
ਕਾਰਪੋਰੇਟ ਘਰਾਣਿਆਂ ਵਿਰੁਧ ਸੰਘਰਸ਼ ਹੋਰ ਤੇਜ਼ ਕਰਾਂਗੇ : ਸਰਵਣ ਸਿੰਘ ਪੰਧੇਰ
ਅੰਮ੍ਰਿਤਸਰ, 15 ਦਸੰਬਰ (ਸੁਰਜੀਤ ਸਿੰਘ ਖ਼ਾਲਸਾ, ਅਮਨਦੀਪ ਸਿੰਘ ਕੱਕੜ): ਕਿਸਾਨਾਂ ਵਲੋਂ ਖੇਤੀ ਵਿਰੋਧੀ ਤਿੰਨੇ ਕਾਨੂੰਨ, ਪਰਾਲੀ ਸਾੜਨ ਅਤੇ ਬਿਜਲੀ ਸੋਧ 2020 ਐਕਟ ਰੱਦ ਹੋਣ ਤਕ ਸੰਘਰਸ਼ ਜਾਰੀ ਰਹੇਗਾ। ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦਿੱਲੀ ਤੋਂ ਸੂਬਾਈ ਜਰਨਲ ਸਕੱਤਰ ਸ. ਸਰਵਣ ਸਿੰਘ ਪੰਧੇਰ ਨੇ ਦਸਿਆ ਕਿ ਦਿੱਲੀ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ 29 ਨਵੰਬਰ ਤੋਂ ਕੁੰਡਲੀ ਸਿੰਘੂ ਸਰਹੱਦ 'ਤੇ ਅੱਜ 17ਵੇਂ ਦਿਨ ਧਰਨਾ ਲਗਾਤਾਰ ਜਾਰੀ ਹੈ। ਖੇਤੀ ਵਿਰੋਧੀ ਕਾਨੂੰਨ ਰੱਦ ਕਰਨ, ਸਾਰੀਆਂ ਫ਼ਸਲਾਂ ਦੀ ਸਰਕਾਰੀ ਖ਼ਰੀਦ ਦੀ ਗਰੰਟੀ ਅਤੇ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਮੁਤਾਬਕ ਦੇਣ ਦੇ ਫ਼ੈਸਲੇ ਤਕ ਸੰਘਰਸ਼ ਜਾਰੀ ਰਹੇਗਾ। ਇਹ ਕਿਸਾਨੀ ਦਾ ਅਪਣੀ ਜ਼ਮੀਨ ਅਤੇ ਆਰਥਕ ਹੱਕਾਂ ਦਾ ਅੰਤਮ ਅੰਦੋਲਨ ਹੈ। ਕੇਂਦਰ ਸਰਕਾਰ ਨੇ ਸਾਡੀ ਅਵਾਜ਼ ਬੰਦ ਕਰਨ ਲਈ ਜਾਮਰ ਲਗਾਏ ਹੋਏ ਹਨ। ਇਥੇ ਜੇਕਰ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਆ ਰਹੀ ਹੈ ਤਾਂ ਇਸ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਕੇਂਦਰ ਦੇ ਰਖਿਆ ਮੰਤਰੀ ਦਾ ਬਿਆਨ ਹੈ ਕਿ ਸਾਡੇ ਖੇਤੀ ਕਾਨੂੰਨ ਮਾਂ ਵਰਗੇ ਹਨ ਪਰ ਇਹ ਕਿਉਂ ਨਹੀਂ ਕਹਿੰਦੇ ਕਿ ਕਿਸਾਨ ਦੀ ਮਾਂ ਜ਼ਮੀਨ ਹੈ ਜਿਸ ਖੇਤੀ ਨਾਲ ਪੇਟ ਦੀ ਪੂਰਤੀ ਹੁੰਦੀ ਹੈ ਕਿਸਾਨਾਂ ਕੋਲੋਂ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਜ਼ੋਰ ਲਗਾਇਆ ਜਾ ਰਿਹਾ ਹੈ। ਮੋਦੀ ਦੀ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ ਇਹ ਕਿਹਾ ਜਾ ਰਿਹਾ ਹੈ ਕਿ ਗੱਲਬਾਤ ਕਰ ਲਉ ਪਰ ਇਹ ਕਾਨੂੰਨ ਵਾਪਸ ਨਹੀਂ ਹੋਣੇ।