
ਕੁੰਵਰ ਵਿਜੈ ਪ੍ਰਤਾਪ ਦੇ ਅਸਤੀਫ਼ੇ ਤੇ ਨਵਜੋਤ ਸਿੰਘ ਸਿੱਧੂ ਦੇ ਜਵਾਹਰ ਸਿੰਘ ਵਾਲਾ ਪੁੱਜਣ 'ਤੇ ਪੰਜਾਬ ਦੀ ਸਿਆਸਤ ਭਖੀ
ਨਵਜੋਤ ਸਿੰਘ ਸਿੱਧੂ ਦੀਆਂ ਟਿਪਣੀਆਂ ਕਾਰਨ ਸਿਆਸੀ ਸਮੀਕਰਨ ਬਦਲਣ ਦੇ ਸੰਕੇਤ
ਚੰਡੀਗੜ੍ਹ, 13 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ-ਹਰਿਆਣਾ ਹਾਈ ਕੋਰਟ ਵਲੋਂ ਬਹਿਬਲ ਕਲਾਂ ਕੋਟਕਪੂਰਾ ਗੋਲੀ ਕਾਂਡ ਬਾਰੇ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਸਿੱਟ ਦੀ ਜਾਂਚ ਰੱਦ ਕਰਨ ਤੇ ਦੁਬਾਰਾ ਜਾਂਚ ਕਰਵਾਉਣ ਦੇ ਨਾਲ ਨਾਲ ਕੁੰਵਰ ਵਿਜੇ ਪ੍ਰਤਾਪ ਵਲੋਂ ਨੌਕਰੀ ਤੋਂ ਅਸਤੀਫ਼ਾ ਦੇ ਦਿਤੇ ਜਾਣ ਮਗਰੋਂ ਪੰਜਾਬ ਦੀ ਸਿਆਸਤ ਬੇਅਦਬੀ ਦੇ ਮੁੱਦਿਆਂ ਨੂੰ ਲੈ ਕੇ ਪੂਰੀ ਤਰ੍ਹਾਂ ਭਖ ਗਈ ਹੈ ਤੇ ਇਹ ਮੁੱਦਾ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪ੍ਰਮੁੱਖਤਾ ਨਾਲ ਉਭਰਨ ਦੇ ਪੂਰੇ ਆਸਾਰ ਬਣ ਗਏ ਹਨ | ਜਿਥੇ ਪਹਿਲਾਂ ਬਾਦਲ ਸਰਕਾਰ ਸਮੇਂ ਸਵਾਲਾਂ ਦੇ ਘੇਰੇ ਵਿਚ ਰਹੀ ਹੁਣ ਉਥੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਚਾਰ ਸਾਲਾਂ
ਵਿਚ ਮੁੱਖ ਦੋਸ਼ੀਆਂ ਵਿਰੁਧ ਕਾਰਵਾਈ
ਵਿਚ ਨਾਕਾਮੀ 'ਤੇ ਵੀ ਸਵਾਲ ਖੜੇ ਹੋਏ ਹਨ ਜੋ ਕੈਪਟਨ ਸਰਕਾਰ ਲਈ ਵਿਧਾਨ ਸਭਾ ਚੋਣਾਂ ਵਿਚ ਵੱਡੀ ਚੁਨੌਤੀ ਬਣ ਸਕਦੇ ਹਨ |
ਅੱਜ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਵਲੋਂ ਨੌਕਰੀ ਤੋਂ ਅਸਤੀਫ਼ਾ ਦੇਣ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਵੈਸਾਖੀ ਵਾਲੇ ਦਿਨ ਅਪਣੀ ਹੀ ਸਰਕਾਰ 'ਤੇ ਉਠਾਏ ਸਵਾਲਾਂ ਬਾਅਦ ਨਵੇਂ ਸਿਆਸੀ ਸਮੀਕਰਨ ਬਣਦੇ ਵੀ ਦਿਖਾਈ ਦੇ ਰਹੇ ਹਨ | ਵਰਨਣਯੋਗ ਹੈ ਕਿ ਅੱਜ ਹੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਅਤੇ ਪ੍ਰਧਾਨ ਭਗਵੰਤ ਸਿੰਘ ਮਾਨ ਨੇ ਵੀ ਇਕ ਵਾਰ ਮੁੜ ਨਵਜੋਤ ਸਿੱਧੂ ਨੂੰ 'ਆਪ' ਵਿਚ ਸ਼ਾਮਲ ਹੋਣ ਲਈ ਪੇਸ਼ਕਸ਼ ਕਰ ਦਿਤੀ ਹੈ | ਸਿੱਧੂ ਨੇ ਜਿਥੇ ਕੁੰਵਰ ਵਿਜੈ ਪ੍ਰਤਾਪ ਦੀ ਜਾਂਚ ਰੀਪੋਰਟ ਜਨਤਕ ਕਰਨ ਦੀ ਮੰਗ ਕੀਤੀ ਹੈ, ਉਥੇ ਨਾਲ ਹੀ ਹਰਪ੍ਰੀਤ ਸਿੰਘ ਸਿੱਧੂ ਵਾਲੀ ਨਸ਼ਿਆਂ ਬਾਰੇ ਰੀਪੋਰਟ ਪੰਜਾਬ ਸਰਕਾਰ ਤੋਂ ਜਨਤਕ ਕਰਨ ਦੀ ਮੰਗ ਕਰ ਕੇ ਕੈਪਟਨ ਸਰਕਾਰ ਸਾਹਮਣੇ ਵੱਡੀ ਚੁਨੌਤੀ ਖੜੀ ਕਰ ਦਿਤੀ ਹੈ | ਇਸ ਨਾਲ ਸਿੱਧੂ ਦੀ ਜਨਤਕ ਹਮਾਇਤ ਵੀ ਵਧੇਗੀ | ਇਸੇ ਤਰ੍ਹਾਂ ਕੁੰਵਰ ਵਿਜੈ ਪ੍ਰਤਾਪ ਦੇ ਨੌਕਰੀ ਤੋਂ ਅਸਤੀਫ਼ੇ ਨੂੰ ਲੈ ਕੇ ਵੀ ਕਈ ਚਰਚੇ ਛਿੜ ਗਏ ਹਨ |
ਪੰਥਕ ਜਥੇਬੰਦੀਆਂ ਵਿਚ ਚਰਚਾ ਹੈ ਕਿ ਜੇ ਕੁੰਵਰ ਅਸਤੀਫ਼ੇ ਦੇ ਫ਼ੈਸਲੇ 'ਤੇ ਕਾਇਮ ਰਹਿੰਦੇ ਹਨ ਤਾਂ ਉਹ ਸਿਆਸੀ ਮੈਦਾਨ ਵਿਚ ਵੀ ਆ ਸਕਦੇ ਹਨ ਤੇ ਉਹ ਕਾਂਗਰਸ ਵਲੋਂ ਕੋਟਕਪੂਰਾ ਤੋਂ ਉਮੀਦਵਾਰ ਬimageਣਾਏ ਜਾ ਸਕਦੇ ਹਨ | ਸਿਆਸੀ ਮੈਦਾਨ ਵਿਚ ਉਤਰ ਕੇ ਕੁੰਵਰ ਵਿਜੈ ਪ੍ਰਤਾਪ ਸਿੰਘ ਅਪਣੀ ਜਾਂਚ ਨੂੰ ਲੋਕਾਂ ਸਾਹਮਣੇ ਰੱਖ ਕੇ ਵੱਡੀ ਹਮਾਇਤ ਜੁਟਾ ਸਕਦੇ ਹਨ |