
ਰਾਹੁਲ ਗਾਂਧੀ ਨੇ ਕਿਹਾ ਕਿ 'ਮੇਡ ਇਨ ਲੁਧਿਆਣਾ', 'ਮੇਕ ਇਨ ਇੰਡੀਆ' ਦਾ ਅਨਿੱਖਵਾਂ ਹਿੱਸਾ ਹੋਵੇਗਾ।
ਫਰੀਦਕੋਟ/ਲੁਧਿਆਣਾ: ਬੇਅਦਬੀ ਦੇ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ 'ਤੇ ਵਰ੍ਹਦਿਆਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਬੇਅਦਬੀ ਦੇ ਮਾਮਲਿਆਂ ਅਤੇ ਬਰਗਾੜੀ ਘਟਨਾ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਜ਼ੁਰਮ ਕਰਨ ਵਾਲਿਆਂ ਅਤੇ ਇਸ ਤੋਂ ਬਾਅਦ ਪੁਲਿਸ ਗੋਲੀਬਾਰੀ ਦੀਆਂ ਵਾਪਰੀਆਂ ਘਟਨਾਵਾਂ ਦੇ ਸਬੰਧ ਵਿਚ ਕਿਸੇ ਨੂੰ ਵੀ ਮੁਆਫ਼ ਨਹੀਂ ਕੀਤਾ ਜਾਵੇਗਾ।
Congress
ਬਹਿਬਲ ਕਲਾਂ ਅਤੇ ਕੋਟਕਪੂਰਾ ਦੀਆਂ ਗੋਲੀ ਦੀਆਂ ਘਟਨਾਵਾਂ ਅਤੇ ਬੇਅਦਬੀ ਦੇ ਮਾਮਲਿਆਂ ਦੌਰਾਨ ਇਸ ਖਿੱਤੇ ਦੇ ਆਪਣੇ ਪਿਛਲੇ ਦੌਰੇ ਨੂੰ ਯਾਦ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਕਿਸੇ ਵੀ ਰਹਿਮਦਿਲੀ ਦੇ ਹੱਕਦਾਰ ਨਹੀਂ ਹਨ।
ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਅਤੇ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਦੇ ਸਮਰਥਨ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਪੰਜਾਬ ਅਤੇ ਬਾਕੀ ਭਾਰਤ ਨੂੰ ਬੇਇਜ਼ਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਹਮਲੇ ਕੀਤੇ। ਪਿਛਲੇ 70 ਸਾਲ ਦੌਰਾਨ ਕੋਈ ਵੀ ਵਿਕਾਸ ਨਾ ਹੋਣ ਅਤੇ ਉਨ੍ਹਾਂ ਦੇ ਸੱਤਾ ਵਿਚ ਆਉਣ ਤੋਂ ਬਾਅਦ ਦੇਸ਼ ਦੇ ਜਾਗਣ ਸਬੰਧੀ ਮੋਦੀ ਦੇ ਦਾਅਵੇ ਨੂੰ ਰਾਹੁਲ ਗਾਂਧੀ ਨੇ ਬੁਰੀ ਤਰ੍ਹਾਂ ਲਤਾੜਿਆ।
SAD
ਪ੍ਰਧਾਨ ਮੰਤਰੀ ਵੱਲੋਂ ਸਿਰਫ਼ ਉਨ੍ਹਾਂ ਦੁਆਰਾ ਹੀ ਦੇਸ਼ ਨੂੰ ਚਲਾ ਸਕਣ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਸਬੰਧ ਵਿਚ ਰਾਹੁਲ ਗਾਂਧੀ ਨੇ ਮੋਦੀ ਨੂੰ ਪੁਛਿਆ, ''ਉਦੋਂ ਤੁਸੀਂ ਕਿੱਥੇ ਸੀ ਜਦੋਂ ਪੰਜਾਬ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਲਿਆਂਦੀ?'' ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਆਪਣੇ ਖੂਨ ਅਤੇ ਪਸੀਨੇ ਨਾਲ ਦੇਸ਼ ਨੂੰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ, ਦੇਸ਼ ਦੇ ਵਿਕਾਸ ਲਈ ਜਾਤ, ਧਰਮ, ਭਾਈਚਾਰੇ ਦੀ ਥਾਂ ਹਰੇਕ ਭਾਰਤੀ ਨੂੰ ਆਪਣੇ ਨਾਲ ਲੈਣ ਵਿਚ ਵਿਸ਼ਵਾਸ ਰੱਖਦੀ ਹੈ।
ਰੁਜ਼ਗਾਰ ਉਤਪਤੀ ਅਤੇ ਕਿਸਾਨਾਂ ਦੀ ਭਲਾਈ ਕਾਂਗਰਸ ਪਾਰਟੀ ਦੀਆਂ ਮੁੱਖ ਤਰਜ਼ੀਹਾਂ ਹੋਣ ਦੀ ਗੱਲ ਦੁਹਰਾਉਂਦੇ ਹੋਏ ਰਾਹੁਲ ਗਾਂਧੀ ਨੇ ਲੁਧਿਆਣਾ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਛੋਟੇ ਅਤੇ ਦਰਮਿਆਨੇ ਵਪਾਰ ਨੂੰ ਮੁੜ ਸੁਰਜੀਤ ਕਰੇਗੀ। ਉਨ੍ਹਾਂ ਕਿਹਾ ਕਿ 'ਮੇਡ ਇਨ ਲੁਧਿਆਣਾ' ਤੋਂ ਬਿਨਾਂ ਭਾਰਤ, ਚੀਨ ਨੂੰ ਚੁਣੌਤੀ ਨਹੀਂ ਦੇ ਸਕਦਾ। ਉਨ੍ਹਾਂ ਕਿਹਾ ਕਿ 'ਮੇਡ ਇਨ ਲੁਧਿਆਣਾ', 'ਮੇਕ ਇਨ ਇੰਡੀਆ' ਦਾ ਅਨਿੱਖਵਾਂ ਹਿੱਸਾ ਹੋਵੇਗਾ।
Rahul Gandhi and PM Narendra Modi
ਉਨ੍ਹਾਂ ਅੱਗੇ ਕਿਹਾ ਕਿ ਛੋਟੇ ਅਤੇ ਦਰਮਿਆਨੇ ਵਪਾਰ ਨੂੰ ਮੁੜ ਸੁਰਜੀਤ ਕਰਨ ਤੋਂ ਬਿਨਾਂ ਰੁਜ਼ਗਾਰ ਉਤਪਤੀ ਵਿਚ ਵੀ ਸਫ਼ਲਤਾ ਨਹੀਂ ਮਿਲ ਸਕਦੀ। ਕਾਂਗਰਸ ਦੇ ਚੋਣ ਮੈਨੀਫੈਸਟੋ ਵਿਚ ਨੌਜਵਾਨਾਂ ਦੇ ਰੁਜ਼ਗਾਰ ਦਾ ਵਾਅਦਾ ਅਤੇ ਕਿਸਾਨਾਂ ਲਈ ਵੱਖਰੇ ਬਜਟ ਦਾ ਵਾਅਦਾ ਕਰਦੇ ਹੋਏ ਰਾਹੁਲ ਗਾਂਧੀ ਨੇ 'ਨਿਆਏ' ਦੀ ਚਰਚਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨਾ ਕੇਵਲ ਸਾਰੇ ਮੋਰਚਿਆਂ 'ਤੇ ਅਸਫਲ ਹੋ ਚੁੱਕੀ ਹੈ ਸਗੋਂ ਇਸ ਨੇ ਮੁੱਠੀ ਭਰ ਅਮੀਰ ਉਦਯੋਗਪਤੀਆਂ ਦੀ ਮਦਦ ਲਈ ਆਮ ਲੋਕਾਂ ਦੀਆਂ ਜੇਬਾਂ ਵਿਚੋਂ ਪੈਸਾ ਚੋਰੀ ਕੀਤਾ ਹੈ।
ਇਨ੍ਹਾਂ ਮੁੱਠੀ ਭਰ ਅਮੀਰ ਉਦਯੋਗਪਤੀਆਂ ਵਿਚੋਂ ਕੁਝ ਤਾਂ ਦੇਸ਼ ਛੱਡ ਕੇ ਹੀ ਭੱਜ ਗਏ ਹਨ ਜਿਨ੍ਹਾਂ ਨੂੰ ਕਰੋੜਾਂ ਰੁਪਏ ਦੇ ਕਰਜ਼ਈ ਹੋਣ ਦੇ ਬਾਵਜੂਦ ਜੇਲ੍ਹਾਂ ਵਿਚ ਨਹੀਂ ਤਾੜਿਆ ਗਿਆ। ਮੋਦੀ ਦੇ 'ਅੱਛੇ ਦਿਨਾਂ ਦੇ ਵਾਅਦਿਆਂ' 'ਤੇ ਸਵਾਲ ਖੜ੍ਹੇ ਕਰਦੇ ਹੋਏ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਕਿਹਾ ਕਿ ਹੁਣ ਪੰਜ ਸਾਲ ਬਾਅਦ ਮੋਦੀ ਇਸ ਵਿਸ਼ੇ 'ਤੇ ਕੋਈ ਗੱਲ ਨਹੀਂ ਕਰ ਰਿਹਾ।
Sukhbir Singh Badal
ਉਹ ਨੌਕਰੀਆਂ, ਹਰੇਕ ਦੇ ਬੈਂਕ ਖਾਤਿਆਂ ਵਿਚ 15-15 ਲੱਖ ਰੁਪਏ ਪਾਉਣ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਅਦਿਆਂ ਰਾਹੀਂ ਸੱਤਾ ਵਿਚ ਆਇਆ ਸੀ ਪਰ ਇਸ ਸਬੰਧ ਵਿਚ ਉਸ ਨੇ ਕੁਝ ਵੀ ਨਹੀਂ ਕੀਤਾ। ਡਾ. ਮਨਮੋਹਨ ਸਿੰਘ ਅਤੇ ਉਨ੍ਹਾਂ ਦੀਆਂ ਅਗਾਂਹਵਧੂ ਆਰਥਿਕ ਨੀਤੀਆਂ ਦਾ ਮਜ਼ਾਕ ਬਣਾਉਣ ਵਾਲਾ ਮੋਦੀ ਪੰਜ ਸਾਲਾਂ ਵਿਚ ਹੀ ਇਕ ਲਤੀਫਾ ਬਣ ਗਿਆ ਹੈ। ਉਸ ਨੇ ਝੂਠ ਬੋਲ ਕੇ ਅਤੇ ਧੋਖੇ ਦੇ ਨਾਲ ਦੇਸ਼ ਨੂੰ ਛਲਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ ਹੈ ਜਿਸ ਨੂੰ 'ਨਿਆਏ' ਦੇ ਨਾਲ ਮੁੜ ਸੁਰਜੀਤ ਕੀਤਾ ਜਾਵੇਗਾ।
'ਨਿਆਏ' ਦੇ ਲਈ ਕੋਈ ਵੀ ਫੰਡ ਨਾ ਹੋਣ ਦੇ ਮੋਦੀ ਦੇ ਦਾਅਵੇ ਦੇ ਉਲਟ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਅਨਿਲ ਅੰਬਾਨੀ, ਨੀਰਵ ਮੋਦੀ, ਲਲਿਤ ਮੋਦੀ, ਵਿਜੇ ਮਾਲਿਆ, ਚੌਕਸੀ ਆਦਿ ਵਰਗੇ ਚੋਰਾਂ ਕੋਲੋਂ ਧਨ ਵਾਪਸ ਲਿਆਵੇਗੀ। ਕਾਂਗਰਸ ਪ੍ਰਧਾਨ ਨੇ ਰਾਫੇਲ ਸੌਦਾ ਅਤੇ ਇਸ ਉਪਰ ਬਹਿਸ ਲਈ ਉਨ੍ਹਾਂ ਦੀ ਚੁਣੌਤੀ ਨਾ ਕਬੂਲਣ ਸਮੇਤ ਨੋਟਬੰਦੀ ਵਰਗੇ ਵਿੱਤੀ ਪਾਗਲਪਨ ਜਿਹੇ ਮੁੱਦਿਆਂ 'ਤੇ ਮੋਦੀ ਨੂੰ ਖਰੀਆਂ ਖਰੀਆਂ ਬੋਲੀਆਂ।
Behbal Klan Kand
ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਜਿਹਾ ਕਰਨ ਤੋਂ ਭੈਅ ਖਾਂਦੇ ਹਨ ਕਿਉਂਕਿ 15 ਮਿੰਟ ਦੀ ਬਹਿਸ ਕਰਨ ਤੋਂ ਬਾਅਦ ਉਹ ਲੋਕਾਂ ਨੂੰ ਆਪਣਾ ਚਿਹਰਾ ਨਹੀਂ ਦਿਖਾ ਸਕਣਗੇ। ਕਾਂਗਰਸੀ ਪ੍ਰਧਾਨ ਨੇ ਕਿਹਾ ਕਿ ਯੋਜਨਾਬੱਧ ਸਵਾਲਾਂ ਦੇ ਤਿਆਰ ਕੀਤੇ ਜਵਾਬ ਨਾਲ ਪਹਿਲਾਂ ਹੀ ਲਿਖੀਆਂ ਮੀਡੀਆ ਇੰਟਰਵਿਊ 'ਤੇ ਮੋਦੀ ਦੇ ਚਿਹਰੇ 'ਤੇ ਡਰ ਦਿਸਦਾ ਹੈ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ 'ਨਿੱਜੀ' ਇੰਟਰਵਿਊ ਦੀ ਖਿੱਲੀ ਉਡਾਈ ਜਿਸ ਵਿਚ ਉਹ ਬਿਨਾਂ ਸਿਰ-ਪੈਰ ਦੀਆਂ ਗੱਲਾਂ ਕਰਦੇ ਹਨ ਜਿਵੇਂ ਉਨ੍ਹਾਂ ਨੇ ਅੰਬ ਕਿਵੇਂ ਖਾਧੇ ਅਤੇ ਉਹ ਆਪਣੇ ਅਟੈਚੀ ਵਿਚ ਕੱਪੜੇ ਕਿਵੇਂ ਫਿੱਟ ਕਰਦੇ ਹਨ। ਉਨ੍ਹਾਂ ਕਿਹਾ ਕਿ ਨੋਟਬੰਦੀ ਦਾ ਮਕਸਦ ਕਾਲਾ ਧਨ ਖਤਮ ਕਰਨਾ ਨਹੀਂ ਸੀ ਸਗੋਂ ਲੁਧਿਆਣਾ ਅਤੇ ਹੋਰ ਥਾਵਾਂ 'ਤੇ ਛੋਟੀ ਅਤੇ ਮੱਧਮ ਦਰਜੇ ਦੀ ਸਨਅਤ ਨੂੰ ਤਬਾਹ ਕਰਨਾ ਸੀ।
Behbal Klan Kand
ਮੋਦੀ ਵੱਲੋਂ ਉਨ੍ਹਾਂ ਦੇ ਪਰਿਵਾਰ (ਨਹਿਰੂ-ਗਾਂਧੀ) ਉਪਰ ਨਿੱਜੀ ਹਮਲੇ ਕਰਨ 'ਤੇ ਸਖ਼ਤ ਆਲੋਚਨਾ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਹ ਵੀ ਨਹੀਂ ਪਤਾ ਕਿ ਉਹ ਕੀ ਕਹਿ ਰਹੇ ਹਨ ਅਤੇ ਉਹ ਸਿਰਫ ਬੋਲਣ ਲਈ ਹੀ ਬੋਲ ਰਹੇ ਹਨ। ਉਨ੍ਹਾਂ ਕਿਹਾ,''ਮੈਂ ਪ੍ਰਧਾਨ ਮੰਤਰੀ ਦੀ ਨਫ਼ਰਤ ਦਾ ਮੁਕਾਬਲਾ ਪਿਆਰ ਨਾਲ ਕਰਾਂਗਾ ਕਿਉਂ ਜੋ ਇਹ ਸਾਡੇ ਡੀ.ਐਨ.ਏ. ਵਿਚ ਹੈ ਅਤੇ ਇਹ ਮੈਂ ਪੰਜਾਬ ਦੇ ਲੋਕਾਂ ਤੋਂ ਸਿੱਖਿਆ ਅਤੇ ਇਹੋ ਸੰਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ।''
ਆਪਣੇ ਸੰਬੋਧਨ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਉਪਰ ਇਹ ਫੈਸਲਾ ਛੱਡਦਿਆਂ ਕਿਹਾ ਕਿ ਕੀ ਉਹ ਮੌਜੂਦਾ ਪ੍ਰਧਾਨ ਮੰਤਰੀ ਚਾਹੁੰਦੇ ਹਨ ਜੋ ਅਕਾਲੀਆਂ ਵਾਲੀ ਸੋਚ ਰੱਖਦਾ ਹੈ ਅਤੇ ਲੋਕਾਂ ਦਾ ਧੁਰਵੀਕਰਨ ਕਰਕੇ ਮੁਲਕ ਦੀਆਂ ਧਰਮ ਨਿਰਪੱਖ ਕਦਰਾਂ-ਕੀਮਤਾਂ ਨੂੰ ਖੇਰੂੰ-ਖੇਰੂੰ ਕਰਨ 'ਤੇ ਤੁਲਿਆ ਹੋਇਆ ਜਾਂ ਫਿਰ ਕੋਈ ਹੋਰ ਪ੍ਰਧਾਨ ਮੰਤਰੀ ਹੋਵੇ ਜੋ ਹਰ ਵੱਖ-ਵੱਖ ਧਰਮਾਂ ਅਤੇ ਜਾਤ ਦੇ ਲੋਕਾਂ ਦਾ ਭਾਰਤੀਆਂ ਵਜੋਂ ਸਤਿਕਾਰ ਕਰੇ।
Bargadi Kand
ਮੁੱਖ ਮੰਤਰੀ ਨੇ ਪੰਜਾਬ ਦੀ ਆਰਥਿਕਤਾ ਦਾ ਭੱਠਾ ਬਿਠਾਉਣ ਲਈ ਅਕਾਲੀਆਂ ਦੀ ਸਖ਼ਤ ਆਲੋਚਨਾ ਕੀਤੀ ਜਦਕਿ ਉਨ੍ਹਾਂ ਦੀ ਸਰਕਾਰ ਸੀਮਿਤ ਵਸੀਲਿਆਂ ਦੇ ਬਾਵਜੂਦ ਵਿੱਤੀ ਸਥਿਤੀ ਨੂੰ ਮੁੜ ਮਜ਼ੂਬਤ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿੱਤੀ ਸੰਕਟ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ ਲਈ ਕਰਜ਼ਾ ਮੁਆਫੀ ਸਕੀਮ ਚਾਲੂ ਕੀਤੀ ਅਤੇ ਪੰਜਾਬ ਇਕੋ-ਇਕ ਸੂਬਾ ਹੈ ਜਿੱਥੇ ਕਿਸਾਨਾਂ ਦਾ 2-2 ਲੱਖ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ।
ਉਨ੍ਹਾਂ ਨੇ ਆਪਣੀ ਮੰਗ ਨੂੰ ਦੁਹਰਾਉਂਦਿਆਂ ਆਖਿਆ ਕਿ ਖੇਤੀ ਨੂੰ ਲਾਹੇਵੰਦ ਬਣਾਉਣ ਦਾ ਇਕਮਾਤਰ ਹੱਲ ਐਮ.ਐਸ. ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਹੂ-ਬ-ਹੂ ਲਾਗੂ ਕਰਨਾ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਸਰਕਾਰ ਵੱਲੋਂ ਸਨਅਤ ਦੀ ਸੁਰਜੀਤੀ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਸਮਾਜ ਦੇ ਸਾਰੇ ਤਬਕਿਆਂ ਦਾ ਪੱਧਰ ਉਚਾ ਚੁੱਕਣ ਲਈ ਕੀਤੇ ਯਤਨਾਂ ਦਾ ਜ਼ਿਕਰ ਕਰਦਿਆਂ ਐਲਾਨ ਕੀਤਾ ਕਿ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ।
Bargari Morcha
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੂੰ ਪੰਜਾਬ ਦੀ ਸਨਅਤ ਨੂੰ ਮੁੜ ਪੈਰਾਂ-ਸਿਰ ਕਰਨ ਲਈ ਮਦਦ ਦੀ ਅਪੀਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਸੂਬੇ ਦੇ ਵਿਕਾਸ ਨੂੰ ਹੋਰ ਵੱਡਾ ਹੁਲਾਰਾ ਮਿਲੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਚੋਣਾਂ ਨੇ ਪੰਜਾਬ ਅਤੇ ਮੁਲਕ ਦਾ ਭਵਿੱਖ ਤੈਅ ਕਰਨਾ ਹੈ ਜਿਸ ਕਰਕੇ ਉਨ੍ਹਾਂ ਨੇ ਲੋਕਾਂ ਨੂੰ 'ਪਾਖੰਡੀ' ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਿੱਖਿਆ ਦੇ ਬੁਨਿਆਦੀ ਢਾਂਚੇ ਅਤੇ ਹੋਰ ਸਹੂਲਤਾਂ ਲਈ ਸਰਕਾਰ ਵੱਲੋਂ ਨਿਵੇਸ਼ ਜਾਰੀ ਰੱਖਿਆ ਜਾਵੇਗਾ।