
ਚੀਨ ਨੇ ਭਾਰਤ ਦੇ ਨਾਲ ਨਾਲ ਬ੍ਰਿਟੇਨ ਦੇ ਵੀ 40 ਹਜ਼ਾਰ ਲੋਕਾਂ ਦੀ ਕੀਤੀ ਜਾਸੂਸੀ
ਬ੍ਰਿਟੇਨ ਦੀ ਮਹਾਰਾਣੀ ਤੇ ਪ੍ਰਧਾਨ ਮੰਤਰੀ ਜਾਨਸਨ ਵੀ ਸ਼ਾਮਲ
ਲੰਡਨ/ਨਵੀਂ ਦਿੱਲੀ, 15 ਸਤੰਬਰ : ਚੀਨ ਦੀ ਕੰਪਨੀ ਨੇ ਇੱਕਲੇ ਭਾਰਤ ਦੇ ਨੇਤਾ, ਫ਼ੌਜ ਦੇ ਅਧਿਕਾਰੀਆਂ, ਜੱਜਾਂ ਸਮੇਤ 10 ਹਜ਼ਾਰ ਲੋਕਾਂ ਦਾ ਡਾਟਾ ਹੀ ਇਕੱਠਾ ਨਹੀਂ ਕੀਤਾ ਸਗੋਂ ਉਹ ਬ੍ਰਿਟੇਨ ਦੇ ਵੀ 40 ਹਜ਼ਾਰ ਤੋਂ ਜ਼ਿਆਦਾ ਪ੍ਰਮੁੱਖ ਲੋਕਾਂ ਦੀ ਜਾਣਕਾਰੀ ਇਕੱਠਾ ਕਰ ਜਾਸੂਸੀ ਲਈ ਦੇ ਰਹੀ ਹੈ। ਇਨ੍ਹਾਂ 'ਚ ਬ੍ਰਿਟੇਨ ਦੀ ਮਹਾਰਾਣੀ ਅਤੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀ ਸ਼ਾਮਲ ਹਨ। ਮਾਹਰਾਂ ਮੁਤਾਬਕ ਬ੍ਰਿਟਿਸ਼ ਸਮਾਜ 'ਚ ਇਹ ਨਿਗਰਾਨੀ ਕਰਨ ਦਾ ਕਲਪਨਾ ਤੋਂ ਪਰੇ ਮਾਮਲਾ ਹੈ। ਬ੍ਰਿਟਿਸ਼ ਖੁਫ਼ੀਆ ਸੂਤਰਾਂ ਨੇ ਵੀ ਇਸ ਨੂੰ 'ਭਿਆਨਕ' ਦੱਸਿਆ ਹੈ।
ਬ੍ਰਿਟੇਨ ਦੀ ਅਖ਼ਬਾਰ 'ਦਿ ਡੇਲੀ ਟੈਲੀਗ੍ਰਾਫ਼' ਨੇ ਉਥੇ ਦੇ ਲੋਕਾਂ ਦੀ ਜਾਸੂਸੀ ਕੀਤੇ ਜਾਣ ਦੀ ਖ਼ਬਰ ਦਿਤੀ। ਜਿਸ ਤਰ੍ਹਾਂ ਭਾਰਤ ਨਾਲ ਪੁਛਗਿਛ ਕੀਤੇ ਜਾਣ 'ਤੇ ਚੀਨੀ ਟੈਕਨੋਲੋਜੀ ਕੰਪਨੀ ਸਿਨਹੂਆ ਨੇ ਵੈਬਸਾਈਟ ਬੰਦ ਕਰ ਦਿਤੀ, ਉਹੀ ਵਾਕਆ 'ਦਿ ਡੇਲੀ ਟੈਲੀਗ੍ਰਾਫ਼' ਦੇ ਨਾਲ ਹੋਇਆ।
ਬ੍ਰਿਟਿਸ਼ ਅਖ਼ਬਾਰ ਮੁਤਾਬਕ ਚੀਨੀ ਕੰਪਨੀ ਨੇ ਆਪਣੀ ਕਰਤੂਤ ਨੂੰ 'ਚੀਨੀ ਰਾਸ਼ਟਰ ਦੇ ਮਹਾਨ ਪੁਨਰ ਉਥਾਨ' ਮਿਸ਼ਨ ਲਈ ਕਰਨਾ ਦਸਿਆ ਹੈ। ਉਸ ਨੇ ਬ੍ਰਿਟੇਨ ਦੇ ਸੀਨੀਅਰ ਸਿਆਸਤਦਾਨਾਂ, ਸ਼ਾਹੀ ਖ਼ਾਨਦਾਨ ਦੇ ਲੋਕਾਂ, ਧਾਰਮਕ ਅਤੇ ਫ਼ੌਜੀ ਨੇਤਾਵਾਂ ਨਾਲ ਸਬੰਧਤ ਫ਼ਾਈਲਾਂ ਚੀਨੀ ਸਰਵਰ 'ਚ ਜਮਾਂ ਕੀਤੀਆਂ ਜਿਨ੍ਹਾਂ ਦਾ ਇਸਤੇਮਾਲ ਖੁਫੀਆ ਤਰੀਕੇ ਨਾਲ ਜਾਸੂਸੀ ਲਈ ਕੀਤਾ ਜਾਣਾ ਹੈ। ਇਸ ਡਾਟਾ 'ਚ ਨਾਮ, ਜਨਮ ਤਾਰੀਖ਼, ਸਿਖਿਆ, ਪੇਸ਼ੇਵਰ ਜੀਵਨੀ ਅਤੇ ਹੋਰ ਸੂਚਨਾਵਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਇਨ੍ਹਾਂ ਦੀ ਵੰਸ਼ਾਵਲੀ, ਸ਼ੌਕ ਅਤੇ ਰੁਚੀਆਂ ਦੀ ਜਾਣਕਾਰੀ ਹੈ। ਵੱਡੇ ਮੁਲਜ਼ਮਾਂ ਦਾ ਵੇਰਵਾ ਵੀ ਮਿਲਿਆ ਹੈ। ਅਖ਼ਬਾਰ ਨੇ ਪੂਰੇ ਦੋ ਪੇਜ਼ ਦੇ ਕੇ ਵੇਰਵੇ ਦੇ ਕੁੱਝ ਅੰਸ਼ ਪ੍ਰਕਾਸ਼ਤ ਕੀਤੇ ਹਨ। ਇਸ ਕੰਪਨੀ ਨੇ ਅਜਿਹੀ ਹੀ ਜਾਣਕਾਰੀਆਂ ਅਮਰੀਕਾ, ਕੈਨੇਡਾ, ਭਾਰਤ ਅਤੇ ਜਾਪਾਨ 'ਚ ਇਕੱਠੀਆਂ ਕੀਤੀਆਂ ਹਨ। ਸਿਨਹੁਆ ਡਾਟਾ ਨਾਮਕ ਕੰਪਨੀ ਕਹਿੰਦੀ ਹੈ ਕਿ ਉਹ ਇਸ ਨੂੰ ਫ਼ੌਜ, ਸੁਰਖਿਆ ਅਤੇ ਵਿਦੇਸ਼ੀ ਪ੍ਰਚਾਰ ਲਈ ਉਪਲਬਧ ਕਰਵਾਉਂਦੀ ਹੈ। ਇਸ ਨੂੰ ਚੀਨ ਦੇ ਸੁਰਖਿਆ ਖੇਤਰ ਦੇ ਖ਼ਰੀਦਾਰਾਂ ਨੂੰ ਵੇਚਿਆ ਜਾਂਦਾ ਹੈ।
ਇਹ ਡਾਟਾ ਇਕ ਚੀਨ ਵਿਰੋਧੀ ਕਰਮਚਾਰੀ ਨੇ ਚੁਰਾਇਆ ਅਤੇ 'ਫ਼ਾਈਵ ਆਈਜ ਇੰਟੈਲੀਜੈਂਸ ਨੈਟਵਰਕ' ਨਾਲ ਸਾਂਝਾ ਕਰ ਦਿਤਾ। ਇਹ ਪੰਜ ਦੇਸ਼ਾਂ ਦਾ ਸੰਯੁਕਤ ਉਪਕਰਮ ਹੈ। ਚੀਨ ਸਰਕਾਰ ਦੇ ਬੁਲਾਰਾ ਨੇ ਕੰਪਨੀ ਅਤੇ ਚੀਨ ਸਰਕਾਰ ਦੀਆਂ ਖੁਫ਼ੀਆ ਏਜੰਸੀਆਂ ਦੇ ਸੰਪਰਕ 'ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿਤਾ। (ਏਜੰਸੀ)