
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ 127.86 ਕਰੋੜ ਰੁਪਏ ਦੇ ਪੰਜ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਨੀਂਹ ਪੱਥਰ ਰਖਿਆ
ਅੰਮ੍ਰਿਤਸਰ, 15 ਅਕਤੂਬਰ (ਸੁਖਵਿੰਦਰਜੀਤ ਸਿੰੰਘ ਬਹੋੜੂ/ਮਨਪ੍ਰੀਤ ਸਿੰਘ ਜੱਸੀ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ 127.86 ਕਰੋੜ ਰੁਪਏ ਦੇ ਪੰਜ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਨੀਂਹ ਪੱਥਰ ਰਖਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਟਿਊਬਵੈਲਾਂ ਵਾਸਤੇ ਵਾਧੂ 50 ਕਰੋੜ ਰੁਪਏ ਵੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਅੰਮ੍ਰਿਤਸਰ ਦੇ ਬੁਨਿਆਦੀ ਢਾਂਚੇ ਲਈ ਕੁਲ 187.47 ਕਰੋੜ ਰੁਪਏ ਦੇ ਸੈਰਸਪਾਟਾ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕੀਤਾ ਤਾਂ ਜੋ ਇਸ ਸ਼ਹਿਰ ਨੂੰ ਇਸ ਪੱਖੋਂ ਵਿਸ਼ਵ ਪੱਧਰੀ ਸਥਾਨ ਵਜੋਂ ਰੂਪ ਦਿੱਤਾ ਜਾ ਸਕੇ।
ਮੁੱਖ ਮੰਤਰੀ ਨੇ ਰੇਲ ਲਾਈਨਾਂ ਉਪਰ ਬਣਨ ਵਾਲੇ ਦੋ ਪੁਲਾਂ, ਰੇਲਵੇ ਲਾਈਨ ਦੇ ਹੇਠਾਂ ਦੀ ਬਣਨ ਵਾਲੇ ਇਕ ਪੁਲ ਅਤੇ ਇਕ ਫਲਾਈਓਵਰ ਦਾ ਰਿਮੋਟ ਬਟਨ ਨਾਲ ਨੀਂਹ ਪੱਥਰ ਰੱਖਣ ਸਮੇਤ ਮੌਜੂਦਾ ਭੰਡਾਰੀ ਪੁਲ ਤੋਂ ਇਕ ਹੋਰ ਐਕਸਟੈਂਸ਼ਨ ਦਾ ਵੀ ਨੀਂਹ ਪੱਥਰ ਰੱਖਿਆ। ਇਹ ਉਦਘਾਟਨੀ ਸਮਾਗਮ ਸਥਾਨਕ ਸਰਕਾਰ ਮੰਤਰੀ ਅਤੇ ਅੰਮ੍ਰਿਤਸਰ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਹੋਇਆ। ਕੈਪਟਨ ਅਮਰਿੰਦਰ ਸਿੰਘ ਨੇ ਰੇਲਵੇ ਮੰਤਰਾਲੇ ਤੋਂ ਇਸ ਸਬੰਧੀ ਜ਼ਰੂਰੀ ਆਗਿਆ ਲੈਣ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ।
ਇਸ ਮੌਕੇ ਸ੍ਰੀ ਸਿੱਧੂ ਨੇ 10 ਸਾਲਾਂ ਦੇ ਸਾਸ਼ਨ ਦੌਰਾਨ ਇਸ ਸ਼ਹਿਰ ਦੇ ਵਿਕਾਸ ਵਿੱਚ ਅਸਫ਼ਲ ਰਹਿਣ ਲਈ ਬਾਦਲਾਂ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ ਸਿਰਫ਼ ਇਕ ਪੁਲ ਬਣਾਇਆ ਜਦਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਜ ਪੁਲਾਂ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਇਨ੍ਹਾਂ ਪ੍ਰੋਜੈਕਟਾਂ ਦੇ ਵਾਸਤੇ ਟੈਂਡਰ ਜਾਰੀ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਦਾ ਕੰਮ ਇਕ ਸਾਲ ਦੇ ਅੰਦਰ ਮੁਕੰਮਲ ਹੋ ਜਾਵੇਗਾ।
ਇਨ੍ਹਾਂ ਪ੍ਰੋਜੈਕਟਾਂ ਦੀ ਕੁਲ ਲਾਗਤ 127.86 ਕਰੋੜ ਰੁਪਏ ਹੈ ਜਿਸ ਵਿੱਚੋਂ 111.56 ਕਰੋੜ ਰੁਪਏ ਅੰਮ੍ਰਿਤਸਰ ਇੰਪਰੂਵਮੈਂਟ ਟ੍ਰਸਟ ਵੱਲੋਂ ਸਹਿਣ ਕੀਤੇ ਜਾਣਗੇ ਅਤੇ ਰੇਲਵੇ ਦਾ ਯੋਗਦਾਨ ਵੱਲ੍ਹਾ ਦੇ ਆਰ.ਓ.ਬੀ. ਦੇ ਲਈ 16.30 ਕਰੋੜ ਰੁਪਏ ਦਾ ਹੋਵੇਗਾ ਜੋ ਹਿੱਸੇਦਾਰੀ ਦੇ ਆਧਾਰ 'ਤੇ ਬਣਾਇਆ ਜਾ ਰਿਹਾ ਹੈ। ਇਨ੍ਹਾਂ ਵਿਕਾਸ ਕਾਰਜਾਂ ਦੀ ਸਮੇਂ ਸਿਰ ਸ਼ੁਰੂਆਤ ਦੇ ਵਾਸਤੇ ਐਫ.ਡੀ.ਆਰ. ਦੀ ਸ਼ਕਲ ਵਿੱਚ ਅੰਮ੍ਰਿਤਸਰ ਇੰਪਰੂਵਮੈਂਟ ਟ੍ਰਸਟ ਨੇ ਪਹਿਲਾਂ ਹੀ 130 ਕਰੋੜ ਰੁਪਏ ਰੱਖੇ ਹਨ।
ਵੱਲ੍ਹਾ ਫਾਟਕ 'ਤੇ ਬਣਾਇਆ ਜਾ ਰਿਹਾ ਆਰਓਬੀ 34 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਅਤੇ ਇਸ ਸਬੰਧੀ ਟੈਂਡਰ ਅੰਮ੍ਰਿਤਸਰ ਇੰਪਰੂਵਮੈਂਟ ਟ੍ਰਸਟ ਵੱਲੋਂ ਜਾਰੀ ਕੀਤੇ ਜਾਣਗੇ। ਇਕ ਹੋਰ ਆਰ.ਓ.ਬੀ. ਅਮ੍ਰਿੰਤਸਰ-ਅਟਾਰੀ ਸੈਕਸ਼ਨ 'ਤੇ 25 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਏਗਾ। ਉਨ੍ਹਾਂ ਪ੍ਰਾਜੈਕਟਾਂ ਬਾਰੇ ਵੇਰਵੇ ਪੂਰੇ ਵਿਸਤਾਰ ਨਾਲ ਦਿੱਤੇ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਸਿੱਖਿਆ ਮੰਤਰੀ ਓ.ਪੀ. ਸੋਨੀ, ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ, ਹਰਪ੍ਰਤਾਪ ਸਿੰਘ ਅਜਨਾਲਾ, ਤਰਸੇਮ ਸਿੰਘ ਡੀ ਸੀ, ਸੰਤੋਖ ਸਿੰਘ ਭਲਾਈਪੁਰ, ਸੁਖਵਿੰਦਰ ਸਿੰਘ ਡੈਨੀ, ਧਰਮਵੀਰ ਅਗਨੀਹੋਤਰੀ, ਇੰਦਰਬੀਰ ਸਿੰਘ ਬੋਲਾਰੀਆ ਅਤੇ ਮੇਅਰ ਕਰਮਜੀਤ ਸਿੰਘ ਰਿੰਟੂ ਸ਼ਾਮਲ ਸਨ।