
ਕਿਹਾ- ਯਕੀਨਨ ਜ਼ਿਮਨੀ ਚੋਣ ਦੇ ਨਤੀਜਿਆਂ ‘ਚ ਇਨਕਲਾਬ ਦੀ ਜ਼ਿੰਦਾਬਾਦ ਹੀ ਹੋਵੇਗੀ
ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਹਨਾਂ ਨੇ ਭਦੌੜ ਤੋਂ ਰੋਡ ਸ਼ੋਅ ਕੱਢਿਆ। ਮੁੱਖ ਮੰਤਰੀ ਨੇ ਲੋਕਾਂ ਨੂੰ ਕਿਹਾ ਕਿ ਮੈਨੂੰ ਮੁੱਖ ਮੰਤਰੀ ਬਣਾ ਕੇ ਤੁਹਾਡਾ ਕੰਮ ਪੂਰਾ ਹੋ ਗਿਆ ਹੈ, ਹੁਣ ਅਗਲੀ ਜ਼ਿੰਮੇਵਾਰੀ ਮੇਰੀ ਹੈ। ਇਹ 70 ਸਾਲਾਂ ਤੋਂ ਉਲਝੀ ਹੋਈ ਤਾਣੀ ਹੈ, ਜਿਸ ਨੂੰ ਠੀਕ ਕਰਨ ਵਿਚ ਸਮਾਂ ਲੱਗੇਗਾ। ਜਿਨ੍ਹਾਂ ਨੇ ਤੁਹਾਡਾ ਪੈਸਾ ਖਾਧਾ, ਹੁਣ ਉਹਨਾਂ ਦੀ ਅੰਦਰ ਜਾਣ ਦੀ ਵਾਰੀ ਹੈ ਅਤੇ ਬਹੁਤ ਸਾਰੇ ਲੋਕ ਤਿਆਰ ਹਨ। ਮੇਰੇ ਕੋਲ ਸਾਰੇ ਨਾਵਾਂ ਦੀ ਸੂਚੀ ਹੈ। ਮੈਨੂੰ ਬੱਸ ਕੁਝ ਸਮਾਂ ਚਾਹੀਦਾ ਹੈ।
Punjab CM Bhagwant Mann Sangrur Roadshow
ਮੁੱਖ ਮੰਤਰੀ ਨੇ ਕਿਹਾ ਕਿ ਸੰਗਰੂਰ ਵਾਸੀਆਂ ਨੇ ਮੈਨੂੰ ਹਮੇਸ਼ਾ ਮਾਣ ਬਖ਼ਸ਼ਿਆ। 2014 ਅਤੇ 2019 ‘ਚ ਜਿੱਤ ਦਾ ਝੰਡਾ ਗੱਡਿਆ, ਮੈਂ ਪਾਰਲੀਮੈਂਟ ‘ਚ ਪੰਜਾਬ ਅਤੇ ਸੰਗਰੂਰ ਦੀ ਆਵਾਜ਼ ਬੁਲੰਦ ਕੀਤੀ। ਫਿਰ ਪੰਜਾਬੀਆਂ ਨੇ ਮੇਰੇ ‘ਤੇ ਵਿਸ਼ਵਾਸ ਜਤਾਉਂਦੇ ਹੋਏ ਮੈਨੂੰ ਪੰਜਾਬ ਦੀ ਆਵਾਜ਼ ਬਣਾਇਆ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਸੰਗਰੂਰ ਦੀ ਇਨਕਲਾਬੀ ਧਰਤੀ ਤੋਂ ਉੱਠੀ ਆਵਾਜ਼ ਪੂਰੇ ਦੇਸ਼ ‘ਚ ਗੂੰਜੀ ਹੈ। ਇਸ ਦੇ ਲਈ ਸੰਗਰੂਰ ਵਾਸੀਆਂ ਦੇ ਸਦਾ ਰਿਣੀ ਰਹਾਂਗੇ। ਜਿਨ੍ਹਾਂ ਨੇ ਪਹਿਲਾਂ ਇਨਕਲਾਬ ਦੀ ਆਵਾਜ਼ ਪਾਰਲੀਮੈਂਟ ‘ਚ ਪਹੁੰਚਾਈ, ਫਿਰ ਪੰਜਾਬ ‘ਚ ਬੁਲੰਦ ਕੀਤੀ। ਹੁਣ ਵੀ ਯਕੀਨਨ ਜ਼ਿਮਨੀ ਚੋਣ ਦੇ ਨਤੀਜਿਆਂ ‘ਚ ਇਨਕਲਾਬ ਦੀ ਜ਼ਿੰਦਾਬਾਦ ਹੀ ਹੋਵੇਗੀ।
Punjab CM Bhagwant Mann Sangrur Roadshow
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕੋਈ ਕਹਿ ਰਿਹਾ ਹੈ ਕਿ ਐਮਪੀ ਬਣਾ ਦਿਓ ਤਾਂ ਬੰਦੀ ਸਿੱਖਾਂ ਨੂੰ ਰਿਹਾਅ ਹੋ ਜਾਣਗੇ। ਕਿਸੇ ਨਿਯਮ ਵਿਚ ਲਿਖਿਆ ਹੈ ਕਿ ਤੁਸੀਂ ਐਮਪੀ ਬਣਨ ਤੋਂ ਬਾਅਦ ਬੰਦੀ ਸਿੰਘ ਨੂੰ ਰਿਹਾਅ ਕਰਵਾ ਲਓਗੇ। ਜੇਕਰ ਅਜਿਹਾ ਹੈ ਤਾਂ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਨੇ ਬੰਦੀ ਸਿੰਘਾਂ ਨੂੰ ਰਿਹਾਅ ਕਿਉਂ ਨਹੀਂ ਕਰਵਾਇਆ। ਇਹ ਦੋਵੇਂ ਸੰਸਦ ਮੈਂਬਰ ਵੀ ਹਨ। ਮਾਨ ਨੇ ਯਕੀਨਨ ਕਿਹਾ ਕਿ ਮੈਂ ਖੁਦ ਵੀ ਚਾਹੁੰਦਾ ਹਾਂ ਕਿ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਉਹ ਜੇਲ੍ਹ ਤੋਂ ਬਾਹਰ ਆਉਣ।
Punjab CM Bhagwant Mann Sangrur Roadshow
ਸੀਐਮ ਭਗਵੰਤ ਮਾਨ ਨੇ ਭਾਜਪਾ ਉਮੀਦਵਾਰ ਕੇਵਲ ਢਿੱਲੋਂ 'ਤੇ ਵੱਡਾ ਹਮਲਾ ਕੀਤਾ ਹੈ। ਉਹਨਾਂ ਕਿਹਾ ਕਿ ਢਿੱਲੋਂ ਸਾਡੇ ਸਾਂਝੇ ਘਰ ਦੇ ਵਲੰਟੀਅਰ ਗੁਰਮੇਲ ਵਿਰੁੱਧ ਚੋਣ ਮੈਦਾਨ ਵਿਚ ਹਨ। ਉਸ ਨੇ ਸਪੇਨ ਵਿਚ 2 ਘਰ ਦੱਸੇ ਹਨ। ਸਪੇਨ ਦਾ ਮਤਲਬ ਹੈ ਡਰੱਗ ਤਸਕਰੀ। ਅਜਿਹੇ ਲੋਕਾਂ ਦੇ ਘਰ ਹੀ ਉੱਥੇ ਹੁੰਦੇ ਹਨ। ਢਿੱਲੋਂ ਸੰਗਰੂਰ ਵਿੱ ਏਅਰਪੋਰਟ ਬਣਾਉਣ ਦੀ ਗੱਲ ਕਰ ਰਹੇ ਹਨ। ਇੱਥੇ ਲੋਕ ਬੱਸ ਵਿਚ ਚੜ੍ਹਨ ਦੇ ਯੋਗ ਨਹੀਂ ਹਨ। ਇਹ ਹਵਾਈ ਅੱਡਾ ਉਹਨਾਂ ਦੇ ਹੀ ਕੰਮ ਆਏਗਾ।