
ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 15 ਮਈ ਨੂੰ ਬਠਿੰਡਾ ਵਿਖੇ ਰੋਡ ਸ਼ੋਅ ਕੀਤਾ ਗਿਆ।
ਬਠਿੰਡਾ: ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 15 ਮਈ ਨੂੰ ਬਠਿੰਡਾ ਵਿਖੇ ਰੋਡ ਸ਼ੋਅ ਕੀਤਾ ਗਿਆ। ਜਿਸ ‘ਤੇ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਖਹਿਰਾ ਨੇ ਤਿੱਖਾ ਹਮਲਾ ਕੀਤਾ ਹੈ। ਇਸੇ ਦੌਰਾਨ ਖਹਿਰਾ ਨੇ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਦੇ ਵਿਆਹ ਸਮਾਗਮ ‘ਤੇ ਵੀ ਸਵਾਲ ਕੀਤੇ।
Arvind Kejriwal
ਸੁਖਪਾਲ ਖਹਿਰਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਪਣੇ ਬੱਚਿਆਂ ਦੀ ਸਹੁੰ ਖਾ ਕੇ ਕਹਿੰਦੇ ਸਨ ਕਿ ਉਹ ਸਿਸਟਮ ਨੂੰ ਬਦਲਣਾ ਚਾਹੁੰਦੇ ਹਨ। ਉਹਨਾਂ ਕਿਹਾ ਸੀ ਕਿ ਉਹ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰਨਗੇ ਪਰ ਹੁਣ ਉਹ ਭ੍ਰਿਸ਼ਟਾਚਾਰੀਆਂ ਨਾਲ ਗਠਜੋੜ ਕਰ ਰਹੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਮੈਦਾਨ ਛੱਡ ਕੇ ਭੱਜ ਰਹੇ ਹਨ।
Baljinder Kaur
ਖਹਿਰਾ ਨੇ ਕਿਹਾ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਬਿਕਰਮ ਮਜੀਠੀਆ ਤੋਂ ਮੁਆਫੀ ਮੰਗਣਗੇ ਪਰ ਹੁਣ ਉਹ ਪੰਜਾਬ ਵਿਚ ਆ ਕੇ ਰੋਡ ਸ਼ੋਅ ਕਰ ਰਹੇ ਹਨ। ਉਹਨਾਂ ਕਿਹਾ ਕਿ ਹੁਣ ਅਰਵਿੰਦ ਕੇਜਰੀਵਾਲ ਦਾ ਪੰਜਾਬ ਵਿਚ ਵਿਰੋਧ ਹੋ ਰਿਹਾ ਹੈ। ਖਹਿਰਾ ਨੇ ‘ਆਪ’ ਉਮੀਦਵਾਰ ਬਲਜਿੰਦਰ ਕੌਰ ‘ਤੇ ਹਮਲਾ ਕਰਦਿਆਂ ਕਿਹਾ ਕਿ ਉਹਨਾਂ ਨੇ ਅਪਣੇ ਵਿਆਹ ‘ਤੇ ਸੁਖਬੀਰ ਬਾਦਲ ਅਤੇ ਮਜੀਠੀਆ ਨੂੰ ਬੁਲਾਇਆ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਆਸ਼ੀਰਵਾਦ ਲਿਆ ਸੀ। ਉਹਨਾਂ ਕਿਹਾ ਕਿ ਕੇਜਰੀਵਾਲ ਵੀ ਇਹਨਾਂ ਪਾਰਟੀਆਂ ਦਾ ਹਿੱਸਾ ਬਣ ਗਏ ਹਨ।