
ਸ਼੍ਰੋਮਣੀ ਕਮੇਟੀ ਚਾਹੇ ਤਾਂ 200 ਕਰੋੜ ਦੀ ਬਜਾਏ 2000 ਕਰੋੜ ਰੁਪਏ ਇਕੱਠੇ ਹੋ ਸਕਦੇ ਹਨ – ਸਿਰਸਾ
ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ): ਸਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਸਿੱਖ ਸੰਗਤਾਂ ਦੀ ਮੰਗ ਸੀ ਕਿ ਇਸ ਦਾ ਪ੍ਰਸਾਰਣ ਸਿਰਫ਼ ਇਕ ਚੈਨਲ ਰਾਹੀਂ ਨਹੀਂ ਹੋਣਾ ਚਾਹੀਦਾ। ਸੰਗਤਾਂ ਦੀ ਇਸ ਮੰਗ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਡੀ ਪੇਸ਼ਕਸ਼ ਕੀਤੀ ਹੈ। ਉਹਨਾਂ ਕਿਹਾ ਕਿ ਐਸਜੀਪੀਸੀ ਪੰਜਾਬ ਸਰਾਕਰ ਦੀ ਜੋ ਵੀ ਸੇਵਾ ਲਾਵੇਗੀ ਉਸ ਨੂੰ ਖਿੜੇ ਮੱਥੇ ਸਵਿਕਾਰ ਕੀਤਾ ਜਾਵੇਗਾ। ਇਸ ਸਬੰਧੀ ਸਿੱਖ ਆਗੂ ਬਲਦੇਵ ਸਿਰਸਾ ਨੇ ਕਿਹਾ ਕਿ ਜਿਹੜਾ ਕੰਮ ਅਪਣੇ ਆਪ ਨੂੰ ਪੰਥਕ ਅਖਵਾਉਣ ਵਾਲੀ ਸਰਕਾਰ ਨੇ ਨਹੀਂ ਕੀਤਾ ਉਹ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ।
ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਸਾਲ 2000 ਵਿਚ ਈਟੀਸੀ ਚੈਨਲ ਨਾਲ ਸਮਝੌਤਾ ਹੋਇਆ ਸੀ। ਇਸ ਮਗਰੋਂ ਬਾਦਲਾਂ ਨੇ ਈਟੀਸੀ ਉੱਤੇ ਦਬਾਅ ਪਾ ਕੇ ਪੀਟੀਸੀ ਨਾਲ ਸਮਝੌਤਾ ਕਰਵਾਇਆ ਸੀ। ਉਹਨਾਂ ਦਾ ਕਹਿਣਾ ਹੈ ਕਿ ਕਾਨੂੰਨ ਅਨੁਸਾਰ ਜੇਕਰ ਕਿਸੇ ਇਕ ਚੈਨਲ ਨਾਲ ਸਮਝੌਤਾ ਹੁੰਦਾ ਹੈ ਤਾਂ ਉਸ ਕੋਲ ਇਹ ਅਧਿਕਾਰ ਨਹੀਂ ਹੁੰਦੇ ਕਿ ਉਹ ਕਿਸੇ ਹੋਰ ਨੂੰ ਅਧਿਕਾਰ ਦੇਵੇ। ਬਲਦੇਵ ਸਿਰਸਾ ਨੇ ਦੱਸਿਆ ਕਿ ਇਸ ਸਬੰਧੀ ਉਹਨਾਂ ਨੇ ਅਦਾਲਤ ਵਿਚ ਕੇਸ ਵੀ ਕੀਤਾ ਸੀ ਕਿ ਪੀਟੀਸੀ ਨੇ ਦਬਾਅ ਪਾ ਕੇ ਈਟੀਸੀ ਤੋਂ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਲਏ ਹਨ। ਇਹ ਕਾਨੂੰਨੀ ਤੌਰ ਉੱਤੇ ਗਲਤ ਹੈ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ।
ਉਹਨਾਂ ਦੱਸਿਆ ਕਿ ਜੇਕਰ ਅਸੀਂ ਸ਼੍ਰੋਮਣੀ ਕਮੇਟੀ ਖਿਲਾਫ਼ ਕੇਸ ਕਰਨਾ ਹੋਵੇ ਤਾਂ ਸਾਨੂੰ ਇਹ ਕੇਸ ਗੁਰਦੁਆਰਾ ਜੁਡੀਸ਼ੀਅਲ ਕੋਰਟ ਵਿਚ ਦਰਜ ਕਰਵਾਉਣਾ ਹੁੰਦਾ ਹੈ। ਉਸ ਵਿਚ ਦੋ ਡਾਇਰੈਕਟਰ ਅਤੇ ਇਕ ਚੇਅਰਮੈਨ ਹੁੰਦਾ ਹੈ, ਜੋ ਕਿ ਸ਼੍ਰੋਮਣੀ ਕਮੇਟੀ ਦੇ ਹੀ ਹੁੰਦੇ ਹਨ। ਦੋ ਵਕੀਲਾਂ ਦੀ ਚੋਣ ਸ਼੍ਰੋਮਣੀ ਕਮੇਟੀ ਵਲੋਂ ਕੀਤੀ ਜਾਂਦੀ ਹੈ ਜਦਕਿ ਚੇਅਰਮੈਨ ਦੀ ਚੋਣ ਲਈ ਕਮੇਟੀ ਵਲੋਂ ਪੰਜਾਬ ਸਰਕਾਰ ਨੂੰ ਤਿੰਨ ਵਕੀਲਾਂ ਦਾ ਪੈਨਲ ਭੇਜਿਆ ਜਾਂਦਾ ਹੈ। ਇਸ ਲਈ ਇਹ ਕੇਸ ਖਾਰਜ ਕਰ ਦਿੱਤਾ ਗਿਆ, ਜਿਸ ਲਈ ਉਹ ਹਾਈ ਕੋਰਟ ਵੀ ਗਏ। ਬਲਦੇਵ ਸਿਰਸਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਪਾਪਾਂ ਦਾ ਘੜਾ ਭਰ ਕੇ ਫੁੱਟ ਚੁੱਕਿਆ ਹੈ, ਹੌਲੀ ਹੌਲੀ ਸਭ ਕੁੱਝ ਸਾਹਮਣੇ ਆ ਰਿਹਾ ਹੈ। ਪਹਿਲਾਂ ਚੋਣਾਂ ਵਿਚ ਬਾਦਲਾਂ ਦੀ ਹਾਰ ਹੋਈ ਅਤੇ ਹੁਣ ਪੀਟੀਸੀ ਚੈਨਲ ਦੀ ਹਰਕਤ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਬਾਦਲਾਂ ਨੇ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਜ਼ਰੀਏ ਅਰਬਾਂ-ਖਰਬਾਂ ਰੁਪਏ ਕਮਾਏ ਹਨ। ਇਸ ਦੇ ਨਾਲ ਹੀ ਲੋਕਾਂ ਦਾ ਸੋਸ਼ਣ ਕੀਤਾ ਜਾ ਰਿਹਾ ਸੀ ਅਤੇ ਸਿਆਸੀ ਲਾਹਾ ਵੀ ਲਿਆ ਗਿਆ।
ਉਹਨਾਂ ਦਾ ਕਹਿਣਾ ਹੈ ਕਿ ਪੈਸੇ ਦੀ ਲੁੱਟ ਦੇ ਨਾਲ-ਨਾਲ ਲੜਕੀਆਂ ਦਾ ਸੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਲੈ ਕੇ ਪਰਚਾ ਵੀ ਦਰਜ ਹੋਇਆ ਹੈ। ਉਹਨਾਂ ਕਿਹਾ ਕਿ ਇਹਨਾਂ ਖਿਲਾਫ਼ ਇਕ ਆਵਾਜ਼ ਉੱਠ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਪੇਸ਼ਕਸ਼ ਬਹੁਤ ਵਧੀਆ ਹੈ ਕਿਉਂਕਿ ਕਮੇਟੀ ਦਾ ਕਹਿਣਾ ਹੈ ਕਿ ਉਹ 200 ਕਰੋੜ ਦਾ ਖਰਚਾ ਨਹੀਂ ਕਰ ਸਕਦੇ। ਹਾਲਾਂਕਿ ਸ਼੍ਰੋਮਣੀ ਕਮੇਟੀ ਸੱਦਾ ਦੇਵੇ ਤਾਂ 200 ਕਰੋੜ ਦੀ ਬਜਾਏ 2000 ਕਰੋੜ ਰੁਪਏ ਇਕੱਠਾ ਕੀਤਾ ਜਾ ਸਕਦਾ ਹੈ ਪਰ ਇਹਨਾਂ ਦੀ ਬਦਨੀਤੀ ਹੈ। ਬਾਦਲਾਂ ਦੇ ਇਸ਼ਾਰੇ ਬਿਨ੍ਹਾਂ ਕੁਝ ਨਹੀਂ ਹੁੰਦਾ। ਮੁੱਖ ਮੰਤਰੀ ਦੇ ਬਿਆਨ ਬਾਰੇ ਸਿਰਸਾ ਨੇ ਕਿਹਾ ਕਿ ਇਸ ਨਾਲ ਸ਼੍ਰੋਮਣੀ ਕਮੇਟੀ ਦੁਚਿੱਤੀ ਵਿਚ ਫਸਦੀ ਦਿਖਾਈ ਦੇ ਰਹੀ ਹੈ। ਜੇਕਰ ਉਹ ਚੈਨਲ ਸ਼ੁਰੂ ਕਰਦੇ ਹਨ ਤਾਂ ਇਸ ਦਾ ਸਿਹਰਾ ਭਗਵੰਤ ਮਾਨ ਨੂੰ ਜਾਵੇਗਾ। ਇਹ ਬਹੁਤ ਵਧੀਆ ਪਹਿਲ ਹੈ। ਸਰਕਾਰ ਨੇ ਸਾਫ ਕਿਹਾ ਹੈ ਕਿ ਇਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦਾ ਹੀ ਰਹੇਗਾ ਤੇ ਖਰਚਾ ਸਰਕਾਰ ਦਾ ਹੋਵੇਗਾ। ਅਪਣੇ ਆਪ ਨੂੰ ਪੰਥਕ ਅਖਵਾਉਣ ਵਾਲੀ ਸਰਕਾਰ ਨੇ ਇਹ ਐਲਾਨ ਨਹੀਂ ਕਰ ਸਹੀ। ਉਸ ਸਰਕਾਰ ਨੇ ਤਾਂ ਗੁਰੂ ਦੀ ਗੋਲਕ ਦੀ ਲੁੱਟ ਹੀ ਕੀਤੀ ਹੈ। ਸਿਰਸਾ ਨੇ ਕਿਹਾ ਕਿ ਗੁਰਬਾਣੀ ਦਾ ਵਪਾਰੀਕਰਨ ਨਹੀਂ ਹੋ ਸਕਦਾ।
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਬਲਦੇਵ ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 2011 ਵਿਚ ਹੋਈਆਂ ਸਨ। ਇਸ ਤੋਂ ਬਾਅਦ ਉਹਨਾਂ ਨੇ 2016 ਵਿਚ ਹਾਈ ਕੋਰਟ ਵਿਚ ਪਟੀਸ਼ਨ ਪਾਈ ਸੀ। ਇਸ ਦੌਰਾਨ ਦੋ ਵਾਰ ਚੋਣ ਕਮਿਸ਼ਨ ਦੀ ਨਿਯੁਕਤੀ ਕੀਤੀ ਗਈ ਪਰ ਕੈਪਟਨ ਅਮਰਿੰਦਰ ਸਿੰਘ ਨੇ ਦਫ਼ਤਰ ਹੀ ਨਹੀਂ ਦਿੱਤਾ ਕਿਉਂਕਿ ਉਹ ਬਾਦਲਾਂ ਨਾਲ ਮਿਲੇ ਹੋਏ ਸਨ। ਇਹ ਚੋਣਾਂ ਨਿਰਪੱਖ ਹੋਣੀਆਂ ਚਾਹੀਦੀਆਂ ਹਨ, ਐਸਜੀਪੀਸੀ ਮੈਂਬਰਾਂ ਨੂੰ ਨਿਰਸਵਾਰਥ ਕੰਮ ਕਰਨਾ ਚਾਹੀਦਾ ਹੈ। ਕਿਸਾਨ ਆਗੂ ਨੇ ਦੱਸਿਆ ਕਿ ਕਿਤਾਬਾਂ ਵਿਚ ਇਤਿਹਾਸ ਨਾਲ ਛੇੜਛਾੜ ਮਾਮਲੇ ਵਿਚ ਉਹਨਾਂ ਦੀ ਸਿੱਖਿਆ ਮੰਤਰੀ ਮੀਤ ਹੇਅਰ ਨਾਲ ਮੁਲਾਕਾਤ ਹੋਈ ਹੈ। ਉਹਨਾਂ ਨੂੰ ਸਾਰੀਆਂ ਕਿਤਾਬਾਂ ਦਿਖਾਈਆਂ ਗਈਆਂ। ਉਹਨਾਂ ਨੂੰ ਦੱਸਿਆ ਗਿਆ ਕਿ ਜਦੋਂ 1997 ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਈ ਤਾਂ ਉਦੋਂ ਤੋਂ ਇਹਨਾਂ ਕਿਤਾਬਾਂ ਨੂੰ ਪ੍ਰਗਵਾਨਗੀ ਦੇ ਕੇ ਸਕੂਲਾਂ ਵਿਚ ਪੜ੍ਹਾਇਆ ਜਾ ਰਿਹਾ ਹੈ। ਇਹ ਸੁਣ ਕੇ ਉਹ ਵੀ ਹੈਰਾਨ ਹੋਏ ਅਤੇ ਉਹਨਾਂ ਨੂੰ ਦੱਸਿਆ ਗਿਆ ਕਿ ਇਸ ਪਿੱਛੇ ਆਰਐਸਐਸ ਦਾ ਹੱਥ ਹੈ। ਪੰਜਾਬ ਦੇ ਸਕੂਲਾਂ ਵਿਚ ਬੱਚਿਆਂ ਨੂੰ ਗਲਤ ਇਤਿਹਾਸ ਪੜ੍ਹਾਇਆ ਜਾ ਰਿਹਾ ਤਾਂ ਜੋ ਆਉਣ ਵਾਲੇ ਸਮੇਂ ਵਿਚ ਕੋਈ ਇਹ ਨਾ ਕਹੇ ਕਿ ਸਿੱਖ ਧਰਮ ਵੱਖਰਾ ਧਰਮ ਹੈ।