
ਇਸ ਮਾਮਲੇ ਦੇ ਚਲਦਿਆਂ ਪੰਜਾਬ-ਹਰਿਆਣਾ ਬਾਰ ਕੌਂਸਲ ਨੇ ਅਣਮਿੱਥੇ ਸਮੇਂ ਲਈ ਕੰਮ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ।
ਸ੍ਰੀ ਮੁਕਤਸਰ ਸਾਹਿਬ: ਸੀਆਈਏ ਸਟਾਫ਼ ਵਲੋਂ ਵਕੀਲ ਦੀ ਕੁੱਟਮਾਰ ਅਤੇ ਤਸ਼ੱਦਦ ਕਰਨ ਦੇ ਮਾਮਲੇ ਵਿਚ ਐਸਪੀ ਰਮਨਦੀਪ ਸਿੰਘ ਭੁੱਲਰ, ਸੀਆਈਏ ਇੰਚਾਰਜ ਰਮਨ ਕੰਬੋਜ ਅਤੇ ਕਾਂਸਟੇਬਲ ਹਰਬੰਸ ਸਿੰਘ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਦਾਰਾ ਸਿੰਘ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਆਈ.ਪੀ.ਸੀ. ਦੀ ਧਾਰਾ 377, 342, 323, 149 ਅਤੇ 506 ਤਹਿਤ ਨਾਮਜ਼ਦ ਕੀਤਾ ਗਿਆ ਹੈ। ਪੀੜਤ ਵਕੀਲ ਸ੍ਰੀ ਮੁਕਤਸਰ ਸਾਹਿਬ ਬਾਰ ਐਸੋਸੀਏਸ਼ਨ ਦਾ ਮੈਂਬਰ ਹੈ। ਇਸ ਮਾਮਲੇ ਦੇ ਚਲਦਿਆਂ ਪੰਜਾਬ-ਹਰਿਆਣਾ ਬਾਰ ਕੌਂਸਲ ਨੇ ਅਣਮਿੱਥੇ ਸਮੇਂ ਲਈ ਕੰਮ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ।
ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਨੇ ਪੰਜਾਬ-ਹਰਿਆਣਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਨੂੰ ਅਦਾਲਤੀ ਕੰਮ ਤੋਂ ਦੂਰ ਰਹਿਣ ਦੀ ਸੂਚਨਾ ਭੇਜੀ ਸੀ। ਵਕੀਲਾਂ ਨੇ ਕੰਮ 'ਤੇ ਪਰਤਣ ਤੋਂ ਪਹਿਲਾਂ ਕਈ ਮੰਗਾਂ ਰੱਖੀਆਂ ਹਨ। ਦਰਅਸਲ ਮੁਕਤਸਰ 'ਚ ਪੁਲਿਸ ਵਲੋਂ ਵਕੀਲ ਨਾਲ ਕੀਤੀ ਗਈ ਕੁੱਟਮਾਰ ਅਤੇ ਅਣਮਨੁੱਖੀ ਵਿਵਹਾਰ ਤੋਂ ਬਾਅਦ ਅਦਾਲਤ ਨੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁਧ ਮਾਮਲਾ ਦਰਜ ਕਰਨ ਦੇ ਹੁਕਮ ਦਿਤੇ ਸਨ ਪਰ ਜਦੋਂ ਦੋ ਦਿਨ ਬਾਅਦ ਵੀ ਕੇਸ ਦਰਜ ਨਹੀਂ ਹੋਇਆ ਤਾਂ ਮੁਕਤਸਰ ਬਾਰ ਐਸੋਸੀਏਸ਼ਨ ਨੇ ਅਦਾਲਤੀ ਕੰਮਕਾਜ ਠੱਪ ਕਰ ਦਿਤਾ।
ਇਸ ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਬਰਾੜ ਨੇ ਦਸਿਆ ਕਿ 14 ਸਤੰਬਰ ਨੂੰ ਐਡਵੋਕੇਟ ਵਰਿੰਦਰ ਸਿੰਘ ਸੰਧੂ ਦੇ ਇਕ ਕਲਾਇੰਟ ਨੇ ਉਨ੍ਹਾਂ ਨੂੰ ਦਸਿਆ ਕਿ ਪੁਲਿਸ ਨੇ ਪਿੰਡ ਵਿਚ ਨਸ਼ਿਆਂ ਵਿਰੁਧ ਕਮੇਟੀ ਬਣਾਈ ਹੈ। ਉਸ ਕਮੇਟੀ ਵਿਚ ਸ਼ਾਮਲ ਲੋਕਾਂ ਵਿਰੁਧ ਉਸ ਦਾ ਕੇਸ ਚੱਲ ਰਿਹਾ ਹੈ। ਉਸ ਨੇ ਖੁਦ ਨੂੰ ਝੂਠੇ ਕੇਸ ਵਿਚ ਫਸਾਉਣ ਦਾ ਸ਼ੱਕ ਜਤਾਇਆ ਸੀ। ਇਸ ਤੋਂ ਪਹਿਲਾਂ ਐਡਵੋਕੇਟ ਵਰਿੰਦਰ ਸਿੰਘ ਸੰਧੂ ਨੇ ਵਿਅਕਤੀ ਨੂੰ ਐਸਐਸਪੀ ਨੂੰ ਸ਼ਿਕਾਇਤ ਕਰਨ ਦੀ ਸਲਾਹ ਦਿਤੀ। ਕਲਾਇੰਟ ਦੇ ਕਹਿਣ 'ਤੇ ਐਡਵੋਕੇਟ ਸੰਧੂ ਵੀ ਉਨ੍ਹਾਂ ਨਾਲ ਐਸਐਸਪੀ ਦਫ਼ਤਰ ਗਏ, ਪਰ ਉਥੇ ਐਸਐਸਪੀ ਨਹੀਂ ਮਿਲੇ। ਵਕੀਲ ਨੇ ਕਲਾਇੰਟ ਨੂੰ ਥਾਣਾ ਸਦਰ 'ਚ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਅਤੇ ਉਸ ਨਾਲ ਥਾਣਾ ਸਦਰ ਚਲਾ ਗਿਆ। ਉਥੇ ਸ਼ਿਕਾਇਤ ਕਰਨ ਤੋਂ ਬਾਅਦ ਥਾਣਾ ਸਦਰ ਦੇ ਐਸਐਚਓ ਨੇ ਉਨ੍ਹਾਂ ਨੂੰ ਪਿੰਡ ਆ ਕੇ ਪਿੰਡ ਵਾਸੀਆਂ ਦੀ ਸਾਂਝੀ ਕਮੇਟੀ ਬਣਾਉਣ ਦਾ ਭਰੋਸਾ ਦਿਤਾ।
ਇਲਜ਼ਾਮ ਹਨ ਕਿ ਐਡਵੋਕੇਟ ਸੰਧੂ ਨੂੰ ਥਾਣੇ ਤੋਂ ਬਾਹਰ ਆਉਂਦੇ ਹੀ ਸੀਆਈਏ ਪੁਲਿਸ ਵਾਲਿਆਂ ਨੇ ਕੁੱਟਿਆ। ਫਿਰ ਉਨ੍ਹਾਂ ਨੂੰ ਜ਼ਬਰਦਸਤੀ ਸੀਆਈਏ ਦਫ਼ਤਰ ਲੈ ਗਏ ਅਤੇ ਉਨ੍ਹਾਂ ਨਾਲ ਅਣਮਨੁੱਖੀ ਤਸ਼ੱਦਦ ਕੀਤਾ। ਫਿਰ 16 ਸਤੰਬਰ ਨੂੰ ਐਡਵੋਕੇਟ ਸੰਧੂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਲਜ਼ਾਮ ਹਨ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਵਕੀਲ ਨੂੰ ਇਹ ਕਹਿ ਕੇ ਧਮਕੀ ਦਿਤੀ ਸੀ ਕਿ ਜੇਕਰ ਉਸ ਨੇ ਅਦਾਲਤ ਵਿਚ ਮੂੰਹ ਖੋਲ੍ਹਿਆ ਤਾਂ ਉਸ ਨਾਲ ਦੁਬਾਰਾ ਅਣਮਨੁੱਖੀ ਸਲੂਕ ਕੀਤਾ ਜਾਵੇਗਾ। ਬਾਅਦ 'ਚ ਕੁੱਝ ਵਕੀਲ ਸਾਥੀਆਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿਤੀ ਗਈ। ਇਸ ਤੋਂ ਬਾਅਦ ਵਕੀਲਾਂ ਨੇ ਅਦਾਲਤ ਵਿਚ ਅਰਜ਼ੀ ਦਾਇਰ ਕਰਕੇ ਪੀੜਤ ਵਕੀਲ ਦੀ ਦੁਬਾਰਾ ਮੈਡੀਕਲ ਜਾਂਚ ਕਰਵਾਉਣ ਦੀ ਅਪੀਲ ਕੀਤੀ। ਅਦਾਲਤ ਨੇ ਅਰਜ਼ੀ ਸਵੀਕਾਰ ਕਰ ਲਈ ਅਤੇ ਜਦੋਂ ਦੋ ਦਿਨ ਬਾਅਦ ਮੈਡੀਕਲ ਰੀਪੋਰਟ ਆਈ ਤਾਂ ਇਸ ਵਿਚ 18 ਥਾਵਾਂ 'ਤੇ ਸੱਟਾਂ ਦੀ ਪੁਸ਼ਟੀ ਹੋਈ।
ਮੈਡੀਕਲ ਰੀਪੋਰਟ ਵਿਚ ਪੀੜਤ ਵਕੀਲ ਦੇ ਸੱਟਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਵਕੀਲ ਭਾਈਚਾਰੇ ਨੇ ਅਦਾਲਤ ਵਿਚ ਇਕ ਹੋਰ ਅਰਜ਼ੀ ਦਾਇਰ ਕਰਕੇ ਐਡਵੋਕੇਟ ਵਰਿੰਦਰ ਸਿੰਘ ਦੇ ਬਿਆਨ ਦਰਜ ਕਰਨ ਦੀ ਅਪੀਲ ਕੀਤੀ ਹੈ। ਐਡਵੋਕੇਟ ਵਰਿੰਦਰ ਸਿੰਘ ਦੇ ਬਿਆਨ ਦਰਜ ਕਰਨ ਤੋਂ ਬਾਅਦ ਸੀਜੇਐਮ ਅਦਾਲਤ ਨੇ ਪੁਲਿਸ ਨੂੰ ਮਾਮਲੇ ਵਿਚ ਐਫਆਈਆਰ ਦਰਜ ਕਰਨ ਦੇ ਹੁਕਮ ਦਿਤੇ ਸਨ, ਪਰ ਕੋਈ ਕਾਰਵਾਈ ਨਾ ਹੋਣ ਕਾਰਨ ਵਕੀਲਾਂ ਨੇ ਮੁਲਜ਼ਮ ਪੁਲਿਸ ਮੁਲਾਜ਼ਮਾਂ ਵਿਰੁਧ ਕੇਸ ਦਰਜ ਕਰਕੇ ਉਨ੍ਹਾਂ ਦੀ ਮੁਅੱਤਲੀ ਅਤੇ ਸੀਬੀਆਈ ਜਾਂਚ ਦੀ ਮੰਗ ਕਰਦਿਆਂ ਅਦਾਲਤ ਵਿਚ ਪਹੁੰਚ ਕੀਤੀ ਗਈ ਸੀ।
ਇਹ ਹਨ ਵਕੀਲਾਂ ਦੀਆਂ ਮੰਗਾਂ
1. ਕੇਸ ਦੀ ਜਾਂਚ ਪੰਜਾਬ ਤੋਂ ਬਾਹਰ, ਹਰਿਆਣਾ ਜਾਂ ਚੰਡੀਗੜ੍ਹ ਵਿਚ ਕਿਸੇ ਸੁਤੰਤਰ ਏਜੰਸੀ ਨੂੰ ਸੌਂਪੀ ਜਾਵੇ।
2. ਵਕੀਲ ਵਿਰੁਧ ਦਰਜ FIR ਤੁਰੰਤ ਪ੍ਰਭਾਵ ਨਾਲ ਰੱਦ ਕੀਤੀ ਜਾਵੇ।
3. ਪੀੜਤ ਵਕੀਲ ਨੂੰ ਅਣਮਨੁੱਖੀ ਤਸ਼ੱਦਦ ਕਰਨ ਵਾਲੇ ਦੋਸ਼ੀ ਅਫਸਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
4. ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਵੇ।