
ਝੋਨੇ ਦੀ ਬੋਗਸ ਮਿਲਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਆਸ਼ੂ
ਚੰਡੀਗੜ੍ਹ, 15 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਖ਼ੁਰਾਕ ਅਤੇ ਸਿਵਲ ਸਪਲਾਈਜ਼ ਮੰਤਰੀ ਸ਼੍ਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਇਥੇ ਕਿਹਾ ਕਿ ਸੂਬੇ ਵਿਚ ਝੋਨੇ ਦੀ ਬੋਗਸ ਮਿਲਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਦਸਿਆ ਕਿ ਅੱਜ ਮਾਨਸਾ, ਬਠਿੰਡਾ ਅਤੇ ਮੋਗਾ ਜ਼ਿਲ੍ਹਿਆਂ ਵਿਚ ਕੀਤੀ ਗਈ ਛਾਪਾਮਾਰੀ ਦੌਰਾਨ ਗ਼ੈਰਕਾਨੂੰਨੀ ਤੌਰ 'ਤੇ ਜਮ੍ਹਾਂ ਕੀਤਾ ਹੋਇਆ 11927 ਬੋਰੀਆਂ ਝੋਨਾ ਅਤੇ 6276 ਚਾਵਲ ਦੀਆਂ ਬੋਰੀਆਂ ਬਰਾਮਦ ਕੀਤੀਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਸ਼ੂ ਨੇ ਦਸਿਆ ਕਿ ਮਾਨਸਾ ਜ਼ਿਲ੍ਹੇ ਵਿਚ ਬੱਪੀਆਣਾ ਰਾਈਸ ਮਿੱਲ ਮਾਨਸਾ ਤੋਂ ਲਗਭਗ 4000 ਬੋਰੀਆਂ ( ਹਰੇਕ 50 ਕਿਲੋ ) ਚਾਵਲ ਬਰਾਮਦ ਕੀਤੇ ਗਏ। ਮੌਕੇ ਤੇ ਮਿੱਲ ਮਾਲਕ ਇਸ ਚਾਵਲ ਬਾਰੇ ਕੋਈ ਸੰਤੁਸ਼ਟੀਜਨਕ ਕਾਗ਼ਜ਼ ਪੇਸ਼ ਨਹੀਂ ਕਰ ਸਕਿਆ। ਇਸੇ ਤਰ੍ਹਾਂ ਮੈਸ : ਗਣਪਤੀ ਰਾਈਸ ਮਿੱਲ ਗੋਨਿਆਣਾ ਵਿਚੋਂ 1927 ਬੋਰੀਆਂ ਝੋਨਾ ਸਰਕਾਰੀ ਸਟੋਰੇਜ਼ ਤੋਂ ਵੱਧ ਪਾਇਆ ਗਿਆ ਜਿਸ ਬਾਰੇ ਮਿੱਲ ਮਾਲਕ ਕੋਲ ਕੋਈ ਗੇਟ ਪਾਸ ਜਾਂ ਖ਼ਰੀਦ ਬਿੱਲ ਨਹੀਂ ਸੀ।
ਉਨ੍ਹਾਂ ਦਸਿਆ ਕਿ ਨਰਾਇਣ ਰਾਈਸ ਮਿੱਲ ਮਾਨਸਾ ਦੇ ਬੰਦ ਪਏ ਪ੍ਰਾਈਵੇਟ ਗੁਦਾਮ ਵਿੱਚ ਬਾਹਰਲੇ ਰਾਜਾਂ ਤੋਂ ਆਇਆ ਚਾਵਲ ਸਟੋਰ ਕਰਨ ਦੀ ਸੂਚਨਾ ਮਿਲੀ ਸੀ ਜਿਸ ਤੇ ਇਸ ਸਟੋਰ ਤੇ ਛਾਪਾ ਮਾਰਿਆ ਗਿਆ ਜਦੋਂ ਇਸ ਸਟੋਰ ਨੂੰ ਖੋਲ੍ਹਣ ਲਈ ਸਟੋਰ ਮਾਲਕ ਨੂੰ ਕਿਹਾ ਗਿਆ ਤਾਂ ਸਟੋਰ ਮਾਲਕ ਨੇ ਇਹ ਗੁਦਾਮ ਖੋਲ੍ਹਿਆ ਨਹੀਂ ਜਿਸ 'ਤੇ ਇਸ ਗੁਦਾਮ ਨੂੰ ਸੀਲ ਕਰ ਦਿਤਾ ਗਿਆ।
ਇਸੇ ਤਰ੍ਹਾਂ ਸ਼ਿਵ ਸਕਤੀ ਰਾਈਸ ਮਿੱਲ ਮਾਨਸ਼ਾ ਵਿਖੇ ਵੀ ਛਾਪਾ ਮਾਰਿਆ ਗਿਆ ਜਿਥੋਂ ਲਗਭਗ 616 ਬੋਰੀਆਂ (60 ਕਿਲੋ ਭਰਤੀ ) ਅਤੇ 1060 ਬੋਰੀਆਂ ( 30 ਕਿਲੋ ਭਰਤੀ) ਚਾਵਲ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਮਹਾਂਦੇਵ ਰਾਈਸ ਮਿੱਲ ਗੋਨਿਆਣਾ ਤੋਂ ਲਗਭਗ 600 ਬੋਰੀਆਂ (50 ਕਿਲੋ ਭਰਤੀ) ਚਾਵਲ ਬਰਾਮਦ ਕੀਤਾ ਗਿਆ । ਮੌਕੇ 'ਤੇ ਸ਼ੈਲਰ ਮਾਲਿਕ ਨੇ ਬਿੱਲ ਪੇਸ਼ ਕੀਤੇ ਕਿ ਇਹ ਚਾਵਲ ਉਸ ਦੁਆਰਾ ਮੈਸ : ਬਾਂਸਲ ਟਰੇਡਿੰਗ ਕੰਪਨੀ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਤੋਂ ਖ਼ਰੀਦਿਆਂ ਗਿਆ ਹੈ। ਇਸ 'ਤੇ ਬਾਂਸਲ ਟਰੇਡਿੰਗ ਕੰਪਨੀ ਦੀ ਵੀ ਪੜਤਾਲ ਕੀਤੀ ਜਾ ਰਹੀਂ ਹੈ ।