
ਵਿਦਿਆਰਥੀਆਂ ਨੂੰ ਖੁਦ ਵੰਡੀਆਂ ਲਾਇਬ੍ਰੇਰੀ ਦੀਆਂ ਕਿਤਾਬਾਂ ਅਤੇ ਪੜ੍ਹੀਆਂ ਕਿਤਾਬਾਂ ਸਬੰਧੀ ਲਿਆ ਸਾਕਾਰਾਤਮਕ ਫੀਡਬੈਕ
ਐੱਸ.ਏ.ਐੱਸ. ਨਗਰ : ਸਵੇਰੇ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਚਰਚਾ ਸ਼ੁਰੂ ਹੋ ਗਈ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵੱਖ-ਵੱਖ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਦੌਰਾ ਕਰਨਗੇ ਤਾਂ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਸਨ| ਪਰ ਜਿਵੇਂ ਹੀ ਫੇਸਬੁੱਕ 'ਤੇ ਲਾਈਵ ਹੋਏ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਸਰਕਾਰੀ ਸਕੂਲ ਰਾਣੀ ਮਾਜਰਾ ਜ਼ਿਲ੍ਹਾ ਐੱਸ.ਏ.ਐੱਸ. ਨਗਰ ਵਿਖੇ ਸਵੇਰ ਦੀ ਸਭਾ ਵਿੱਚ ਹਿੱਸਾ ਲਿਆ ਅਤੇ ਬਆਦ ਵਿੱਚ ਛੇਵੀਂ ਅਤੇ ਹੋਰ ਜਮਾਤਾਂ ਦੇ ਬੱਚਿਆਂ ਨੂੰ ਲਾਇਬ੍ਰੇਰੀ ਦੀਆਂ ਕਿਤਾਬਾਂ ਵੰਡੀਆਂ ਅਤੇ ਪੜ੍ਹੀਆਂ ਜਾ ਚੁੱਕੀਆਂ ਕਿਤਾਬਾਂ ਦਾ ਫੀਡਬੈਕ ਲਿਆ ਤਾਂ ਵਿਦਿਆਰਥੀਆਂ ਦੇ ਚਿਹਰਿਆਂ 'ਤੇ ਖੁਸ਼ੀ ਛਾ ਗਈ|
Krishan Kumar
ਅਧਿਆਪਕਾਂ ਦੇ ਮਨਾਂ ਦਾ ਸਹਿਮ ਸਕੱਤਰ ਸਕੂਲ ਸਿੱਖਿਆ ਨੂੰ ਮਿਲਣ 'ਤੇ ਚਾਅ ਵਿੱਚ ਬਦਲ ਗਿਆ| ਸਕੱਤਰ ਸਕੂਲ ਸਿੱਖਿਆ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਣੀ ਮਾਜਰਾ ਜ਼ਿਲ੍ਹਾ ਐੱਸ.ਏ.ਐੱਸ. ਨਗਰ ਵਿਖੇ ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਦੀ ਵੰਡ ਅਤੇ ਇਸਦੀ ਪ੍ਰਕਿਰਿਆ ਬਾਰੇ ਨਿਰੀਖਣ ਕੀਤਾ| ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੂੰ ਆਪਣੇ ਹੱਥਾਂ ਨਾਲ ਰੌਚਿਕ ਕਹਾਣੀਆਂ ਦੀਆਂ ਕਿਤਾਬਾਂ ਵੰਡੀਆਂ| ਕਿਤਾਬਾਂ ਦੀ ਵੰਡ ਕਰਦੇ ਸਮੇਂ ਜਮਾਤਾਂ ਦੇ ਬੱਚਿਆਂ ਦੁਆਰਾ ਪਹਿਲਾਂ ਪੜ੍ਹੀਆਂ ਗਈਆਂ ਕਿਤਾਬਾਂ ਬਾਰੇ ਜਾਣਕਾਰੀ ਹਾਸਲ ਕੀਤੀ|
PSEB
ਸਰਕਾਰੀ ਪ੍ਰਾਇਮਰੀ ਸਕੂਲ ਟਕਾਰਲਾ ਜ਼ਿਲ੍ਹਾ ਸਭਸ ਨਗਰ ਵਿਖੇ ਸਕੱਤਰ ਸਕੂਲ ਸਿੱਖਿਆ ਨੇ ਪ੍ਰੀ-ਪ੍ਰਾਇਮਰੀ ਜਮਾਤ, ਪੰਜਵੀਂ ਦੇ ਸਿੱਖਣ ਪੱਧਰ ਦੀ ਜਾਂਚ ਲਈ ਪੰਜਾਬੀ ਅਤੇ ਅੰਗਰੇਜ਼ੀ ਦੀ ਸੂਝ-ਬੂਝ, ਸਮਾਰਟ ਮਲਟੀਮੀਡੀਆ ਕਲਾਸਰੂਮ ਅਤੇ ਸਮੁਦਾਇ ਦੇ ਸਹਿਯੋਗ ਨਾਲ ਬਣਵਾਏ ਗਏ ਅਤਿ-ਆਧੁਨਿਕ ਪਖਾਨਿਆਂ ਦਾ ਨਿਰੀਖਣ ਕੀਤਾ| ਇਸ ਉਪਰੰਤ ਉਹ ਸਰਕਾਰੀ ਹਾਈ ਸਕੂਲ ਟਕਾਰਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰ ਅਤੇ ਸਰਕਾਰੀ ਮਿਡਲ ਸਕੂਲ ਹਯਾਤਪੁਰ ਵਿੱਚ ਵੀ ਗਏ ਜਿੱਥੇ ਉਹਨਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਵਧੀਆ ਮਿਆਰ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ|
School Inspection
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਵਿੱਚ ਭਾਸ਼ਾ ਦੇ ਗਿਆਨ ਅਤੇ ਆਤਮ-ਵਿਸ਼ਵਾਸ ਵਧਾਉਣ ਲਈ ਲਾਇਬ੍ਰੇਰੀ ਦੀਆਂ ਕਿਤਾਬਾਂ ਦੀ ਵਰਤੋਂ ਕਰਨ| ਉਹਨਾਂ ਖੁਦ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀਆਂ ਛੋਟੀਆਂ ਕਹਾਣੀਆਂ ਦੀਆਂ ਕਿਤਾਬਾਂ ਵੰਡੀਆਂ ਅਤੇ ਉਹਨਾਂ ਤੋਂ ਪੜ੍ਹੀਆਂ ਕਹਾਣੀਆਂ ਬਾਰੇ ਪੁੱਛਿਆ ਤਾਂ ਵਿਦਿਆਰਥੀਆਂ ਨੇ ਚੰਗਾ ਫੀਡਬੈਕ ਦਿੱਤਾ| ਪਰ ਉਹਨਾਂ ਕਿਹਾ ਕਿ ਅਜੇ ਲਾਇਬ੍ਰੇਰੀ ਦੇ ਖੇਤਰ ਵਿੱਚ ਹੋਰ ਵੀ ਬਹੁਤ ਕੁਝ ਕਰਨ ਦੀ ਲੋੜ ਹੈ| ਵਿਦਿਆਰਥੀ ਦੀ ਪਹੁੰਚ ਵਿੱਚ ਕਿਤਾਬ ਹੋਵੇ ਅਤੇ ਹਰ ਵਿਦਿਆਰਥੀ ਕਿਤਾਬ ਨੂੰ ਪੜ੍ਹ ਸਕੇ ਅਜਿਹੀ ਪਹੁੰਚ ਸਕੂਲ ਮੁਖੀ, ਲਾਇਬ੍ਰੇਰੀਅਨ ਜਾਂ ਲਾਇਬ੍ਰੇਰੀ ਇੰਚਾਰਜ ਅਧਿਆਪਕ ਨੂੰ ਅਪਣਾਉਣੀ ਪਵੇਗੀ|
Krishan Kumar in school
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਸਰਕਾਰੀ ਸਕੂਲਾਂ ਵਿੱਚ ਦਿੱਤੇ ਜਾ ਰਹੇ ਸਮੁਦਾਇ ਦੇ ਸਹਿਯੋਗ ਲਈ ਕਿਹਾ ਕਿ ਜਿੱਥੇ ਅਧਿਆਪਕ ਨੇ ਆਪਣਾ ਵਿਸ਼ਵਾਸ ਸਮੁਦਾਇ ਵਿੱਚ ਬਣਾਇਆ ਹੈ ਉੱਥੇ ਅਧਿਆਪਕਾਂ ਨੇ ਸਕੂਲਾਂ ਦੀ ਕਾਇਆ-ਕਲਪ ਕਰ ਦਿੱਤੀ ਹੈ| ਸਰਕਾਰੀ ਪ੍ਰਾਇਮਰੀ ਸਕੂਲ ਟਕਾਰਲਾ ਦੇ ਮਲਟੀਮੀਡੀਆ ਕਲਾਸਰੂਮ, ਫਰਨੀਚਰ ਅਤੇ ਅਤਿ-ਆਧੁਨਿਕ ਢੰਗ ਨਾਲ ਬਣੇ ਪਖਾਨਿਆਂ ਦੀ ਤਾਰੀਫ ਕਰਦਿਆਂ ਸਕੂਲ ਅਧਿਆਪਕਾਂ ਦੇ ਉਤਸ਼ਾਹ ਅਤੇ ਸਮੁਦਾਇ ਨੂੰ ਪ੍ਰੇਰਨਾ ਦੇਣ ਦੇ ਕਾਰਜਾਂ ਦੀ ਤਾਰੀਫ਼ ਕੀਤੀ| ਉਹਨਾਂ ਸਰਕਾਰੀ ਹਾਈ ਸਕੂਲ ਟਕਾਰਲਾ ਦੀ ਕੰਪਿਊਟਰ ਲੈਬ ਦਾ ਨਿਰੀਖਣ ਕੀਤਾ ਅਤੇ ਸਕੂਲ ਮੁਖੀ ਅਤੇ ਅਧਿਆਪਕਾਂ ਨੂੰ ਵਧੀਆ ਕਾਰਜਾਂ ਲਈ ਵਧਾਈ ਵੀ ਦਿੱਤੀ|