
ਯੂਪੀ ਨੂੰ ਗੁੰਡਾਰਾਜ ਤੋਂ ਮੁਕਤੀ ਦਿਵਾ ਕੇ ਲੋਕਾਂ ਨੂੰ ਵਧੀਆ ਪ੍ਰਬੰਧ ਦੇਵਾਂਗੇ
ਨਵੀਂ ਦਿੱਲੀ, 15 ਦਸੰਬਰ (ਅਮਨਦੀਪ ਸਿੰਘ): ਦਿੱਲੀ ਵਿਚ ਤੀਜੀ ਵਾਰ ਅਪਣੀ ਸਰਕਾਰ ਬਣਾਉਣ ਤੋਂ ਉਤਸ਼ਾਹਤ ਆਮ ਆਦਮੀ ਪਾਰਟੀ ਨੇ ਹੁਣ 2022 ਦੀਆਂ ਯੂਪੀ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ।
ਅੱਜ 'ਆਪ' ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਆਮ ਆਦਮੀ ਪਾਰਟੀ ਯੂਪੀ ਦੀ ਰਾਜਨੀਤੀ ਨੂੰ ਸਾਫ਼ ਸੁਥਰਾ ਬਣਾਉਣ ਲਈ ਸੂਬੇ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜੇਗੀ ਤਾਕਿ ਦਿੱਲੀ ਵਾਂਗ ਹੀ ਯੂਪੀ ਦੇ ਲੋਕਾਂ ਨੂੰ ਇਮਾਨਦਾਰ ਸਰਕਾਰ ਦਿਤੀ ਜਾ ਸਕੇ ਜੋ ਦਿੱਲੀ ਵਾਂਗ ਮੁਫ਼ਤ ਬਿਜਲੀ, ਵਧੀਆ ਸਿਹਤ ਸਹੂਲਤਾਂ ਤੇ ਸਿਖਿਆ ਦੇ ਸਕੇ। ਉਨ੍ਹਾਂ ਕਿਹਾ,“ਗੰਦੀ ਸਿਆਸਤ ਤੇ ਭ੍ਰਿਸ਼ਟ ਆਗੂ ਯੂਪੀ ਨੂੰ ਤਰੱਕੀ ਦੀ ਰਾਹ 'ਤੇ ਤੁਰਨ ਤੋਂ ਰੋਕ ਰਹੇ ਹਨ ਜਿਸ ਕਰ ਕੇ, ਯੂਪੀ ਵਿਚ ਬਿਜਲੀ, ਸਿਖਿਆ ਤੇ ਸਿਹਤ ਸਹੂਲਤਾਂ ਵਰਗੀ ਮੁਢਲੀਆਂ ਸਹੂਲਤਾਂ ਦਾ ਮਾੜਾ ਹਾਲ ਹੈ। ਯੂਪੀ ਦੇ ਲੋਕਾਂ ਨੇ ਹਰ ਪਾਰਟੀ ਦੇ ਭਰੋਸਾ ਕਰ ਕੇ ਵੇਖ ਲਿਆ, ਪਰ ਹਰ ਪਾਰਟੀ ਨੇ ਉਨ੍ਹਾਂ ਦੀ ਪਿੱਠ ਵਿਚ ਛੁਰਾ ਮਾਰਿਆ ਤੇ ਹਰ ਪਾਰਟੀ ਦੀ ਸਰਕਾਰ ਨੇ ਪਿਛਲੀ ਸਰਕਾਰ ਦੇ ਭ੍ਰਿਸ਼ਟਾਚਾਰ ਦੇ ਰੀਕਾਰਡ ਤੋੜ ਸੁੱਟੇ।''
ਆਨਲਾਈਨ ਸੰਬੋਧਨ ਦੌਰਾਨ ਕੇਜਰੀਵਾਲ ਨੇ ਕਿਹਾ,“ਲੋਕ ਲਹਿਰ ਤੋਂ ਆਮ ਆਦਮੀ ਪਾਰਟੀ ਹੋਂਦ ਵਿਚ ਆਈ ਸੀ ਜਿਸ ਨੂੰ ਦੇਸ਼ ਭਰ ਦੇ ਲੋਕਾਂ ਨੇ ਜ਼ਬਰਦਤ ਪਿਆਰ ਦਿਤਾ ਤੇ ਭਰੋਸਾ ਕੀਤਾ। 8 ਸਾਲਾਂ ਵਿਚ ਤੀਜੀ ਵਾਰ ਦਿੱਲੀ ਵਿਚ ਸਰਕਾਰ ਬਣਾਈ ਤੇ ਪੰਜਾਬ ਵਿਚ ਮੁੱਖ ਵਿਰੋਧੀ ਧਿਰ ਵਜੋਂ ਆਮ ਆਦਮੀ ਪਾਰਟੀ ਉੱਭਰ ਕੇ ਸਾਹਮਣੇ ਆਈ। ਹੁਣ ਯੂਪੀ ਦੇ ਲੋਕ ਪੁਰਾਣੀਆਂ ਪਾਰਟੀਆਂ ਤੋਂ ਅੱਕ ਚੁਕੇ ਹਨ ਜੋ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ ਤੇ ਉਥੇ 'ਆਪ' ਦੀ ਸਰਕਾਰ ਬਣਦੀ ਵੇਖਣਾ ਚਾਹੁੰਦੇ ਹਨ। ਅਸੀਂ ਯੂਪੀ ਨੂੰ ਅਪਣੀ ਜਾਗੀਰ ਸਮਝਣ ਵਾਲੇ ਵੱਡੇ ਵੱਡੇ ਲੀਡਰਾਂ ਨੂੰ ਹਰਾ ਕੇ ਸੁਚੱਜਾ ਪ੍ਰਬੰਧ ਦੇਵਾਂਗੇ।''
ਫ਼ੋਟੋ ਕੈਪਸ਼ਨ:- ਯੂਪੀ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰਦੇ ਹੋਏ ਕੇਜਰੀਵਾਲ।
nੋਟ: ਖ਼ਬਰ ਨਾਲ ਦਿੱਲੀ^ ਅਮਨਦੀਪ^ 15 ਦਸੰਬਰ^ ਫ਼ੋਟੋ ਫ਼ਾਈਲ ਨੰਬਰ 02 ਨੱਥੀ ਹੈ।