
ਜਲੰਧਰ ਅਤੇ ਨੇੜਲੀਆਂ ਤਿੰਨ ਥਾਵਾਂ 'ਤੇ ਕੀਤੀ ਚੈਕਿੰਗ
- 56 ਬੱਸਾਂ ਦੀ ਚੈਕਿੰਗ, 21 ਬੱਸਾਂ ਦੇ ਕਰੀਬ 3.50 ਲੱਖ ਰੁਪਏ ਦੇ ਚਲਾਨ ਕੀਤੇ ਅਤੇ ਨਿਯਮਾਂ ਦੀ ਉਲੰਘਣਾ ਲਈ ਦੋ ਬੱਸਾਂ ਜ਼ਬਤ ਕੀਤੀਆਂ
- ਨਿਰਧਾਰਤ ਰੂਟ ਦੀ ਬਜਾਏ ਪੁਲ ਉਪਰੋਂ ਲੰਘਣ 'ਤੇ ਪੰਜਾਬ ਰੋਡਵੇਜ਼ ਦੀਆਂ ਦੋ ਬੱਸਾਂ ਦੇ ਚਲਾਨ
- ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਕਿਸੇ ਵੀ ਬੱਸ ਨੂੰ ਚੱਲਣ ਦੀ ਆਗਿਆ ਨਹੀਂ ਦਿਤੀ ਜਾਵੇਗੀ: ਲਾਲਜੀਤ ਸਿੰਘ ਭੁੱਲਰ
- ਅਧਿਕਾਰੀਆਂ ਨੂੰ ਚੈਕਿੰਗ ਤੇਜ਼ ਕਰਨ ਅਤੇ ਡਿਫ਼ਾਲਟਰਾਂ ਦੇ ਚਲਾਨ ਕਰਨ ਦੇ ਨਿਰਦੇਸ਼
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਸੜਕ ਸੁਰੱਖਿਆ ਅਤੇ ਸੜਕੀ ਨਿਯਮਾਂ ਦੀ ਪਾਲਣਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਜਲੰਧਰ ਅਤੇ ਸ਼ਹਿਰ ਨੇੜਲੀਆਂ ਤਿੰਨ ਥਾਵਾਂ 'ਤੇ ਬੱਸਾਂ ਦੀ ਚੈਕਿੰਗ ਕੀਤੀ। ਕੈਬਨਿਟ ਮੰਤਰੀ ਦੀ ਮੌਜੂਦਗੀ ਵਿਚ ਬਿਨਾਂ ਦਸਤਾਵੇਜ਼ਾਂ ਜਾਂ ਅਧੂਰੇ ਦਸਤਾਵੇਜ਼ਾਂ ਤੋਂ ਚੱਲ ਰਹੀਆਂ ਦੋ ਬੱਸਾਂ ਨੂੰ ਜ਼ਬਤ ਕਰਨ ਸਣੇ 21 ਬੱਸਾਂ ਦੇ ਵੱਖ-ਵੱਖ ਉਲੰਘਣਾਵਾਂ ਲਈ ਚਲਾਨ ਕੀਤੇ ਗਏ। ਚਲਾਨ ਕੀਤੀਆਂ ਬੱਸਾਂ ਵਿਚ ਦੋ ਸਰਕਾਰੀ ਬੱਸਾਂ ਵੀ ਸ਼ਾਮਲ ਹਨ, ਜੋ ਅਣਅਧਿਕਾਰਤ ਰੂਟ 'ਤੇ ਚੱਲ ਰਹੀਆਂ ਸਨ।
Transport Minister Laljit Singh Bhullar cracks down heavily on Buses Violating Rules
ਕੈਬਨਿਟ ਮੰਤਰੀ ਅਤੇ ਉਨ੍ਹਾਂ ਦੀ ਟੀਮ ਵਲੋਂ ਸੂਬੇ ਦੀਆਂ ਸੜਕਾਂ 'ਤੇ ਲੋਕਾਂ ਦੀ ਸੁਰੱਖਿਆ ਅਤੇ ਬੱਸ ਚਾਲਕਾਂ ਦੁਆਰਾ ਸੜਕੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਮਨਸ਼ੇ ਨਾਲ ਜਲੰਧਰ ਬੱਸ ਸਟੈਂਡ ਦੇ ਆਲੇ-ਦੁਆਲੇ, ਜਲੰਧਰ-ਪਠਾਨਕੋਟ ਰੋਡ 'ਤੇ ਕਿਸ਼ਨਗੜ੍ਹ ਅਤੇ ਜਲੰਧਰ-ਅੰਮ੍ਰਿਤਸਰ ਰੋਡ 'ਤੇ ਕਰਤਾਰਪੁਰ ਵਿਖੇ ਕੀਤੀ ਗਈ ਚੈਕਿੰਗ ਦੌਰਾਨ ਕੁੱਲ 56 ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਵਿਜੈ ਬੱਸ ਸਰਵਿਸ ਦੀ ਬੱਸ ਨੰਬਰ ਐਨ.ਐਲ-02ਬੀ 3020 ਨੂੰ ਰਿਜਨਲ ਟਰਾਂਸਪੋਰਟ ਅਥਾਰਟੀ ਦੀ ਲੋੜੀਂਦੀ ਪ੍ਰਵਾਨਗੀ ਤੋਂ ਬਿਨਾਂ ਚਲਾਏ ਜਾਣ ਲਈ 50,000 ਰੁਪਏ ਦਾ ਭਾਰੀ ਜੁਰਮਾਨਾ ਕੀਤਾ ਗਿਆ। ਖਹਿਰਾ ਸਲੀਪਰਜ਼ ਦੀ ਬੱਸ ਨੰਬਰ ਯੂ.ਪੀ-31ਟੀ 3737 ਵਿੱਚ ਯਾਤਰੀਆਂ ਦੀ ਵੱਧ ਸਮਰੱਥਾ ਹੋਣ ਕਾਰਨ 50,000 ਰੁਪਏ ਦਾ ਚਲਾਨ ਕੀਤਾ ਗਿਆ। ਇਸ ਤੋਂ ਇਲਾਵਾ ਇੰਡੋ-ਕੈਨੇਡੀਅਨ ਸਰਵਿਸ ਦੀ ਬੱਸ ਨੰਬਰ ਪੀ.ਬੀ-01ਸੀ 9726 ਨੂੰ ਪਰਮਿਟ ਨਿਯਮਾਂ ਦੀ ਉਲੰਘਣਾ ਕਾਰਨ 10,000 ਰੁਪਏ ਦਾ ਜੁਰਮਾਨਾ ਕੀਤਾ ਗਿਆ।
Transport Minister Laljit Singh Bhullar cracks down heavily on Buses Violating Rules
ਇਸੇ ਤਰ੍ਹਾਂ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਅਤੇ ਅਧੂਰੇ ਦਸਤਾਵੇਜ਼ਾਂ ਕਾਰਨ 18 ਪ੍ਰਾਈਵੇਟ ਬੱਸਾਂ ਦੇ 2 ਲੱਖ ਰੁਪਏ ਤੋਂ ਵੱਧ ਦੇ ਚਲਾਨ ਕੱਟੇ ਗਏ, ਜਿਨ੍ਹਾਂ ਵਿੱਚ ਕਰਤਾਰ ਬੱਸ ਦੀਆਂ ਤਿੰਨ ਬੱਸਾਂ, ਪਟਿਆਲਾ ਐਕਸਪ੍ਰੈਸ ਅਤੇ ਪਟਿਆਲਾ ਹਾਈਵੇਜ਼ ਦੀਆਂ ਦੋ-ਦੋ ਅਤੇ ਨਿੱਝਰ ਮਿੰਨੀ ਬੱਸ, ਪ੍ਰਕਾਸ਼ ਬੱਸ, ਲਿਬੜਾ ਬੱਸ, ਸ਼ੇਖੂਪੁਰਾ ਬੱਸ ਸਰਵਿਸ, ਨਰਵਾਲ ਬੱਸ, ਬਾਈ ਜੀ ਟਰਾਂਸਪੋਰਟ, ਰਾਜਗੁਰੂ ਅਤੇ ਮੋਹਾਲੀ ਬੱਸ ਦੀ ਇੱਕ-ਇੱਕ ਬੱਸ ਸ਼ਾਮਲ ਹੈ ਜਦਕਿ ਪਿਆਰ ਬੱਸ ਅਤੇ ਕਰਤਾਰ ਬੱਸ ਸਰਵਿਸ ਦੀਆਂ ਬਿਨਾਂ ਦਸਤਾਵੇਜ਼ਾਂ ਤੋਂ ਚਲ ਰਹੀਆਂ ਦੋ ਬੱਸਾਂ ਮੌਕੇ 'ਤੇ ਹੀ ਜ਼ਬਤ ਕੀਤੀਆਂ ਗਈਆਂ।
Transport Minister Laljit Singh Bhullar cracks down heavily on Buses Violating Rules
ਕਰਤਾਰਪੁਰ ਵਿਖੇ ਚੈਕਿੰਗ ਦੌਰਾਨ ਟਰਾਂਸਪੋਰਟ ਮੰਤਰੀ ਨੇ ਪੰਜਾਬ ਰੋਡਵੇਜ਼ ਦੀਆਂ ਦੋ ਬੱਸਾਂ (ਨੰਬਰ ਪੀ.ਬੀ-08-ਈ.ਸੀ 4529 ਅਤੇ ਪੀ.ਬੀ-65-ਏ.ਟੀ 0543) ਨੂੰ ਅਣ-ਨਿਰਧਾਰਿਤ ਰੂਟ 'ਤੇ ਚਲਦਾ ਪਾਇਆ। ਇਹ ਬੱਸਾਂ ਪੁਲ ਦੇ ਹੇਠਾਂ ਤੋਂ ਜਾਣ ਦੀ ਬਜਾਏ ਪੁਲ ਉਪਰੋਂ ਲੰਘ ਰਹੀਆਂ ਸਨ। ਦੋਵਾਂ ਬੱਸਾਂ ਦੇ ਡਰਾਈਵਰਾਂ ਦੇ ਅਣਅਧਿਕਾਰਤ ਰੂਟਾਂ 'ਤੇ ਚੱਲਣ ਲਈ ਚਲਾਨ ਕੀਤੇ ਗਏ।
Transport Minister Laljit Singh Bhullar cracks down heavily on Buses Violating Rules
ਸਵਾਰੀਆਂ ਅਤੇ ਹੋਰ ਰਾਹਗੀਰਾਂ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਨਾ ਪਾਉਣ ਦੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਬਿਨਾਂ ਢੁਕਵੇਂ ਦਸਤਾਵੇਜ਼ਾਂ ਅਤੇ ਪਰਮਿਟ ਦੇ ਕਿਸੇ ਵੀ ਬੱਸ ਨੂੰ ਚਲਣ ਨਹੀਂ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਚਨਚੇਤ ਚੈਕਿੰਗ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਿਰਧਾਰਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ ਦੇ ਚਲਾਨ ਕੱਟਣ ਅਤੇ ਇਨ੍ਹਾਂ ਨੂੰ ਜ਼ਬਤ ਕਰਨ।
ਭੁੱਲਰ ਨੇ ਸੂਬੇ ਦੀਆਂ ਸੜਕਾਂ 'ਤੇ ਚੱਲਣ ਵਾਲੀਆਂ ਸਾਰੀਆਂ ਬੱਸਾਂ ਦੁਆਰਾ ਸੜਕੀ ਨਿਯਮਾਂ ਦੀ ਪਾਲਣਾ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੇ ਦ੍ਰਿੜ੍ਹ ਸੰਕਲਪ ਹੋਣ ਦਾ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਕਿ ਲੋਕਾਂ ਦੀ ਭਲਾਈ ਲਈ ਨਿਯਮਾਂ ਨੂੰ ਲਾਗੂ ਕਰਨਾ ਲਾਜ਼ਮੀ ਹੈ।