
ਦੇਸ਼ ਭਰ ਦੇ ਬਿਜਲੀ ਕਾਮੇ ਅਗਲੇ ਮਹੀਨੇ ਸੰਸਦ ਵਲ ਕਰਨਗੇ ਮਾਰਚ
ਕੌਮੀ ਕਾਨਫ਼ਰੰਸ ਵਿਚ ਲਿਆ ਬਿਜਲੀ ਸੋਧ ਬਿਲ 2022 ਵਿਰੁਧ ਅੰਦੋਲਨ ਦਾ ਫ਼ੈਸਲਾ
ਚੰਡੀਗੜ੍ਹ, 15 ਅਕਤੂਬਰ (ਭੁੱਲਰ): ਦੇਸ਼ ਵਿਆਪੀ ਅੰਦੋਲਨ ਦੀ ਸ਼ੁਰੂਆਤ ਲਈ 'ਬਿਜਲੀ ਸੈਕਟਰ ਬਚਾਉ, ਦੇਸ਼ ਬਚਾਉ' ਦੇ ਨਾਹਰੇ ਨਾਲ ਦੇਸ਼ ਭਰ ਦੇ ਬਿਜਲੀ ਕਾਮੇ 23 ਨਵੰਬਰ ਨੂੰ ਬਿਜਲੀ ਸੋਧ ਬਿਲ 2022 ਦੇ ਵਿਰੋਧ ਵਿੱਚ ਸੰਸਦ ਵਲ ਮਾਰਚ ਕਰਨਗੇ | ਜਿਹੜੇ ਮੁਲਾਜ਼ਮ ਪਾਰਲੀਮੈਂਟ ਮਾਰਚ ਲਈ ਦਿੱਲੀ ਨਹੀਂ ਪਹੁੰਚ ਸਕਣਗੇ, ਉਹ ਸੂਬਿਆਂ ਵਿਚ ਰੋਸ ਪ੍ਰਦਰਸ਼ਨ ਕਰਨਗੇ |
ਇਹ ਐਲਾਨ ਅੱਜ ਇਥੇ ਇਲੈਕਟ੍ਰੀਸਿਟੀ ਇੰਪਲਾਇਜ਼ ਫ਼ੈਡਰੇਸ਼ਨ ਆਫ਼ ਇੰਡੀਆ (ਈਫੀ) ਦੀ ਸਮਾਪਤ ਹੋਈ ਤਿੰਨ ਰੋਜ਼ਾ ਕਾਨਫ਼ਰੰਸ ਦੌਰਾਨ ਕੀਤਾ ਗਿਆ | ਇਹ ਐਲਾਨ ਈਫ਼ੀ ਦੇ ਨਵਨਿਯੁਕਤ ਪ੍ਰਧਾਨ ਈ.ਕਰੀਮ ਨੇ ਸਨਿਚਰਵਾਰ ਨੂੰ ਇਲੈਕਟ੍ਰੀਸਿਟੀ ਇੰਪਲਾਈਜ਼ ਫ਼ੈਡਰੇਸ਼ਨ ਆਫ਼ ਇੰਡੀਆ ਦੀ ਨੈਸ਼ਨਲ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ |
ਉਨ੍ਹਾਂ ਕਿਹਾ ਕਿ ਜਨਤਕ ਖੇਤਰ, ਸੰਵਿਧਾਨ, ਸੰਵਿਧਾਨਕ ਸੰਸਥਾਵਾਂ, ਜਮਹੂਰੀ ਅਤੇ ਟਰੇਡ ਯੂਨੀਅਨ ਅਧਿਕਾਰਾਂ ਨੂੰ ਬਚਾਉਣ ਲਈ ਕਰੋ ਜਾਂ ਮਰੋ ਦਾ ਸਮਾਂ ਆ ਗਿਆ ਹੈ | ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿਲ 2022 ਦੇ ਖ਼ਤਰਨਾਕ ਪ੍ਰਭਾਵਾਂ ਬਾਰੇ ਜਾਣੂ ਕਰਵਾਉਣ ਲਈ ਦੇਸ਼ ਵਿਆਪੀ ਮੁਹਿੰਮ ਵੀ ਚਲਾਈ ਜਾਵੇਗੀ |
ਉਨ੍ਹਾਂ ਡੈਲੀਗੇਟਾਂ ਨੂੰ ਵਿਭਾਗ ਦੇ ਕਰਮਚਾਰੀਆਂ ਦੀ ਏਕਤਾ, ਹੋਰ ਸੰਸਥਾਵਾਂ ਨਾਲ ਏਕਤਾ ਅਤੇ ਫਿਰ ਆਮ ਜਨਤਾ ਅਤੇ ਖਪਤਕਾਰਾਂ ਨਾਲ ਏਕਤਾ ਬਣਾਉਣ ਦਾ ਸੱਦਾ ਦਿਤਾ | ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿਲ ਪਾਸ ਹੋਣ ਤੋਂ ਬਾਅਦ ਬਿਜਲੀ ਘੱਟ ਖਪਤ ਕਰਨ ਵਾਲੇ ਕਿਸਾਨਾਂ ਅਤੇ ਗ਼ਰੀਬ ਖਪਤਕਾਰਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਬਿਜਲੀ ਉਤਪਾਦਨ ਦਾ ਨਿਜੀਕਰਨ ਕੀਤਾ ਗਿਆ ਹੈ ਅਤੇ ਐਨਐਮਪੀ ਤਹਿਤ ਪਾਵਰ ਗਰਿੱਡ ਟਰਾਂਸਮਿਸ਼ਨ ਲਾਈਨਾਂ ਨੂੰ ਨਿਜੀ ਹੱਥਾਂ ਵਿਚ ਸੌਂਪਿਆ ਜਾ ਰਿਹਾ ਹੈ |
ਅਗਲੀ ਕੜੀ ਵਿਚ ਬਿਜਲੀ ਸੋਧ ਬਿਲ ਪਾਸ ਕਰ ਕੇ ਬਿਜਲੀ ਦੀ ਵੰਡ ਨੂੰ ਵੀ ਨਿਜੀ ਹੱਥਾਂ ਵਿਚ ਸੌਂਪਿਆ ਜਾ ਰਿਹਾ ਹੈ ਜਿਸ ਨੂੰ ਇਲੈਕਟ੍ਰੀਸੀਅਨ ਅਤੇ ਇੰਜੀਨੀਅਰ ਵਲੋਂ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ |
ਚੰਡੀਗੜ੍ਹ ਪ੍ਰਸ਼ਾਸਨ ਨੂੰ ਆੜੇ ਹੱਥੀਂ ਲੈਂਦਿਆਂ ਹੜਤਾਲ ਵਿਚ ਬੈਠੇ ਬਿਜਲੀ ਮੁਲਾਜ਼ਮਾਂ ਵਿਰੁਧ ਕੀਤੀਆਂ ਸਾਰੀਆਂ ਧੱਕੇਸ਼ਾਹੀਆਂ ਵਾਪਸ ਲੈਣ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਗੱਲਬਾਤ ਰਾਹੀਂ ਨਿਪਟਾਉਣ ਦੀ ਮੰਗ ਕੀਤੀ | ਇਸ ਕਾਨਫ਼ਰੰਸ ਦੌਰਾਨ ਹੋਈ ਚੋਣ ਵਿਚ ਈ ਕਰੀਮ ਨੂੰ ਪ੍ਰਧਾਨ, ਪ੍ਰਸ਼ਾਂਤ ਨੰਦੀ ਚੌਧਰੀ ਨੂੰ ਜਨਰਲ ਸਕੱਤਰ, ਰਾਜੇਂਦਰਨ ਨੂੰ ਖ਼ਜ਼ਾਨਚੀ ਅਤੇ ਸੁਭਾਸ਼ ਲਾਂਬਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ |