
Punjab News: ਪੁੱਤ, ਧੀ, ਪਤਨੀ ਤੋਂ ਇਲਾਵਾ ਨੂੰਹ ਨੇ ਅਪਣੇ ਪੇਕਿਆਂ ਨਾਲ ਰਲ ਕੇ ਮਾਰਿਆ ਘਰ ਦਾ ਮੋਢੀ
Punjab News: ਜੇਕਰ ਇਕਲੌਤਾ ਪੁੱਤਰ ਆਪਣੀ ਮਾਤਾ, ਭੈਣ ਅਤੇ ਪਤਨੀ ਨਾਲ ਰਲ ਕੇ ਆਪਣੇ ਪਿਤਾ ਦੀਆਂ ਲੱਤਾਂ ਬਾਹਾਂ ਬੰਨ ਕੇ ਕਤਲ ਕਰ ਭਾਖੜਾ ਨਹਿਰ ਵਿੱਚ ਸੁੱਟ ਦੇਵੇ,ਤਾਂ ਫਿਰ ਇਸ ਨੂੰ ਘੋਰ ਕਲਯੁਗ ਹੀ ਕਿਹਾ ਜਾ ਸਕਦਾ ਹੈ।
ਜਿਸ ਦੇ ਚਲਦਿਆਂ ਅਜਿਹਾ ਕੁਝ ਵਾਪਰਿਆ ਇਥੋਂ ਨੇੜਲੇ ਪਿੰਡ ਭਟਾਲ ਕਲਾਂ ਵਿਖੇ, ਜਿੱਥੇ ਪਿਛਲੇ ਦਿਨੀ ਪਿੰਡ ਭੁਟਾਲ ਕਲਾਂ ਦੇ ਇੱਕ ਵਿਅਕਤੀ ਦੇ ਗੁੰਮ ਹੋਣ ਸਬੰਧੀ ਸੋਸਲ ਮੀਡੀਆ ਤੇ ਵਾਇਰਲ ਪੋਸਟ ਤੋਂ ਬਾਅਦ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਨੇ ਸਭ ਦੇ ਰੌਂਗਟੇ ਖੜ੍ਹੇ ਕਰ ਦਿੱਤੇ, ਲਾਪਤਾ ਮ੍ਰਿਤਕ ਪਾਏ ਗਏ ਵਿਅਕਤੀ ਭੂਰਾ ਸਿੰਘ ਦੀ ਲਾਸ ਭਾਖੜਾ ਨਹਿਰ ਵਿਚੋਂ ਬਰਾਮਦ ਹੋਣ ਤੋਂ ਬਾਅਦ ਉਸਦੇ ਭਰਾ ਮੇਜਰ ਸਿੰਘ ਪੁੱਤਰ ਕਿਰਪਾਲ ਸਿੰਘ ਨੇ ਪੁਲਿਸ ਨੂੰ ਲਿਖਤੀ ਬਿਆਨ ਵਿੱਚ ਦੱਸਿਆ ਕਿ ਮੇਰੇ ਭਰਾ ਮ੍ਰਿਤਕ ਭੂਰਾ ਸਿੰਘ ਦੇ ਦੋ ਬੱਚੇ ਵੱਡੀ ਲੜਕੀ ਹਰਜਿੰਦਰ ਕੌਰ ਅਤੇ ਛੋਟਾ ਲੜਕਾ ਤਰਸੇਮ ਸਿੰਘ ਹਨ।
ਜੋ ਦੋਵੇਂ ਸਾਦੀਸੁਦਾ ਹਨ, ਪਰਿਵਾਰ ਵਿੱਚ ਆਪਸੀ ਝਗੜਾ ਚੱਲਦਾ ਰਹਿੰਦਾ ਸੀ ਅਤੇ ਕਈ ਵਾਰੀ ਸਮਝੌਤਾ ਵੀ ਹੋਇਆ। ਪਿਛਲੇ ਦਿਨੀ ਘਰ ਵਿੱਚ ਝਗੜਾ ਹੋਣ ਤੋਂ ਬਾਅਦ ਮੈਨੂੰ ਮੇਰੇ ਭਰਾ ਭੂਰਾ ਸਿੰਘ ਨੇ ਦੱਸਿਆ ਕਿ ਮੇਰਾ ਪਰਿਵਾਰ, ਸਮੇਤ ਮੇਰੇ ਲੜਕੇ ਤਰਸੇਮ ਸਿੰਘ ਦਾ ਸਹੁਰਾ ਪ੍ਰਵਾਰ ਰਲ ਕੇ ਮੈਨੂੰ ਮਾਰ ਸਕਦੇ ਹਨ। ਉਸ ਦਿਨ ਤੋਂ ਹੀ ਮੇਰਾ ਭਰਾ ਭੂਰਾ ਸਿੰਘ ਉਕਤ ਆਪਣੇ ਘਰੋਂ ਲਾਪਤਾ ਸੀ, ਜਿਸ ਦੀ ਲਾਸ ਪਿਛਲੇ ਦਿਨੀ ਟੋਹਾਣਾ ਕੋਲੋਂ ਲੰਘਦੀ ਭਾਖੜਾ ਨਹਿਰ ਵਿਚੋਂ ਮਿਲੀ ਹੈ।
ਮੇਰੇ ਭਰਾ ਦੇ ਸਰੀਰ ਤੇ ਕੁੱਟ ਮਾਰ ਦੇ ਨਿਸਾਨ ਸਨ, ਜਿਸ ਦੀ ਸਨਾਖਤ ਹੋ ਚੁੱਕੀ ਹੈ। ਮੇਰੇ ਭਰਾ ਭੂਰਾ ਸਿੰਘ ਨੂੰ ਉਸ ਦੇ ਲੜਕੇ ਤਰਸੇਮ ਸਿੰਘ ਉਰਫ ਸੇਮੀ, ਇਸ ਦੀ ਲੜਕੀ ਹਰਜਿੰਦਰ ਕੌਰ, ਘਰਵਾਲੀ ਸਿੰਦਰ ਕੌਰ , ਨੂੰਹ ਬੇਅੰਤ ਕੌਰ ਨਿਵਾਸੀ ਭੁਟਾਲ ਕਲਾਂ ਅਤੇ ਤਰਸੇਮ ਸਿੰਘ ਸੇਮੀ ਦੀ ਸੱਸ ਪਾਲੋ ਕੌਰ ਅਤੇ ਸਹੁਰਾ ਪਾਲ ਸਿੰਘ ਵਾਸੀਆਨ ਹਰਿਆਊ ਜ਼ਿਲ੍ਹਾ ਪਟਿਆਲਾ ਨੇ ਰਾਏ ਮਸਵਰਾ ਕਰ ਕੇ ਮਾਰ ਦੇਣ ਦੀ ਨੀਅਤ ਨਾਲ ਮਾਰੂ ਹਥਿਆਰਾਂ ਨਾਲ ਕੁੱਟਮਾਰ ਕਰ ਕੇ ਹੱਥ ਪੈਰ ਬੰਨ ਕੇ ਲਾਸ ਨੂੰ ਖੁਰਦ ਕਰਨ ਦੀ ਲਈ ਕਿਸੇ ਵਹੀਕਲ ਵਿੱਚ ਰੱਖ ਕੇ ਭਾਖੜਾ ਨਹਿਰ ਵਿੱਚ ਸੁੱਟਿਆ ਸੀ, ਜੋ ਬਾਅਦ ਵਿੱਚ ਪਾਣੀ ਦੇ ਉੱਪਰ ਆਉਣ ਕਰਕੇ ਹੀ ਮੇਰੇ ਭਰਾ ਭੂਰਾ ਸਿੰਘ ਉਕਤ ਦੀ ਲਾਸ ਭਾਖੜਾ ਨਹਿਰ ਵਿੱਚ ਤੈਰਦੀ ਹੋਈ ਟੋਹਾਣਾ ਵਿਖੇ ਮਿਲੀ ਹੈ।
ਪੁਲਿਸ ਨੇ ਮਿ੍ਰਤਕ ਭੂਰਾ ਸਿੰਘ ਦੇ ਭਰਾ ਮੇਜਰ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਉਪਰੋਕਤ ਦੋਸੀਆਂ ਵਿਰੁਧ ਧਾਰਾ 103/190/61(2)238 ਬੀਐਨਐਸ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।