19 ਸਾਲ ਦੀ ਉਮਰ ’ਚ ਅੱਖਾਂ ਗਵਾਉਣ ਵਾਲੀ ਡਾ. ਕਿਰਨ ਅੱਜ ਪੀ.ਯੂ. ’ਚ ਬਤੌਰ ਅਸਿਸਟੈਂਟ ਪ੍ਰੋਫੈਸਰ ਦੇ
Published : Jul 16, 2021, 12:31 am IST
Updated : Jul 16, 2021, 12:31 am IST
SHARE ARTICLE
image
image

19 ਸਾਲ ਦੀ ਉਮਰ ’ਚ ਅੱਖਾਂ ਗਵਾਉਣ ਵਾਲੀ ਡਾ. ਕਿਰਨ ਅੱਜ ਪੀ.ਯੂ. ’ਚ ਬਤੌਰ ਅਸਿਸਟੈਂਟ ਪ੍ਰੋਫੈਸਰ ਦੇ ਰਹੇ ਹਨ ਸੇਵਾਵਾਂ

ਪਟਿਆਲਾ, 15 ਜੁਲਾਈ (ਅਵਤਾਰ ਸਿੰਘ ਗਿੱਲ): ਜੇਕਰ ਇਨਸਾਨ ਦੇ ਹੌਂਸਲੇ ਬੁਲੰਦ ਹੋਣ ਤਾਂ ਪ੍ਰਸਥਿਤੀਆਂ ਕੋਈ ਵੀ ਹੋਣ ਹਿੰਮਤ ਹੌਂਸਲੇ ਅਤੇ ਸਿਰੜ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਅੱਜ ਤੁਹਾਨੂੰ ਅਜਿਹੀ ਇਕ ਬੁਲੰਦ ਹੌਂਸਲੇ ਦੀ ਮਿਸਾਲ ਨਾਲ ਮਿਲਵਾਉਂਦੇ ਹਾਂ, ਜਿਸ ਦੀਆਂ ਅੱਖਾਂ ਵਿਚ ਲੋਅ ਬੇਸ਼ਕ ਨਹੀਂ ਪਰ ਇਹ ਅਪਣੀ ਮਿਹਨਤ ਅਤੇ ਬੁਲੰਦ ਹੌਸਲੇ ਨਾਲ ਵੱਡੇ ਮੁਕਾਮ ਹਾਸਲ ਕਰ ਚੁੱਕੀ ਹੈ। ਅਸੀਂ ਗੱਲ ਕਰ ਰਹੇ ਹਾਂ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਸ਼ਸ਼ੋਲੋਜੀ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ. ਕਿਰਨ ਦੀ, ਜਿਨ੍ਹਾਂ ਨੇ 19 ਸਾਲ ਦੀ ਛੋਟੀ ਉਮਰ ਵਿਚ ਅਪਣੀਆਂ ਅੱਖਾਂ ਗਵਾ ਲਈਆਂ ਪਰ ਹੌਸਲਾ ਅਤੇ ਕੁੱਝ ਕਰਨ ਦਾ ਜਜ਼ਬਾ ਨਹੀਂ ਛੱਡਿਆ। ਡਾ. ਕਿਰਨ ਨੂੰ ਸੀ.ਐਮ.ਸੀ. ਲੁਧਿਆਣਾ ਵਿਚ ਕੇਵਲ 19 ਸਾਲ ਦੀ ਉਮਰ ਵਿਚ ਹੀ ਨਰਸਿੰਗ ਦੀ ਪੜ੍ਹਾਈ ਕਰ ਕੇ ਅਜਿਹਾ ਦਿਮਾਗੀ ਬੁਖਾਰ ਚੜਿ੍ਹਆ ਜੋ ਜਦੋਂ ਉਤਰਿਆ ਤਾਂ ਨਾਲ ਡਾ. ਕਿਰਨ ਦੀਆਂ ਅੱਖਾਂ ਦੀ ਰੋਸ਼ਨੀ ਵੀ ਲੈ ਗਿਆ। ਪਰਵਾਰ ਵਲੋਂ ਬੜੇ ਇਲਾਜ ਕਰਵਾਏ ਗਏ ਪਰ ਬੇਸ਼ੁਮਾਰ ਪੈਸਾ ਖ਼ਰਚਣ ’ਤੇ ਵੀ ਅੱਖਾਂ ਦੀ ਰੋਸ਼ਨੀ ਵਾਪਸ ਨਹੀਂ ਪਰਤੀ। ਅਸੀਂ ਆਮ ਦੇਖਦੇ ਹਾਂ ਕਿ ਜਦੋਂ ਕਿਸੇ ਇਨਸਾਨ ’ਤੇ ਥੋੜੀ ਵੀ ਮੁਸੀਬਤ ਪੈ ਜਾਂਦੀ ਹੈ ਤਾਂ ਉਹ ਹੌਸਲਾ ਛੱਡ ਕੇ ਹਥਿਆਰ ਸੁੱਟ ਦਿੰਦਾ ਹੈ ਪਰ ਕਿਰਨ ਦੇ ਮਾਮਲੇ ਵਿਚ ਅਜਿਹਾ ਨਹੀਂ ਹੋਇਆ। ਉਸ ਦੀਆਂ ਅੱਖਾਂ ਦੀ ਜੋਤ ਬੇਸ਼ੱਕ ਬੁਝ ਚੁੱਕੀ ਸੀ ਪਰ ਉਸ ਨੇ ਅਪਣੇ ਅੰਦਰ ਦੀ ਕੁੱਝ ਕਰਨ ਦੀ ਆਸ ਦੀ ਕਿਰਨ ਨੂੰ ਮਰਨ ਨਹੀਂ ਦਿਤਾ। ਡਾ. ਕਿਰਨ ਦੱਸਦੇ ਹਨ ਕਿ ਜਦੋਂ ਉਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਤਾਂ ਇਕ ਵਾਰ ਉਹ ਹਤਾਸ਼ ਜ਼ਰੂਰ ਹੋਈ ਪਰ ਘਰਦਿਆਂ ਵਲੋਂ ਮਿਲੇ ਹੌਸਲੇ ਨੇ ਉਸ ਨੂੰ ਇਕ ਵਾਰ ਫਿਰ ਕੁੱਝ ਕਰ ਗੁਜ਼ਰਨ ਦੀ ਚਿਣਗ ਲਗਾ ਦਿਤੀ। ਇਸ ਤੋਂ ਬਾਅਦ ਉਸ ਨੇ ਇਕ ਸਪੈਸ਼ਲ ਵੋਕੇਸ਼ਨਲ ਰਿਹੈਬਲੀਟੇਸ਼ਨ ਸੈਂਟਰ ਜੁਆਇਨ ਕੀਤਾ ਜਿਸ ਵਿਚ ਉਨ੍ਹਾਂ ਲੀਵਿੰਗ ਸਕਿੱਲ ਸਿੱਖੇ ਅਤੇ ਦੁਬਾਰਾ ਸਮਾਜ ਵਿਚ ਵਿਚਰਨਾ ਸ਼ੁਰੂ ਕੀਤਾ ਅਤੇ ਬਰੇਲ ਲਿਪੀ ਰਾਹੀਂ ਅਪਣੀ ਸਿੱਖਿਆ ਜਾਰੀ ਰੱਖੀ ਜਿਸ ਅਧੀਨ ਉਨ੍ਹਾਂ ਵਲੋਂ ਪੀ.ਐਚ.ਡੀ. ਕਰ ਕੇ ਡਾਕਟਰ ਦੀ ਉਪਾਧੀ ਵੀ ਹਾਸਲ ਕੀਤੀ ਗਈ। ਡਾ. ਕਿਰਨ ਦਸਦੇ ਹਨ ਕਿ ਬੇਸ਼ੱਕ ਉਨ੍ਹਾਂ ਕੋਲ ਅੱਜ ਅੱਖਾਂ ਨਹੀਂ ਹਨ ਪਰ ਉਹ ਅੱਜ ਵੀ ਸਮਾਜ ਵਿਚ ਆਮ ਲੋਕਾਂ ਵਾਂਗ ਹੀ ਵਿਚਰਦੇ ਹਨ। ਚੰਡੀਗੜ੍ਹ ਵਿਖੇ ‘‘ਇੰਸਟੀਚਿਊਟ ਫ਼ਾਰ ਦੀ ਬਲਾਈਂਡ’’ ਵਿਚ ਨੌਕਰੀ ਕਰਦੇ ਉਨ੍ਹਾਂ ਅਪਣੀ ਹਾਇਰ ਐਜੂਕੇਸ਼ਨ ਅਤੇ ਪੀ.ਐਚ.ਡੀ. ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਬਤੌਰ ਅਸਿਸਟੈਂਟ ਪ੍ਰੋਫੈਸਰ ਅਪਣਾ ਅਹੁਦਾ ਸੰਭਾਲਿਆ ਜਿਥੇ ਅੱਜ ਉਹ ਅਪਣੀਆਂ ਸੇਵਾਵਾਂ ਬਾਖੂਬੀ ਨਿਭਾਅ ਰਹੇ ਹਨ। 
ਉਥੇ ਹੀ ਡਾ. ਕਿਰਨ ਨੇ ਗੱਲਬਾਤ ਕਰਦਿਆਂ ਦਸਿਆ ਕਿ ਸਾਡੇ ਸਮਾਜ ਵਿਚ ਬਹੁਤ ਵੱਡੀ ਕਮੀ ਹੈ। ਜਦੋਂ ਕੋਈ ਇਨਸਾਨ ਕਿਸੇ ਗੱਲੋਂ ਅਪਾਹਜ ਹੋ ਜਾਂਦਾ ਹੈ ਤਾਂ ਲੋਕ ਉਸ ਨੂੰ ਹੀਣ ਭਾਵਨਾ ਨਾਲ ਦੇਖਦੇ ਹਨ ਕਿ ਸ਼ਾਇਦ ਇਹ ਹੁਣ ਜ਼ਿੰਦਗੀ ਵਿਚ ਕੁੱਝ ਮੁਕਾਮ ਹਾਸਲ ਕਰਨਾ ਤਾਂ ਦੂਰ ਦੂਜਿਆਂ ’ਤੇ ਨਿਰਭਰ ਹੋ ਕੇ ਰਹਿ ਜਾਵੇਗਾ। ਉਨ੍ਹਾਂ ਨੇ ਇਸ ਧਾਰਨਾ ਨੂੰ ਤੋੜਨ ਲਈ ਸਿਰਤੋੜ ਮਿਹਨਤ ਕੀਤੀ ਅਤੇ ਇਕ ਅਜਿਹਾ ਮੁਕਾਮ ਹਾਸਲ ਕੀਤਾ ਜੋ ਸ਼ਾਇਦ ਹੀ ਕੋਈ ਹਾਸਲ ਕਰ ਸਕੇ। ਅੱਜ ਡਾ. ਕਿਰਨ ਅਜਿਹੇ ਕਿਸੇ ਵੀ ਪੱਖੋਂ ਅਪਾਹਜ ਹੋ ਚੁੱਕੇ ਲੋਕਾਂ ਲਈ ਇਕ ਮਿਸਾਲ ਦੇ ਤੌਰ ’ਤੇ ਦੇਖੇ ਜਾਂਦੇ ਹਨ ਜਿਨ੍ਹਾਂ ਨੇ ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਵੀ ਇਕ ਵੱਡਾ ਮੁਕਾਮ ਹਾਸਲ ਕੀਤਾ। ਸਾਲ 2009 ਵਿਚ ਡਾ. ਕਿਰਨ ਦਾ ਵਿਆਹ ਰਜਿੰਦਰ ਸਿੰਘ ਨਾਲ ਹੋਇਆ ਜੋ ਚੰਡੀਗੜ੍ਹ ਉਨ੍ਹਾਂ ਦੇ ਹੀ ਸਹਿਕਰਮੀ ਸਨ।
ਡਾ. ਕਿਰਨ ਦੱਸਦੇ ਹਨ ਕਿ ਉਨ੍ਹਾਂ ਦੀ ਕਾਮਯਾਬੀ ਪਿੱਛੇ ਉਨ੍ਹਾਂ ਦੇ ਨਾਲ ਪੜ੍ਹਨ ਵਾਲੀਆਂ ਸਹੇਲੀਆਂ ਜਿਨ੍ਹਾਂ ਨੇ ਕਿਰਨ ਲਈ ਦਿਨ ਰਾਤ ਨਾ ਦੇਖਦੇ ਹੋਏ ਟੇਪ ਦੇ ਉਤੇ ਰਿਕਾਰਡਿੰਗ ਕਰ ਕੇ ਉਨ੍ਹਾਂ ਦਾ ਸਿਲੇਬਸ ਯਾਦ ਕਰਵਾਇਆ ਜਿਸ ਨੂੰ ਉਹ ਕਦੇ ਭੁੱਲ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਵਾਰ ਸਮੇਤ ਉਨ੍ਹਾਂ ਦੇ ਪਤੀ ਦਾ ਵੱਡਾ ਹੱਥ ਅਤੇ ਕੁਰਬਾਨੀ ਹੈ ਕਿਉਂਕਿ ਜਿਥੇ ਉਨ੍ਹਾਂ ਨੂੰ ਜਿਊਣ ਲਈ ਪਰਵਾਰ ਵਲੋਂ ਹਿੰਮਤ ਮਿਲੀ, ਉਥੇ ਹੀ ਉਨ੍ਹਾਂ ਦੇ ਪਤੀ ਰਜਿੰਦਰ ਸਿਘ ਨੇ ਡਾ. ਕਿਰਨ ਦਾ ਭਵਿੱਖ ਉਜਵਲ ਬਣਾਉਣ ਲਈ ਅਪਣੀ ਨੌਕਰੀ ਤਿਆਗ ਦਿਤੀ ਪਰ ਡਾ. ਕਿਰਨ ਨੂੰ ਹਿੰਮਤ ਅਤੇ ਹੌਂਸਲਾ ਦਿੰਦੇ ਰਹੇ। ਅੱਜ ਦੀ ਗੱਲ ਕਰੀਏ ਤਾਂ ਡਾ. ਕਿਰਨ ਦੁਨੀਆ ਦੀ ਸਭ ਤੋਂ ਬੇਸ਼ਕੀਮਤੀ ਨਿਆਮਤ ਅੱਖਾਂ ਗਵਾਉਣ ਤੋਂ ਬਾਅਦ ਵੀ ਇਕ ਖ਼ੁਸ਼ਹਾਲ ਜ਼ਿੰਦਗੀ ਜੀਅ ਰਹੇ ਹਨ ਅਤੇ ਹੁਣ ਅਪਣੇ ਦੋ ਪਿਆਰੇ ਬੱਚਿਆਂ ਅਤੇ ਪਤੀ ਨਾਲ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚ ਹੀ ਰਹਿ ਰਹੇ ਹਨ। ਅੱਜ ਡਾ. ਕਿਰਨ ਤੋਂ ਸੈਂਕੜੇ ਵਿਦਿਆਰਥੀ ਸਿੱਖਿਆ ਲੈ ਕੇ ਅਪਣੀ ਜ਼ਿੰਦਗੀ ਸਫਲ ਬਣਾ ਚੁੱਕੇ ਹਨ, ਉਥੇ ਹੀ ਬਹੁਤ ਸਾਰੇ ਵਿਦਿਆਰਥੀ ਉਨ੍ਹਾਂ ਕੋਲ ਪੀ.ਐਚ.ਡੀ. ਤਕ ਦੀ ਪੜ੍ਹਾਈ ਕਰ ਰਹੇ ਹਨ ਅਤੇ ਨਾਲ ਹੀ ਡਾ. ਕਿਰਨ ਤੋਂ ਸੇਧ ਲੈਂਦਿਆਂ ਇਕ ਬੁਲੰਦ ਹੌਸਲੇ ਦੀ ਦਾਸਤਾਨ ਲਿਖਣ ਲਈ ਜ਼ਿੰਦਗੀ ਵਿਚ ਅੱਗੇ ਵਧ ਰਹੇ ਹਨ। ਜ਼ਿਕਰ ਕਰਨੀ ਵਾਲੀ ਗੱਲ ਹੈ ਕਿ ਅੱਖਾਂ ਦੇ ਰੋਸ਼ਨ ਚਿਰਾਗ ਨਾਲ ਹੋਣ ਦੇ ਬਾਵਜੂਦ ਵੀ ਡਾ. ਕਿਰਨ ਇਕ ਰਾਜ ਪਧਰੀ ਸਨਮਾਨ ਪੰਜਾਬ ਸਰਕਾਰ ਤੋਂ ਹਾਸਲ ਕਰ ਚੁੱਕੇ ਹਨ, 2 ਨੈਸ਼ਨਲ ਐਵਾਰਡ ਅਪਣੇ ਨਾਮ ਕਰ ਚੁੱਕੇ ਹਨ, ਸਟੇਟ ਆਈਕਨ ਫ਼ਾਰ ਪੀ.ਡਬਲਿਊ.ਡੀ. ਵੋਟਰਸ ਵੀ ਹਨ ਅਤੇ ਮੈਂਬਰ ਆਫ਼ ਸਟੇਟ ਐਡਵਾਈਜ਼ਰੀ ਬੋਰਡ ਆਨ ਡਿਸਆਬਿਲਟੀ ਹਨ ਅਤੇ ਹੁਣ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਵਲੋਂ ਇਕ ਨਵਾਂ ਪ੍ਰਾਜੈਕਟ ਉਨ੍ਹਾਂ ਦੇ ਹਵਾਲੇ ਕੀਤਾ ਗਿਆ ਹੈ ਜਿਸ ਰਾਹੀਂ ਉਹ ਹੁਣ ਅਜਿਹੇ ਸਮੇਂ ਮਾਰ ਪਏ ਅਪਾਹਜ ਲੋਕਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਪ੍ਰਤੀ ਜਾਗਰੂਕ ਕਰਨਗੇ।

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement