
ਲੇਬਰ ਕਾਰਡ ਲਈ ਦਿੱਲੀ ਸਰਕਾਰ ਦੇ ਈ ਡਿਸਟ੍ਰਿਕ ਪੋਰਟਲ 'ਤੇ ਆਨਲਾਈਨ ਕਰਵਾਉਣਾ ਹੋਵੇਗਾ ਰਜਿਸਟ੍ਰੇਸ਼ਨ
ਨਵੀਂ ਦਿੱਲੀ, 15 ਮਈ (ਅਮਨਦੀਪ ਸਿੰਘ): ਕੋਰੋਨਾ ਮਹਾਂਮਾਰੀ ਕਰ ਕੇ, ਹੋਈ ਤਾਲਾਬੰਦੀ ਵਿਚ ਉਸਾਰੀ ਕਾਰਜਾਂ ਵਿਚ ਲੱਗੇ ਹੋਏ ਮਜ਼ਦੂਰ ਵੀ ਰੋਟੀ ਲਈ ਮੁਥਾਜੀ ਦਾ ਸਾਹਮਣਾ ਕਰ ਰਹੇ ਹਨ।
ਕੇਜਰੀਵਾਲ ਸਰਕਾਰ ਵਲੋਂ ਉਸਾਰੀ ਕਾਰਜਾਂ ਵਿਚ ਲੱਗੇ ਹੋਏ ਤਕਰੀਬਨ 40 ਹਜ਼ਾਰ ਰਜਿਸਟਰਡ ਮਜ਼ਦੂਰਾਂ ਨੂੰ ਪਿਛਲੇ ਮਹੀਨੇ 5-5 ਹਜ਼ਾਰ ਦੀ ਮਾਲੀ ਮਦਦ ਦਿਤੀ ਗਈ ਸੀ, ਹੁਣ ਮੁੜ ਤੋਂ ਮਈ ਮਹੀਨੇ ਵਿਚ ਵੀ ਸਰਕਾਰ ਨੇ ਮਜ਼ਦੂਰਾਂ ਨੂੰ 5-5 ਹਜ਼ਾਰ ਦੀ ਮਾਲੀ ਮਦਦ ਦੇਣ ਦਾ ਫ਼ੈਸਲਾ ਲਿਆ ਹੈ।
ਇਸ ਲਈ ਮਜ਼ਦੂਰਾਂ ਕੋਲ ਸਰਕਾਰ ਵਲੋਂ ਜਾਰੀ ਲੇਬਰ ਕਾਰਡ ਹੋਣਾ ਚਾਹੀਦਾ ਹੈ। ਜਿਨ੍ਹਾਂ ਮਜ਼ਦੂਰਾਂ ਕੋਲ ਇਹ ਕਾਰਡ ਨਹੀਂ ਹਨ ਜਾਂ ਜੋ ਨਵੇਂ ਬਣਵਾਉਣਾ ਚਾਹੁੰਦੇ ਹਨ ਜਾਂ ਨਵਿਆਉਣਾ ਚਾਹੁੰਦੇ ਹਨ, ਉਹ ਹੁਣ ਸਰਕਾਰ ਵਲੋਂ ਜਾਰੀ ਕੀਤੇ ਗਏ ਦਿੱਲੀ ਸਰਕਾਰ ਦੇ ਵੈੱਬ ਪੋਰਟਲ 'ਤੇ ਜਾ ਕੇ, ਆਪਣੇ ਨਾਂ, ਬੈਂਕ ਖਾਤਾ ਨੰਬਰ ਤੇ ਹੋਰ ਲੋੜੀਂਦੇ ਪ੍ਰਮਾਣ ਪੱਤਰ ਦੇ ਕੇ, ਆਪਣਾ ਨਾਂ ਦਰਜ ਕਰਵਾ ਸਕਣਗੇ।
ਦਿੱਲੀ ਦੇ ਕਿਰਤ ਮੰਤਰੀ ਗੋਪਾਲ ਰਾਏ ਨੇ ਦਸਿਆ ਹੈ ਕਿ ਵੈੱਬ ਪੋਰਟਲ 'ਤੇ 16 ਮਈ ਸ਼ੁਕਰਵਾਰ ਤੋਂ ਮਜ਼ਦੂਰ ਆਪਣੇ ਨਾਂਅ ਦਰਜ ਕਰਵਾ ਸਕਣਗੇ। ਮੰਗੇ ਗਏ ਵੇਰਵੇ ਦਰਜ ਕਰਵਾਉਣ ਪਿਛੋਂ ਇਨ੍ਹਾਂ ਦੀ ਪੜਤਾਲ ਕੀਤੀ ਜਾਵੇਗੀ, ਉਸ ਪਿਛੋਂ ਮਜ਼ਦੂਰਾਂ ਨੂੰ ਲੇਬਰ ਕਾਰਡ ਦਿਤਾ ਜਾਵੇਗਾ, ਫਿਰ ਸਾਰੀ ਸਰਕਾਰੀ ਸਹੂਲਤਾਂ ਦਾ ਫਾਇਦਾ ਮਜ਼ਦੂਰਾਂ ਨੂੰ ਮਿਲ ਸਕੇਗਾ।
ਕਿਰਤ ਮੰਤਰੀ ਗੋਪਾਲ ਰਾਏ ਨੇ ਦਸਿਆ ਕਿ ਉਸਾਰੀ ਕਾਰਜਾਂ ਨਾਲ ਜੁੜੇ ਹੋਏ ਮਜ਼ਦੂਰ, ਦਿੱਲੀ ਉਸਾਰੀ ਤੇ ਹੋਰ ਕਿਰਤ ਬੋਰਡ ਕੋਲ ਈ ਡਿਸਟ੍ਰਿਕ ਪੋਰਟਲ, ਦਿੱਲੀ ਸਰਕਾਰ 'ਤੇ ਜਾ ਕੇ, ਆਪਣੇ ਨਾਂ ਦਰਜ ਕਰਵਾ ਸਕਣਗੇ। ਰਜਿਸਟ੍ਰੇਸ਼ਨ ਦਾ ਅਮਲ ਪੂਰਾ ਹੋਣ ਦੇ 10 ਦਿਨਾਂ ਮਗਰੋਂ ਮਜ਼ਦੂਰਾਂ ਨੂੰ ਮਿੱਥੀ ਥਾਂ ਆਪਣੇ ਪ੍ਰਮਾਣ ਪੱਤਰ ਲੈ ਕੇ ਆਉਣਾ ਹੋਵੇਗਾ, ਜਿਥੇ ਸਮਾਜਕ ਦੂਰੀ ਦੇ ਨਿਯਮ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਦੇ ਵੇਰਵਿਆਂ ਦੀ ਘੋਖ ਕੀਤੀ ਜਾਵੇਗੀ, ਫਿਰ ਲੇਬਰ ਕਾਰਡ ਬਣਾ ਕੇ ਦਿਤਾ ਜਾਵੇਗਾ। ਇਸ ਪਿਛੋਂ ਇਹ ਮਜ਼ਦੂਰ ਸਰਕਾਰੀ ਸਹੂਲਤਾਂ ਦਾ ਫਾਇਦਾ ਲੈ ਸਕਣਗੇ।
ਉਨਾਂ੍ਹ ਦਸਿਆ ਕਿ ਉਸਾਰੀ ਕਾਰਜਾਂ ਵਿਚ ਲੱਗੇ ਹੋਏ ਲੁਹਾਰ, ਚੌਂਕੀਦਾਰ, ਮਿਕਸਰ, ਕ੍ਰੇਨ ਆਪਰੇਟਰ ਰਾਜ ਮਿਸਟਰੀ ਸਣੇ ਹੋਰ ਵੀ ਇਸ ਅਧੀਨ ਆਪਣੇ ਨਾਂਅ ਦਰਜ ਕਰਵਾ ਸਕਣਗੇ। ਉਨਾਂ੍ਹ ਦਸਿਆ
ਦਿੱਲੀ ਵਿਚ ਵੱਡੇ ਪੱਧਰ 'ਤੇ ਮਜ਼ਦੂਰ ਉਸਾਰੀ ਦਾ ਕੰਮ ਕਰਦੇ ਹਨ ਤੇ ਹੁਣ ਤੱਕ ਤਕਰੀਬਨ 40 ਹਜ਼ਾਰ ਮਜ਼ਦੂਰ ਸਰਕਾਰ ਕੋਲ ਰਜਿਸਟਰਡ ਹਨ, ਜਿਨ੍ਹਾਂ ਨੂੰ ਕਰੋਨਾ ਮਹਾਂਮਾਰੀ ਕਰ ਕੇ ਹੋਈ ਤਾਲਾਬੰਦੀ ਕਰ ਕੇ, 5-5 ਹਜ਼ਾਰ ਦੀ ਮਾਲੀ ਮਦਦ ਦਿਤੀ ਜਾ ਚੁਕੀ ਹੈ ਅਤੇ ਮਈ ਮਹੀਨੇ ਵੀ ਇਨ੍ਹਾਂ ਮਜ਼ਦੂਰਾਂ ਨੂੰ 5-5 ਹਜ਼ਾਰ ਦੀ ਮਦਦ ਦਿਤੀ ਜਾਵੇਗੀ। ਕਈ ਸਾਰੇ ਉਸਾਰੀ ਮਜ਼ਦੂਰਾਂ ਦਾ ਅੱਜੇ ਰਜਿਸਟ੍ਰੇਸ਼ਨ ਨਹੀਂ ਹੋਇਆ, ਅਤੇ ਬਹੁਤਾਤ ਮਜ਼ਦੂਰਾਂ ਨੂੰ ਹਰ ਸਾਲ ਰਜਿਸਟ੍ਰੇਸ਼ਨ ਕਰਵਾਉਣਾ ਪੈਂਦਾ ਹੈ। ਅਜਿਹੇ ਵਿਚ ਸਰਕਾਰ ਨੇ ਆਨਲਾਈਨ ਰਜਿਸਟ੍ਰੇਸ਼ਨ ਅਤੇ ਨਵੀਨੀਕਰਨ ਦਾ ਅਮਲ ਨਾਲੋਂ ਨਾਲ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਰਜਿਸਟ੍ਰੇਸ਼ਨ ਲਈ ਮਜ਼ਦੂਰਾਂ ਨੂੰ ਆਪਣੇ ਨਾਂਅ ਤੇ ਪਤੇ ਨਾਲ ਆਪਣੇ ਬਾਰੇ ਹੋਰ ਵੇਰਵੇ ਵੀ ਦੇਣੇ ਹੋਣਗੇ ਜਿਨ੍ਹਾਂ ਵਿਚ ਬੈਂਕ ਖਾਤਾ ਨੰਬਰ ਸਣੇ 90 ਦਿਨਾਂ ਤੋਂ ਉਸਾਰੀ ਕਾਰਜ ਵਿਚ ਕੰਮ ਕਰਨ ਦਾ ਸਬੰਧਤ ਮਾਲਕ ਤੋਂ ਚਿੱਠੀ ਜਾਂ ਕਿਸੇ ਯੂਨੀਅਨ ਤੋਂ ਹਾਸਲ ਪ੍ਰਮਾਣ ਪੱਤਰ ਵੀ ਦੇਣਾ ਹੋਵੇਗਾ।