
ਅਧਿਆਪਕ ਬੱਚਿਆਂ ਨੂੰ ਲਾਇਬ੍ਰੇਰੀ ਦੀਆਂ ਵੱਧ ਤੋਂ ਵੱਧ ਕਿਤਾਬਾਂ ਪੜ੍ਹਾਉਣ-ਕ੍ਰਿਸ਼ਨ ਕੁਮਾਰ
ਐੱਸ.ਏ.ਐੱਸ ਨਗਰ: ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦੀ ਕਾਰਵਾਈ ਨਿਰੰਤਰ ਜਾਰੀ ਰਹੇਗੀ। ਜਿਹੜੇ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਹਾਲੇ ਤੱਕ ਨਹੀਂ ਮਿਲੇ,ਉਹਨਾਂ ਨੂੰ ਮਹਿਕਮੇ ਵੱਲੋਂ ਉਹਨਾਂ ਤੱਕ ਖ਼ੁਦ ਪਹੁੰਚ ਕਰਕੇ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਅੱਜ ਐਜੂਸੈੱਟ ਰਾਹੀਂ ਸਕੂਲਾਂ ਨੂੰ ਮੁਖ਼ਾਤਿਬ ਕਰਦੇ ਹੋਏ ਕਿਹਾ ਗਿਆ ਕਿ ਸਿੱਖਿਆ ਵਿਭਾਗ 'ਚ ਬਕਾਇਦਾ ਇੱਕ ਅਧਿਕਾਰੀ ਮੈਡਮ ਸੁਰੇਖਾ ਦੀ ਸ਼ਪੈਸ਼ਲ ਡਿਊਟੀ ਲਗਾ ਦਿੱਤੀ ਗਈ ਹੈ, ਜਿਹਨਾਂ ਦੀ ਮੇਲ ਆਈ ਡੀ sanman.pb19@gmail.com 'ਤੇ ਸਕੂਲ ਮੁੱਖੀ ਵੱਲੋਂ ਸ਼ਿਫਾਰਸ਼ ਕਰਕੇ ਪ੍ਰਸ਼ੰਸਾ ਪੱਤਰ ਲਈ ਅਰਜੀ ਭੇਜੀ ਜਾ ਸਕਦੀ ਹੈ।
Edusat
ਸਿੱਖਿਆ ਸਕੱਤਰ ਨੇ ਆਪਣੇ ਸੰਬੋਧਨ ਵਿੱਚ ਸਕੂਲੀ ਲਾਇਬ੍ਰੇਰੀ ਵਿੱਚੋਂ ਵੱਧ ਤੋਂ ਵੱਧ ਕਿਤਾਬਾਂ ਜਾਰੀ ਕਰਵਾ ਕੇ ਪੜ੍ਹਣ ਦੀ ਮੁਹਿੰਮ ਨੂੰ ਜ਼ੋਰ ਸ਼ੋਰ ਨਾਲ਼ ਚਲਾਉਣ ਦੀ ਤਾਕੀਦ ਕਰਦਿਆਂ ਕਿਹਾ ਕਿ ਕਿਤਾਬਾਂ ਬੱਚਿਆਂ ਦੇ ਹੱਥਾਂ ਵਿੱਚ ਫਟ ਜਾਣ ਤਾਂ ਕੋਈ ਗੱਲ ਨਹੀਂ ।ਉਹਨਾਂ ਕਿਹਾ ਕਿ ਮੈਨੂੰ ਬੱਚਿਆਂ ਵੱਲੋਂ ਲਗਾਤਾਰ ਵਾਇਸ ਮੇਲ ਸੁਨੇਹੇ ਆ ਰਹੇ ਹਨ, ਫੋਟੋਆਂ ਆ ਰਹੀਆਂ ਹਨ ਬੱਚੇ ਬਹੁਤ ਉਤਸੁਕਤਾ, ਖੁਸ਼ੀ ਅਤੇ ਚਾਅ ਨਾਲ਼ ਕਿਤਾਬਾਂ 'ਚੋਂ ਗਿਆਨ ਹਾਸਲ ਕਰ ਰਹੇ ਹਨ।
PSEB
ਸਿੱਖਿਆ ਸਕੱਤਰ ਨੇ ਸਰਕਾਰੀ ਸਕੂਲਾਂ 'ਚ ਅੰਗਰੇਜ਼ੀ ਸਪੀਕਿੰਗ ਵੱਲ ਖ਼ਾਸ ਧਿਆਨ ਦੇਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਵਾਰ ਸਰਕਾਰੀ ਸਕੂਲਾਂ ਦੁਆਰਾ 7 ਫ਼ੀਸਦੀ ਦਾਖ਼ਲਾ ਵਧਾਉਣ ਕਰਕੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਉਹਨਾਂ ਕਿਹਾ ਕਿ ਸਾਡੇ ਸਰਕਾਰੀ ਸਕੂਲਾਂ ਦੀਆਂ ਸ਼ਾਨਦਾਰ ਇਮਾਰਤਾਂ, ਅਧਿਆਪਕਾਂ ਦੀ ਮਿਹਨਤ ਅਤੇ ਲਗਨ ,ਮਹਿਕਮੇ ਦੀਆਂ ਉਸਾਰੂ ਅਤੇ ਨਿਪੁੰਨ ਨੀਤੀਆਂ ਕਰਕੇ ਪ੍ਰਾਈਵੇਟ ਸਕੂਲਾਂ 'ਚੋਂ ਹਟ ਕੇ ਬੱਚੇ ਸਾਡੇ ਸਰਕਾਰੀ ਸਕੂਲਾਂ ਵਿੱਚ ਆਏ ਹਨ। ਅਸੀਂ ਉਹਨਾਂ ਨੂੰ ਵਧੀਆ ਅੰਗਰੇਜ਼ੀ ਬੋਲਣ,ਵਧੀਆ ਮਾਹੌਲ ਦੇਣ ਦਾ ਵਾਅਦਾ ਕੀਤਾ ਹੈ।
Education
ਆਪਣੇ ਸੰਬੋਧਨ 'ਚ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸਾਡੇ ਲਈ ਸਾਡੀ ਮਾਤ ਭਾਸ਼ਾ ਪੰਜਾਬੀ ਵੀ ਬਹੁਤ ਜ਼ਰੂਰੀ ਹੈ। ਬੱਚੇ 'ਚ ਬਹੁਤ ਪ੍ਰਤਿਭਾ ਤੇ ਸਮਰੱਥਾ ਹੁੰਦੀ ਹੈ ਉਹ 3 ਤੋਂ 8 ਸਾਲ ਦੀ ਉਮਰ ਤੱਕ ਕਈ ਭਾਸ਼ਾਵਾਂ ਅਸਾਨੀ ਨਾਲ ਸਿੱਖ ਸਕਦਾ ਹੈ। ਬੱਚੇ ਦਾ ਦਿਮਾਗ ਭਾਸ਼ਾ ਸਿੱਖਣ ਦੇ ਮਾਮਲੇ 'ਚ ਵੱਡਿਆਂ ਤੋਂ ਵੀ ਵੱਧ ਕੰਮ ਕਰਦਾ ਹੈ। ਉਨ੍ਹਾਂ ਕਿਹਾ ਇਹ ਧਾਰਨਾ ਬਿਲਕੁਲ ਗਲਤ ਹੈ ਕਿ ਹੁਸ਼ਿਆਰ ਬੱਚਾ ਹੀ ਅੰਗਰੇਜ਼ੀ ਬੋਲ, ਸਿੱਖ ਸਕਦਾ ਹੈ। ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਇਸ ਵਾਰ ਵਧੀਆ ਨਤੀਜਿਆਂ ,ਇਨਰੋਲਮੈਂਟ 'ਚ ਵਾਧਾ ਅਤੇ ਪੰਜਾਬ ਦੇ ਸਿੱਖਿਆ ਰੈਂਕਿੰਗ 'ਚ ਹੋਏ ਵਾਧੇ ਕਰਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸਿੱਖਿਆ ਵਿਭਾਗ ਨੂੰ ਉਚੇਚੀ ਸ਼ਾਬਾਸ਼ ਦਿੱਤੀ ਹੈ।