
ਬਜ਼ੁਰਗਾਂ ਦੇ ਪੋਤੇ-ਪੋਤੀਆਂ ਉਹਨਾਂ ਨੂੰ ਅੰਗਰੇਜ਼ੀ, ਗਣਿਤ ਸਹਿਤ ਹੋਰ ਵਿਸ਼ੇ ਪੜ੍ਹਾਉਂਦੇ ਹਨ।
ਸੰਗਰੂਰ - ਸੰਗਰੂਰ ਦੇ ਪਿੰਡ ਥਲੇਸਾ ਵਿਚ ਬਜ਼ੁਰਗ ਔਰਤਾਂ ਵੀ ਪੜ੍ਹਾਈ ਕਰਨ ਲੱਗੀਆਂ ਹਨ। ਇਹਨਾਂ ਔਰਤਾਂ ਵਿਚੋਂ ਬਚਪਨ 'ਚ ਕਿਸੇ ਦੇ ਮਾਪਿਆਂ ਨੇ ਪੜ੍ਹਾਈ ਛੁਡਵਾ ਦਿੱਤੀ ਤੇ ਕਿਸੇ ਦੀਆਂ ਮਜਬੂਰੀਆਂ ਕਰਕੇ ਪੜ੍ਹਾਈ ਰਹਿ ਗਈ ਪਰ ਹੁਣ ਕੇਂਦਰ ਸਰਕਾਰ ਦੀ ਸਕੀਮ ਸਦਕਾ ਇਨ੍ਹਾਂ ਬਜ਼ੁਰਗਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਪਿੰਡ ਦੀਆਂ ਕੁੱਝ ਔਰਤਾਂ ਇਕ ਸਕੂਲ ਵਿਚ ਪੜ੍ਹਨ ਜਾਂਦੀਆਂ ਹਨ ਤੇ ਘਰ ਜਾ ਕੇ ਇਨ੍ਹਾਂ ਦੇ ਪੋਤੇ-ਪੋਤੀਆਂ ਇਨ੍ਹਾਂ ਨੂੰ ਅੰਗਰੇਜ਼ੀ, ਗਣਿਤ ਸਹਿਤ ਹੋਰ ਵਿਸ਼ੇ ਪੜ੍ਹਾਉਂਦੇ ਹਨ।
ਪਿੰਡ 'ਚ ਜੋ ਲੋਕ ਪੜ੍ਹੇ ਲਿਖੇ ਨਹੀਂ ਹਨ ਉਨ੍ਹਾਂ ਨੂੰ ਪੜ੍ਹਾਉਣ ਲਈ ਇਹ ਕੇਂਦਰ ਦੀ ਸਕੀਮ NEW INDIA LITERACY PROGRAMME ਤਹਿਤ ਸਕੂਲ ਖੋਲ੍ਹੇ ਗਏ ਹਨ, ਇਸ ਪਿੰਡ 'ਚ ਸਕੂਲ ਦੇ ਪ੍ਰਿੰਸੀਪਲ ਪਰਵੀਨ ਮਨਚੰਦਾ ਨੇ ਦੱਸਿਆ ਕਿ ਪਿੰਡ ਦੀਆਂ ਔਰਤਾਂ ਇਨ੍ਹਾਂ ਬਜ਼ੁਰਗਾਂ ਨੂੰ ਪੜ੍ਹਾ ਰਹੀਆਂ ਹਨ ਤੇ ਬਾਕੀ ਜੋ ਕਿਤਾਬਾਂ ਨੇ ਉਹ ਸਾਰਾ ਕੁਝ ਕੇਂਦਰ ਸਰਕਾਰ ਵੱਲੋਂ ਫ੍ਰੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਔਰਤਾਂ ਨੇ ਗੱਲਬਾਤ ਕਰਦੇ ਹੋਏ ਦੱਸਿਆਂ ਕਿ ਉਹਨਾਂ ਨੂੰ ਕਿਸੇ ਨਾਲ ਕਿਸੇ ਮਜਬੂਰੀ ਕਰ ਕੇ ਪੜ੍ਹਾਈ ਛੱਡਣੀ ਪਈ ਤੇ ਹੁਣ ਉਹਨਾਂ ਨੂੰ ਮੌਕਾ ਮਿਲਿਆ ਹੈ ਜਿਸ ਨੂੰ ਉਹ ਗਵਾਉਣਾ ਨਹੀਂ ਚਾਹੁੰਦੀਆਂ। ਬੀਬੀਆਂ ਨੇ ਕਿਹਾ ਕਿ ਉਹਨਾਂ ਨੇ ਅਨਪੜ੍ਹ ਹੋਣ ਦੇ ਦਾਗ ਨਾਲ ਜ਼ਿੰਦਗੀ ਜਿਓ ਲਈ ਪਰ ਉਹ ਹੁਣ ਅਨਪੜ੍ਹ ਰਹਿ ਕੇ ਮਰਨਾ ਨਹੀਂ ਚਾਹੁੰਦੀਆਂ। ਇਹਨਾਂ ਬੀਬੀਆਂ ਨੇ ਓ-ਅ ਸਿੱਖ ਲਿਆ ਹੈ ਤੇ ਘਰ ਜਾ ਕੇ ਅਪਣੇ ਪੋਤੇ-ਪੋਤੀਆਂ ਤੋਂ ਗਿਣਤੀ ਤੇ ਏਬੀਸੀ ਸਿੱਖਦੀਆਂ ਹਨ।