
ਕਾਬੁਲ ਦੇ ਗੁਰਦਵਾਰੇ 'ਚ ਫਿਰ ਦਾਖ਼ਲ ਹੋਏ ਹਥਿਆਰਬੰਦ ਵਿਅਕਤੀ, ਸਿੱਖਾਂ ਨੂੰ ਧਮਾਕਿਆ
ਪਵਿੱਤਰ ਸਥਾਨ ਦੀ ਮਰਿਆਦਾ ਭੰਗ ਕੀਤੀ
ਕਾਬੁਲ, 15 ਅਕਤੂਬਰ : ਅਫ਼ਗ਼ਾਨਿਸਤਾਨ ਵਿਚ ਸਿੱਖ ਭਾਈਚਾਰੇ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ | ਹੁਣ ਇਕ ਵਾਰ ਫਿਰ ਤੋਂ ਹਥਿਆਰਬੰਦ ਵਿਅਕਤੀ ਸ਼ੁਕਰਵਾਰ ਨੂੰ ਕਾਬੁਲ ਦੇ ਕਾਰਤੇ ਪਰਵਾਨ ਗੁਰਦੁਆਰੇ ਵਿਚ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਅਫ਼ਗ਼ਾਨ ਸਿੱਖਾਂ ਨੂੰ ਧਮਕਾਇਆ | ਇੰਡੀਅਨ ਵਰਲਡ ਫ਼ੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਢੋਕ ਨੇ ਇਸ ਸਬੰਧੀ ਜਾਣਕਾਰੀ ਦਿਤੀ ਹੈ | ਪੁਨੀਤ ਸਿੰਘ ਚੰਢੋਕ ਨੇ ਕਿਹਾ ਕਿ ਉਥੇ ਮੌਜੂਦ ਅਫ਼ਗ਼ਾਨ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਧਮਕਾਇਆ ਗਿਆ ਹੈ | ਉਨ੍ਹਾਂ ਦਸਿਆ ਕਿ ਅਫ਼ਗ਼ਾਨਿਸਤਾਨ ਦੇ ਇਸਲਾਮਿਕ ਅਮੀਰਾਤ ਦੀ ਵਿਸ਼ੇਸ਼ ਇਕਾਈ ਤੋਂ ਹੋਣ ਦਾ ਦਾਅਵਾ ਕਰਨ ਵਾਲੇ ਭਾਰੀ ਹਥਿਆਰਬੰਦ ਅਧਿਕਾਰੀ ਜ਼ਬਰਦਸਤੀ ਕਾਬੁਲ ਦੇ ਕਾਰਤੇ ਪਰਵਾਨ ਸਥਿਤ ਗੁਰਦਵਾਰਾ ਦਸਮੇਸ਼ ਪਿਤਾ ਵਿਚ ਦਾਖ਼ਲ ਹੋਏ | ਉਨ੍ਹਾਂ ਨੇ ਗੁਰਦਵਾਰੇ ਅੰਦਰ ਮੌਜੂਦ ਭਾਈਚਾਰੇ ਨੂੰ ਧਮਕਾਇਆ ਅਤੇ ਪਵਿੱਤਰ ਸਥਾਨ ਦੀ ਮਰਿਯਾਦਾ ਭੰਗ ਕੀਤੀ |
ਚੰਡੋਕ ਨੇ ਦਸਿਆ ਕਿ ਉਨ੍ਹਾਂ ਨੇ ਨਾ ਸਿਰਫ ਗੁਰਦਵਾਰੇ 'ਤੇ ਛਾਪਾ ਮਾਰਿਆ ਸਗੋਂ ਗੁਰਦਵਾਰੇ ਨਾਲ ਜੁੜੇ ਕਮਿਊਨਿਟੀ ਸਕੂਲ ਦੀ ਸਾਰੀ ਇਮਾਰਤ 'ਤੇ ਛਾਪੇਮਾਰੀ ਕੀਤੀ | ਗੁਰਦਵਾਰੇ ਦੇ ਪ੍ਰਾਈਵੇਟ ਸੁਰੱਖਿਆ ਗਾਰਡਾਂ ਨੇ ਪਹਿਲਾਂ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ ਪਰ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿਤੀ ਗਈ ਅਤੇ ਉਨ੍ਹਾਂ ਨਾਲ ਹੱਥੋਪਾਈ ਵੀ ਕੀਤੀ ਗਈ | ਇਨ੍ਹਾਂ ਵਿਅਕਤੀਆਂ ਨੇ ਗੁਰਦਵਾਰੇ ਦੇ ਨਾਲ ਲੱਗਦੇ ਸੰਸਦ ਮੈਂਬਰ ਨਰਿੰਦਰ ਸਿੰਘ ਖ਼ਾਲਸਾ ਦੀ ਪੁਰਾਣੀ ਰਿਹਾਇਸ਼ ਅਤੇ ਦਫ਼ਤਰ 'ਤੇ ਵੀ ਛਾਪਾ ਮਾਰਿਆ | ਚੰਡੋਕ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਫ਼ਗ਼ਾਨਿਸਤਾਨ ਵਿਚ ਰਹਿ ਰਹੇ ਹਿੰਦੂ ਅਤੇ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਕਾਬੁਲ ਵਿੱਚ ਆਪਣੇ ਹਮਰੁਤਬਾ ਦੇ ਨਾਲ ਉੱਚ ਪੱਧਰ 'ਤੇ ਤੁਰਤ ਚੁੱਕੇ |