
4 ਮਹੀਨਿਆਂ ਤੱਕ ਦਰਜ ਨਹੀਂ ਕੀਤਾ ਮਾਮਲਾ, ਘਟਨਾ ਦੀ CCTV ਵੀ SHO ਨੂੰ ਦਿੱਤੀ ਗਈ ਸੀ
Tarn Taran News : ਤਰਨਤਾਰਨ ਦੇ ਐਸਐਸਪੀ ਅਸ਼ਵਨੀ ਕਪੂਰ ਨੇ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ ਵਿੱਚ ਥਾਣੇ ਦੀ ਐਸਐਚਓ ਨੂੰ ਮੁਅੱਤਲ ਕਰ ਦਿੱਤਾ ਹੈ। ਚਾਰ ਮਹੀਨਿਆਂ ਤੋਂ ਚੋਰੀ ਦਾ ਕੇਸ ਦਰਜ ਨਾ ਕਰਨ ਵਾਲੀ ਹਰੀਕੇ ਥਾਣਾ ਮੁਖੀ ਸ਼ਿਮਲਾ ਰਾਣੀ ਨੂੰ ਐਸਐਸਪੀ ਨੇ ਤੁਰੰਤ ਮੁਅੱਤਲ ਕਰਕੇ ਪੁਲੀਸ ਲਾਈਨ ਭੇਜ ਦਿੱਤਾ ਹੈ।
ਦਰਅਸਲ, ਇਸ ਮਾਮਲੇ ਦਾ ਪੀੜਤ ਉਕਤ ਥਾਣੇ ਦੇ ਕਈ ਚੱਕਰ ਕੱਟ ਚੁੱਕਾ ਸੀ ਅਤੇ ਫਿਰ ਉਸ ਨੇ ਐੱਸਐੱਸਪੀ ਸਾਹਮਣੇ ਪੇਸ਼ ਹੋ ਕੇ ਸਾਰੀ ਘਟਨਾ ਬਿਆਨ ਕੀਤੀ। ਜਿਸ ਤੋਂ ਬਾਅਦ ਐਸਐਸਪੀ ਨੇ ਤੁਰੰਤ ਕਾਰਵਾਈ ਕਰਦਿਆਂ ਹਰੀਕੇ ਥਾਣੇ ਦੀ ਐਸਐਚਓ ਸ਼ਿਮਲਾ ਰਾਣੀ ਨੂੰ ਮੁਅੱਤਲ ਕਰ ਦਿੱਤਾ ਅਤੇ ਚੋਰੀ ਦੀ ਘਟਨਾ ਸਬੰਧੀ ਕੇਸ ਦਰਜ ਕਰਨ ਦੇ ਹੁਕਮ ਦਿੱਤੇ।
ਪੀੜਤਾਂ ਨੂੰ ਟਾਲਦੀ ਰਹੀ ਥਾਣਾ ਮੁਖੀ
ਹਰੀਕੇ ਵਾਸੀ ਸਾਹਿਬ ਸਿੰਘ ਸੰਧੂ ਨੇ ਦੱਸਿਆ ਕਿ ਉਸ ਦੀ ਹਰੀਕੇ ਵਿੱਚ ਇਲੈਕਟ੍ਰੋਨਿਕ ਦੀ ਦੁਕਾਨ ਹੈ। ਉਸ ਨੇ ਦੱਸਿਆ ਕਿ 27 ਜਨਵਰੀ ਦੀ ਰਾਤ ਨੂੰ ਚੋਰ ਉਸ ਦੀ ਦੁਕਾਨ ਵਿਚ ਦਾਖਲ ਹੋਏ ਅਤੇ ਦੁਕਾਨ ਵਿਚ ਰੱਖੇ 30 ਦੇ ਕਰੀਬ ਮੋਬਾਈਲ ਚੋਰੀ ਕਰ ਕੇ ਲੈ ਗਏ | ਚੋਰੀ ਦੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੀੜਤ ਸੰਧੂ ਅਨੁਸਾਰ ਉਸ ਨੇ ਤੁਰੰਤ ਇਸ ਦੀ ਸੂਚਨਾ ਥਾਣਾ ਹਰੀਕੇ ਦੀ ਮੁਖੀ ਸ਼ਿਮਲਾ ਰਾਣੀ ਨੂੰ ਦਿੱਤੀ। ਸ਼ਿਮਲਾ ਰਾਣੀ ਇਹ ਕਹਿ ਕੇ ਮਾਮਲਾ ਟਾਲਦੀ ਰਹੀ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।
ਪੀੜਤ ਨੇ ਖੁਦ ਚੋਰ ਦੀ ਭਾਲ ਕੀਤੀ
ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਖੁਦ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਮਿਲ ਕੇ ਉਸ ਦੀ ਪਛਾਣ ਕਰਨ ਲਈ ਆਸ-ਪਾਸ ਦੇ ਪਿੰਡਾਂ ਦੇ ਸੀਸੀਟੀਵੀ ਵਿੱਚ ਕੈਦ ਹੋਈ ਚੋਰ ਦੀ ਫੋਟੋ ਦਿਖਾਉਂਦੇ ਰਹੇ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਚੋਰੀ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਨੇੜਲੇ ਪਿੰਡ ਮਰਹਾਣਾ ਦਾ ਵਸਨੀਕ ਹੈ। ਇਸ ਸਬੰਧੀ ਉਨ੍ਹਾਂ ਐਸਐਚਓ ਸ਼ਿਮਲਾ ਰਾਣੀ ਨੂੰ ਵੀ ਸੂਚਿਤ ਕੀਤਾ ਪਰ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ।
ਕੁਝ ਦਿਨਾਂ ਬਾਅਦ ਜਦੋਂ ਉਹ ਦੁਬਾਰਾ ਥਾਣੇ ਗਿਆ ਤਾਂ ਸ਼ਿਮਲਾ ਰਾਣੀ ਨੇ ਉਸ ਨੂੰ ਦੱਸਿਆ ਕਿ ਉਸ ਨੇ ਮੁਲਜ਼ਮ ਨੂੰ ਥਾਣੇ ਬੁਲਾਇਆ ਹੈ ਅਤੇ ਬਿਠਾ ਕੇ ਰਾਜ਼ੀਨਾਮਾ ਕਰਵਾ ਦੇਵਾਂਗੇ। ਪੀੜਤ ਨੇ ਦੱਸਿਆ ਕਿ ਜਦੋਂ ਉਸ ਨੇ ਸ਼ਿਮਲਾ ਰਾਣੀ ਨੂੰ ਦੱਸਿਆ ਕਿ ਉਸ ਦੀ ਦੁਕਾਨ ਵਿੱਚ ਚੋਰੀ ਹੋਈ ਹੈ ਤਾਂ ਉਸ ਨੇ ਰਾਜ਼ੀਨਾਮਾ ਕਿਸ ਗੱਲ ਦਾ ਕਰਨਾ ਹੈ। ਇਸ ਤੋਂ ਬਾਅਦ ਉਹ ਐਸਐਸਪੀ ਅਸ਼ਵਨੀ ਕਪੂਰ ਨੂੰ ਮਿਲੇ ਅਤੇ ਉਨ੍ਹਾਂ ਨੂੰ ਸਾਰੀ ਘਟਨਾ ਦੱਸੀ। ਜਿਸ ਤੋਂ ਬਾਅਦ ਐਸਐਸਪੀ ਨੇ ਕਾਰਵਾਈ ਕਰਦਿਆਂ ਥਾਣਾ ਮੁਖੀ ਨੂੰ ਮੁਅੱਤਲ ਕਰ ਦਿੱਤਾ।