ਬਾਦਲਾਂ ਦੀ ਜਾਨ ਨੂੰ ਵਧੇ ਖ਼ਤਰੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪੂਰਨ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ...
ਐਸ.ਏ.ਐਸ ਨਗਰ, 16 ਅਕਤੂਬਰ : (ਸਸਸ) ਬਾਦਲਾਂ ਦੀ ਜਾਨ ਨੂੰ ਵਧੇ ਖ਼ਤਰੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪੂਰਨ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਥੇ ਸੈਕਟਰ-68 ਵਿਖੇ 1.25 ਏਕੜ ਵਿੱਚ 31.29 ਕਰੋੜ ਦੀ ਲਾਗਤ ਨਾਲ ਬਣਾਏ ਵਿਜੀਲੈਂਸ ਭਵਨ ਦਾ ਉਦਘਾਟਨ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ
ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਜਾਨ ਨੂੰ ਵਧੇ ਖ਼ਤਰੇ ਸਬੰਧੀ ਹਾਲ ਹੀ ਵਿੱਚ ਆਈਆਂ ਰਿਪੋਰਟਾਂ ਤੋਂ ਬਾਕਿਫ ਹਨ ਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਦੋਵਾਂ ਨੂੰ ਪੂਰਨ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਮੀਡੀਆ ਵੱਲੋਂ ਪੁੱਛੇ ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਹ ਨੂੰ ਪਤਾ ਹੈ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਉਲੰਘਣਾ ਕਰ ਕੇ ਪਰਾਲੀ ਫੂਕਣ ਵਾਲੇ ਕਿਸਾਨਾਂ ਖ਼ਿਲਾਫ਼ ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ।
ਉਨ੍ਹਾਂ ਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਪ੍ਰਤੀ ਹਮਦਰਦੀ ਹੈ ਪਰ ਉਨ੍ਹਾਂ ਦੀ ਸਰਕਾਰ ਕਾਨੂੰਨ ਦੇ ਘੇਰੇ ਵਿੱਚੋਂ ਬਾਹਰ ਨਹੀਂ ਜਾ ਸਕਦੀ। ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਦੇ ਰਹੇ ਅਧਿਆਪਕਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਰਾਜਪਾਲ ਨੂੰ ਵੱਖ-ਵੱਖ ਮੰਗ ਪੱਤਰ ਸੌਂਪਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਸਰਕਾਰ ਇਸ ਮਸਲੇ ਦੇ ਹੱਲ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਸਮੇਤ 40 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣੀਆਂ ਹਨ
ਪਰ ਸਰਕਾਰ ਨੂੰ ਦਰਪੇਸ਼ ਵਿੱਤੀ ਸੰਕਟ ਕਾਰਨ ਇਸ ਸਬੰਧੀ ਕੁਝ ਸਮਾਂ ਲੱਗ ਸਕਦਾ ਹੈ। ਇਸ ਦੌਰਾਨ ਸਰਕਾਰ ਨੇ ਅਧਿਆਪਕਾਂ ਲਈ ਦੋਵੇਂ ਰਾਹ ਖੁੱਲ੍ਹ ਰੱਖੇ ਹਨ ਕਿ ਜਾਂ ਤਾਂ ਉਹ ਆਪਣੇ ਮੌਜੂਦਾ ਸਕੇਲ ਉਤੇ ਹੀ ਕੰਮ ਕਰਦੇ ਰਹਿਣ ਜਾਂ ਫੇਰ ਰੈਗੂਲਰ ਸੇਵਾਵਾਂ ਦੀ ਨੀਤੀ ਤਹਿਤ ਤਿੰਨ ਸਾਲ ਲਈ 15,300 ਰੁਪਏ ਦੀ ਮੁੱਢਲੀ ਤਨਖ਼ਾਹ 'ਤੇ ਜੁਆਇਨ ਕਰ ਲੈਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਸ ਸਕੇਲ ਦੀ ਪੇਸ਼ਕਸ਼ ਕੀਤੀ ਗਈ ਹੈ, ਉਹ ਕੇਂਦਰ ਦੇ ਮੌਜੂਦਾ ਸਕੇਲ 13,900 ਤੋਂ ਵੱਧ ਹੈ। ਹੁਣ ਫੈਸਲਾ ਅਧਿਆਪਕਾਂ ਨੇ ਲੈਣਾ ਹੈ ਕਿ ਉਨ੍ਹਾਂ ਨੇ ਕਿਸ ਦੀ ਚੋਣ ਕਰਨੀ ਹੈ।
ਛੇ ਮੰਜ਼ਿਲਾ ਵਿਜੀਲੈਂਸ ਭਵਨ ਕਰਮਚਾਰੀਆਂ ਲਈ ਵਰਕ ਸਟੇਸ਼ਨਜ਼, ਟਰੇਨਿੰਗ/ਕਾਨਫਰੰਸ ਹਾਲ, ਮੀਟਿੰਗ ਰੂਮ ਆਦਿ ਨਾਲ ਲੈਸ ਵੱਡ ਆਕਾਰੀ ਸ਼ਾਨਦਾਰ ਕੰਪਲੈਕਸ ਹੈ, ਜੋ ਕਿ ਬਿਹਤਰ ਕਾਰਗੁਜ਼ਾਰੀ ਲਈ ਢੁੱਕਵਾਂ ਮਾਹੌਲ ਮੁਹੱਈਆ ਕਰਵਾਉਣ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਪਹਿਲਾਂ ਫੇਜ਼-08 ਸਥਿਤ ਵਿਜੀਲੈਂਸ ਥਾਣਾ ਵੀ ਹੁਣ ਇਸੇ ਭਵਨ ਵਿੱਚ ਹੋਵੇਗਾ। ਬਿਜਲੀ ਦੀ ਬੱਚਤ ਸਬੰਧੀ ਇਹ ਇਮਾਰਤ ਐਨਰਜੀ ਕਨਜ਼ਰਵੇਸ਼ਨ ਬਿਲਡਿੰਗ ਕੋਡ (ਈਸੀਬੀਸੀ) 'ਤੇ ਵੀ ਖ਼ਰੀ ਉਤਰਦੀ ਹੈ।
ਉਦਘਾਟਨੀ ਸਮਾਗਮ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਘ ਸਿੰਗਲਾ, ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਡੀ.ਜੀ.ਪੀ. ਸੁਰੇਸ਼ ਅਰੋੜਾ, ਮੁੱਖ ਡਾਇਰੈਕਟਰ ਵਿਜੀਲੈਂਸ ਬੀ.ਕੇ. ਉੱਪਲ, ਡਾਇਰੈਕਟਰ ਵਿਜੀਲੈਂਸ ਜੀ.ਨਾਗੇਸ਼ਵਰ ਰਾਓ, ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਗੁਰਪ੍ਰੀਤ ਕੌਰ ਸਪਰਾ, ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ, ਪਸ਼ੂ ਪਾਲਣ ਮੰਤਰੀ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਕਾਂਗਰਸੀ ਆਗੂ ਜੀ.ਐਸ.ਰਿਆੜ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
                    
                