8 ਖੇਡਾਂ ਦੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ 2 ਲੱਖ ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ
ਚੰਡੀਗੜ੍ਹ - ਪੰਜਾਬ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਅਤੇ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉੱਤੇ ਸ਼ੁਰੂ ਕੀਤੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-2 ਵਿੱਚ ਪਹਿਲੇ ਸਾਲ ਨਾਲੋਂ ਵੀ ਵੱਧ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਦੇ ਪਹਿਲੇ ਪੜਾਅ ਬਲਾਕ ਪੱਧਰ ਉਤੇ ਅੱਠ ਖੇਡਾਂ ਦੇ ਕਰਵਾਏ ਮੁਕਾਬਲੇ ਸਫਲਤਾਪੂਰਵਕ ਸੰਪੰਨ ਹੋ ਗਏ ਜਿਨ੍ਹਾਂ ਵਿੱਚ ਦੋ ਲੱਖ ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ। ਹੁਣ 26 ਸਤੰਬਰ ਤੋਂ ਜ਼ਿਲਾ ਪੱਧਰੀ ਮੁਕਾਬਲੇ ਸ਼ੁਰੂ ਹੋਣ ਜਾ ਰਹੇ ਹਨ ਜਿਸ ਲਈ ਸਭ ਪ੍ਰਬੰਧ ਮੁਕੰਮਲ ਹਨ।
ਪਿਛਲੇ ਸਾਲ ਖੇਡਾਂ ਵਿੱਚ ਬਲਾਕ ਤੋਂ ਸਟੇਟ ਪੱਧਰ ਤੱਕ ਕੁੱਲ 3 ਲੱਖ ਖਿਡਾਰੀਆਂ ਨੇ ਹਿੱਸਾ ਲਿਆ ਸੀ ਅਤੇ ਇਸ ਵਾਰ ਇਹ ਗਿਣਤੀ ਹੋਰ ਵੀ ਵਧੇਗੀ।ਖਿਡਾਰੀਆਂ ਦੀ ਮੰਗ ਸਵਿਕਾਰ ਕਰਦਿਆਂ ਵਿਭਾਗ ਨੇ ਆਨਲਾਈਨ ਰਜਿਸਟ੍ਰੇਸ਼ਨ ਤੋਂ ਵਾਂਝੇ ਰਹਿ ਗਏ ਖਿਡਾਰੀਆਂ ਨੂੰ ਸਿੱਧਾ ਗਰਾਊਂਡ ਵਿੱਚ ਸਮੇਂ ਸਿਰ ਪੁੱਜਣ ਉਤੇ ਹਿੱਸਾ ਲੈਣ ਦੀ ਆਗਿਆ ਦਿੱਤੀ ਗਈ ਸੀ।
ਮੀਤ ਹੇਅਰ ਨੇ ਅੱਗੇ ਦੱਸਿਆ ਕਿ ਖੇਡ ਵਿਭਾਗ ਵੱਲੋਂ ਕੁੱਲ 35 ਖੇਡਾਂ ਵਿੱਚ ਅੱਠ ਉਮਰ ਵਰਗਾਂ ਅੰਡਰ 14, ਅੰਡਰ 17, ਅੰਡਰ 21, 21-30 ਸਾਲ, 31-40 ਸਾਲ, 41-55 ਸਾਲ, 56-65 ਸਾਲ ਅਤੇ 65 ਸਾਲ ਤੋਂ ਵੱਧ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿੱਚੋਂ ਅੱਠ ਖੇਡਾਂ ਅਥਲੈਟਿਕਸ, ਫੁਟਬਾਲ, ਵਾਲੀਬਾਲ (ਸਮੈਸ਼ਿੰਗ ਤੇ ਸ਼ੂਟਿੰਗ), ਕਬੱਡੀ (ਨੈਸ਼ਨਲ ਸਟਾਈਲ ਤੇ ਸਰਕਲ ਸਟਾਈਲ), ਖੋ ਖੋ ਅਤੇ ਰੱਸਾਕਸ਼ੀ ਦੇ ਮੁਕਾਬਲੇ ਬਲਾਕ ਪੱਧਰ ਉਤੇ 31 ਅਗਸਤ ਤੋਂ 10 ਸਤੰਬਰ ਤੱਕ ਸੂਬੇ ਭਰ ਦੇ 157 ਬਲਾਕਾਂ ਵਿੱਚ ਕਰਵਾਏ ਗਏ ਹਨ।
ਖੇਡ ਮੰਤਰੀ ਨੇ ਦੱਸਿਆ ਕਿ ਹੁਣ ਜ਼ਿਲਾ ਪੱਧਰੀ ਮੁਕਾਬਲੇ 26 ਸਤੰਬਰ ਤੋਂ 5 ਅਕਤੂਬਰ ਤੱਕ ਕਰਵਾਏ ਜਾਣਗੇ। ਜ਼ਿਲਾ ਪੱਧਰ ਉਤੇ 25 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਵਿੱਚੋਂ ਉਕਤ ਬਲਾਕ ਪੱਧਰ ਉੱਤੇ ਕਰਵਾਈਆਂ ਅੱਠ ਖੇਡਾਂ ਦੇ ਸਿਰਫ ਜੇਤੂ ਹੀ ਹਿੱਸਾ ਲੈਣਗੇ ਜਦੋਂਕਿ ਬਾਕੀ ਖੇਡਾਂ ਦੇ ਮੁਕਾਬਲੇ ਸਿੱਧੇ ਜ਼ਿਲਾ ਪੱਧਰ ਉਤੇ ਹੋਣਗੇ। ਇਨ੍ਹਾਂ ਖੇਡਾਂ ਵਿੱਚ ਹਾਕੀ, ਹੈਂਡਬਾਲ, ਮੁੱਕੇਬਾਜ਼ੀ, ਬਾਸਕਟਬਾਲ, ਕੁਸ਼ਤੀ, ਜੂਡੋ, ਪਾਵਰ ਲਿਫਟਿੰਗ, ਲਾਅਨ ਟੈਨਿਸ, ਬੈਡਮਿੰਟਨ, ਨਿਸ਼ਾਨੇਬਾਜ਼ੀ, ਕਿੱਕ ਬਾਕਸਿੰਗ, ਤੈਰਾਕੀ, ਨੈਟਬਾਲ, ਗੱਤਕਾ, ਸਤਰੰਜ਼, ਟੇਬਲ ਟੈਨਿਸ, ਵੇਟਲਿਫਟਿੰਗ ਤੇ ਸਾਫਟਬਾਲ ਸ਼ਾਮਲ ਹਨ।
ਮੀਤ ਹੇਅਰ ਨੇ ਅੱਗੇ ਦੱਸਿਆ ਕਿ ਅਕਤੂਬਰ ਮਹੀਨੇ 35 ਖੇਡਾਂ ਦੇ ਕਰਵਾਏ ਜਾਣ ਵਾਲੇ ਸੂਬਾ ਪੱਧਰੀ ਮੁਕਾਬਲਿਆਂ ਵਿੱਚੋਂ ਉਕਤ 25 ਖੇਡਾਂ ਦੇ ਸਿਰਫ ਜ਼ਿਲਾ ਜੇਤੂ ਹੀ ਹਿੱਸਾ ਲੈਣਗੇ ਜਦੋਂਕਿ 10 ਖੇਡਾਂ ਦੇ ਸਿੱਧੇ ਰਾਜ ਪੱਧਰੀ ਮੁਕਾਬਲੇ ਹੋਣਗੇ। ਇਹ 10 ਖੇਡਾਂ ਤੀਰਅੰਦਾਜ਼ੀ, ਕਾਏਕਿੰਗ ਤੇ ਕੈਨੋਇੰਗ, ਜਿਮਨਾਸਟਕ, ਰੋਲਰ ਸਕੇਟਿੰਗ, ਰੋਇੰਗ, ਘੋੜਸਵਾਰੀ, ਸਾਈਕਲਿੰਗ, ਵੁਸ਼ੂ, ਰਗਬੀ ਤੇ ਤਲਵਾਰਬਾਜ਼ੀ ਹਨ।ਸੂਬਾ ਪੱਧਰ ਉਤੇ ਪਹਿਲੇ, ਦੂਜੇ ਤੇ ਤੀਜੇ ਸਥਾਨ ਉਤੇ ਆਉਣ ਵਾਲਿਆਂ ਨੂੰ ਕ੍ਰਮਵਾਰ 10, 7 ਤੇ 5 ਹਜ਼ਾਰ ਰੁਪਏ ਦੇ ਇਨਾਮ ਮਿਲਣਗੇ ਅਤੇ ਕੁੱਲ ਮਿਲਾ ਕੇ ਜੇਤੂਆਂ ਨੂੰ 7 ਕਰੋੜ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਜਾਵੇਗੀ।