾਲ ਚੁੱਕੇ। ਕਾਂਗਰਸ ਆਗੂ ਨੇ ਕਿਹਾ ਕਿ ਪੰਜਾਬ ਦੇ ਲੋਕ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਇਨਸਾਫ ਦੀ ਉਡੀਕ ਵਿਚ ਹਨ। ਨਵਜੋਤ ਸਿੱਧੂ ਨੇ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਇਨਸਾਫ਼ ਦੇ ਸਭ ਤੋਂ ਅਹਿਮ ਮੁੱਦੇ 'ਤੇ ਅਣਗਿਹਲੀ ਕਿਉਂ ਵਰਤੀ ਜਾ ਰਹੀ ਹੈ?
Navjot Sidhu
ਉਹਨਾਂ ਕਿਹਾ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਸਰਕਾਰ ਬਣਾਈ ਸੀ, ਉਹਨਾਂ ਮੁੱਦਿਆਂ ਸਬੰਧੀ ਅੱਜ ਵੀ ਲੋਕਾਂ ਦੇ ਮਨਾਂ ਵਿਚ ਸਵਾਲ ਖੜ੍ਹੇ ਹਨ। ਨਵਜੋਤ ਸਿੱਧੂ ਕਿਹਾ ਕਿ 2017 'ਚ ਦੋ ਵੱਡੇ ਮੁੱਦਿਆਂ ਨੂੰ ਲੈ ਕੇ ਪੰਜਾਬ 'ਚ ਸਰਕਾਰ ਬਦਲੀ ਸੀ ਪਰ ਚਾਰ ਸਾਲਾਂ ਬਾਅਦ ਵੀ ਇਹ ਦੋਵੇਂ ਮੁੱਦੇ ਇਸੇ ਤਰ੍ਹਾਂ ਹੀ ਹਨ। ਲੋਕਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ।
Navjot Sidhu
ਨਸ਼ਿਆਂ ਦੇ ਮੁੱਦੇ ਬਾਰੇ ਗੱਲ ਕਰਦਿਆਂ ਸਿੱਧੂ ਨੇ ਕਿਹਾ ਕਿ ਚਿੱਟੇ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਐਸਟੀਐਫ ਦੀ ਸਥਾਪਨਾ ਹੋਈ। ਇਕ ਇਮਾਨਦਾਰ ਅਫ਼ਸਰ ਬੁਲਾਇਆ ਗਿਆ ਤੇ ਕਰੋੜਾਂ ਰੁਪਏ ਖਰਚੇ ਗਏ। ਰਿਪੋਰਟ ਬਣਾ ਕੇ ਸਬੂਤ ਦੇ ਨਾਲ ਦੋਸ਼ੀਆਂ ਦੇ ਨਾਮ ਪੇਸ਼ ਕੀਤੇ ਗਏ ਤੇ ਰਿਪੋਰਟ ਹਾਈ ਕੋਰਟ ਨੂੰ ਸੌਂਪੀ ਗਈ। ਹਾਈ ਕੋਰਟ ਨੇ ਰਿਪੋਰਟ ਸਰਕਾਰ ਨੂੰ ਸੌਂਪੀ ਤੇ ਕਾਰਵਾਈ ਕਰਨ ਲਈ ਕਿਹਾ। ਉਹਨਾਂ ਕਿਹਾ ਲੱਖਾਂ ਘਰ ਬਰਬਾਦ ਹੋ ਗਏ ਪਰ ਸਰਕਾਰ ਨੇ ਕਿਹਾ ਕਿ ਉਸ ਨੇ ਰਿਪੋਰਟ ਨਹੀਂ ਪੜ੍ਹੀ।
Kotakpura Goli Kand
ਸਿੱਧੂ ਨੇ ਕਿਹਾ ਕਿ ਗੋਲੀਕਾਂਡ 'ਚ ਪੁਲਿਸ ਵਾਲੇ ਕੌਣ ਸਨ ਤੇ ਹੁਕਮ ਦੇਣ ਵਾਲੇ ਕੌਣ ਬੱਚੇ ਬੱਚੇ ਨੂੰ ਪਤਾ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕਰਕੇ ਪੁਲਿਸ ਅਧਿਕਾਰੀਆਂ ਦੇ ਨਾਮ ਜਨਤਕ ਕੀਤੇ ਗਏ ਇਥੋਂ ਤੱਕ ਕਮਿਸ਼ਨ ਨੇ ਇਹ ਸੱਚ ਸਾਹਮਣੇ ਲਿਆਂਦਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਚ ਪੁਲਿਸ ਅਧਿਕਾਰੀ ਨਾਲ ਰਾਤ ਨੂੰ ਢਾਈ ਵਜੇ ਗੱਲਬਾਤ ਕੀਤੀ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਅਤੇ ਪੁਲਿਸ ਨੇ ਮਿਲੀਭੁਗਤ ਨਾਲ ਗੋਲੀਕਾਂਡ ਕਰਵਾਇਆ, ਪਰ ਸਰਕਾਰ ਅਜਿਹਾ ਸੱਚ ਵੀ ਮੰਨਣ ਲਈ ਤਿਆਰ ਨਹੀਂ ਹੈ।
SIT
ਉਹਨਾਂ ਕਿਹਾ ਕਿ ਇਥੋਂ ਤੱਕ ਜਗਦੀਸ਼ ਭੋਲੇ ਵਰਗੇ ਨੇ ਜ਼ਮੀਰ ਦੀ ਆਵਾਜ਼ ਨਾਲ ਸਿੱਧੇ ਤੌਰ ’ਤੇ ਚਿੱਟੇ ਦੇ ਵਪਾਰੀਆਂ ਦਾ ਨਾਮ ਤੱਕ ਲਿਆ ਪਰ ਸਰਕਾਰ ਹੱਥ ’ਤੇ ਹੱਥ ਧਰਕੇ ਬੈਠੀ ਰਹੀ। ਕਾਂਗਰਸ ਆਗੂ ਨੇ ਸਵਾਲ ਕੀਤਾ ਕਿ ਪੰਜਾਬ ਵਿਚ ਕਿੰਨੀਆਂ ਸਿੱਟਾਂ ਬਣ ਗਈਆਂ ਪਰ ਸਿੱਟਾ ਕੀ ਨਿਕਲਿਆ? ਉਹਨਾਂ ਕਿਹਾ ਪੰਜਾਬ ਅੰਦਰ ਸਿੱਟ ਦਾ ਮਤਲਬ ‘ਸਿੱਟ ਡਾਊਨ’ ਹੈ। ਸਿੱਧੂ ਨੇ ਕਿਹਾ ਐੱਸਆਈਟੀ ਦੀ ਜਾਂਚ ਰਿਪੋਰਟ ਜਨਤਕ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਸਾਹਮਣੇ ਸੱਚ ਆ ਸਕੇ।