
ਊਧਮ ਸਿੰਘ ਐਮ.ਸੀ. ਵਾਸੀ ਕੋਟਕਪੂਰਾ ਦੇ ਪੁੱਤਰ ਪ੍ਰਫ਼ੈਸਰ ਦਵਿੰਦਰਪਾਲ ਸਿੰਘ ਅਤੇ ਮੋਹਨ ਸਿੰਘ ਵਾਸੀ ਭਗਤਾ ਭਾਈਕਾ ਦੀ
ਕੋਟਕਪੂਰਾ (ਗੁਰਮੀਤ ਸਿੰਘ ਮੀਤਾ): ਊਧਮ ਸਿੰਘ ਐਮ.ਸੀ. ਵਾਸੀ ਕੋਟਕਪੂਰਾ ਦੇ ਪੁੱਤਰ ਪ੍ਰਫ਼ੈਸਰ ਦਵਿੰਦਰਪਾਲ ਸਿੰਘ ਅਤੇ ਮੋਹਨ ਸਿੰਘ ਵਾਸੀ ਭਗਤਾ ਭਾਈਕਾ ਦੀ ਬੇਟੀ ਹਰਪ੍ਰੀਤ ਕੌਰ ਦਾ ਵਿਆਹ ਬਿਨ੍ਹਾਂ ਕਿਸੇ ਸ਼ੋਰ ਸ਼ਰਾਬੇ, ਦਾਜ-ਦਹੇਜ ਅਤੇ ਮੀਟ-ਸ਼ਰਾਬ ਤੋਂ ਬਿਲਕੁਲ ਰਹਿਤ ਗੁਰਮਤਿ ਮਰਿਆਦਾ ਅਨੁਸਾਰ ਨੇਪਰੇ ਚੜਿਆ। ਲਾੜੇ ਨਾਲ ਉਸ ਦੇ ਮਾਤਾ-ਪਿਤਾ ਅਤੇ ਦੋ ਚਾਚਿਆਂ ਸਮੇਤ ਸਿਰਫ਼ 4 ਬਰਾਤੀ ਸਨ।
File photo
ਡੋਲੀ ਲੈ ਕੇ ਅਪਣੇ ਘਰ ਕੋਟਕਪੂਰਾ ਵਿਖੇ ਪਰਤ ਰਹੇ ਲਾੜੇ ਅਤੇ ਬਰਾਤੀਆਂ ਨੂੰ ਕੋਠੇ ਗਜਨ ਸਿੰਘ ਵਾਲੇ ਵਿਖੇ ਪੁਲਿਸ ਨਾਕੇ 'ਤੇ ਰੋਕ ਕੇ ਬਲਕਾਰ ਸਿੰਘ ਸੰਧੂ ਡੀ.ਐਸ.ਪੀ. ਅਤੇ ਐਸ.ਐਚ.ਓ. ਰਾਜਬੀਰ ਸਿੰਘ ਸੰਧੂ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸ਼ਨ ਵਲੋਂ ਬੁੱਕੇ ਦੇ ਕੇ ਸਨਮਾਨਤ ਕਰਨ ਉਪਰੰਤ ਕੇਕ ਕੱਟ ਕੇ ਦੋਨਾਂ ਬੱਚਿਆਂ ਦੇ ਚੰਗੇਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿਤੀਆਂ ਗਈਆਂ।
Marriage
ਦਵਿੰਦਰਪਾਲ ਸਿੰਘ ਦੇ ਚਾਚਾ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਅਪਣੇ ਸੰਬੋਧਨ ਦੌਰਾਨ ਦਸਿਆ ਕਿ 'ਸਾਦੇ ਵਿਆਹ ਸਾਦੇ ਭੋਗ-ਨਾ ਕਰਜ਼ਾ ਨਾ ਚਿੰਤਾ ਰੋਗ' ਦਾ ਹੌਕਾ ਦੇਣ ਵਾਲੇ ਪ੍ਰੋ. (ਡਾ.) ਸਰਬਜੀਤ ਸਿੰਘ ਰੇਣੂਕਾ ਕੋਲ ਲੁਧਿਆਣਾ ਯੂਨੀਵਰਸਿਟੀ 'ਚ ਪੜ੍ਹਾਈ ਕਰਨ ਮੌਕੇ ਦਵਿੰਦਰਪਾਲ ਨੇ ਅਪਣੇ ਪ੍ਰੋਫ਼ੈਸਰ ਅਤੇ ਸਾਥੀਆਂ ਨੂੰ ਵਿਸ਼ਵਾਸ਼ ਦਿਵਾਇਆ ਸੀ ਕਿ ਉਹ ਅਪਣਾ ਵਿਆਹ ਬਿਲਕੁਲ ਸਾਦੇ ਢੰਗ ਨਾਲ ਕਰਵਾਏਗਾ।
Marriage
ਉਨ੍ਹਾਂ ਦਸਿਆ ਕਿ ਲੜਕੀ ਹਰਪ੍ਰੀਤ ਕੌਰ ਦੀ ਵੀ ਇਹੀ ਇੱਛਾ ਸੀ ਕਿ ਉਸ ਦਾ ਵਿਆਹ ਬਿਲਕੁਲ ਸਾਦੇ ਢੰਗ ਨਾਲ ਹੋਵੇ। ਉਨ੍ਹਾਂ ਆਖਿਆ ਕਿ ਭਾਵੇਂ ਕੋਰੋਨਾ ਵਾਇਰਸ ਦੀ ਕਰੋਪੀ ਦਾ ਸੰਕਟ ਥੋੜਚਿਰੀ ਹੈ ਪਰ ਦੁਨੀਆਂ ਦੇ ਕੋਨੇ ਕੋਨੇ 'ਚ ਵਸਦੇ ਪੰਜਾਬੀਆਂ ਨੂੰ ਅਜਿਹੇ ਪ੍ਰੇਰਨਾ ਸਰੋਤ ਬਣਨ ਵਾਲੇ ਸਾਦੇ ਵਿਆਹਾਂ ਤੋਂ ਪ੍ਰੇਰਨਾ ਲੈ ਕੇ ਫ਼ਜ਼ੂਲ ਖਰਚੀ ਤੋਂ ਰਹਿਤ ਖ਼ੁਸ਼ੀ-ਗਮੀ ਦੇ ਸਮਾਗਮ ਨੇਪਰੇ ਚੜਾਉਣੇ ਚਾਹੀਦੇ ਹਨ।
Marriage
ਦਵਿੰਦਰਪਾਲ ਅਤੇ ਹਰਪ੍ਰੀਤ ਨੇ ਵੀ ਮੰਨਿਆ ਕਿ ਉਹ ਸਾਦਾ ਵਿਆਹ ਕਰਵਾ ਕੇ ਨਵੀਂ ਪੀੜੀ ਨੂੰ ਵਿਲੱਖਣ ਸੁਨੇਹਾ ਦੇ ਕੇ ਇਸ ਪਿਰਤ ਨੂੰ ਹੋਰਨਾਂ ਲਈ ਪ੍ਰੇਰਨਾ ਸਰੋਤ ਬਣਾਉਣ ਦੀ ਦਿਲੀ ਇੱਛਾ ਰੱਖਦੇ ਸਨ। ਉਨ੍ਹਾਂ ਦਸਿਆ ਕਿ ਵਿਆਹ ਦੌਰਾਨ ਫ਼ਜ਼ੂਲ ਰਸਮਾ ਨੂੰ ਬਿਲਕੁਲ ਦਰਕਿਨਾਰ ਕਰਦਿਆਂ ਪਹਿਲਾਂ ਪੂਰਨ ਗੁਰਮਰਿਯਾਦਾ ਅਨੁਸਾਰ ਆਨੰਦ ਕਾਰਜ ਦੀ ਰਸਮ ਹੋਈ।