
ਕਿਹਾ- ਅਕਾਲੀ ਦਲ ਤੇ 'ਆਪ' ਵਾਲੇ ਸਿਰਫ਼ ਵਾਅਦੇ ਕਰ ਰਹੇ ਨੇ
ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਕਾਫੀ ਗਰਮਾਇਆ ਹੋਇਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਲਗਾਤਾਰ ਚੋਣ ਰੈਲੀਆਂ ਅਤੇ ਚੋਣ ਵਾਅਦਿਆਂ ਦਾ ਦੌਰ ਜ਼ਾਰੀ ਹੈ। ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਨਾਲ ਗੱਲ਼ ਕਰਦਿਆਂ ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਗੁਰਵਿੰਦਰ ਸਿੰਘ ਬਾਲੀ ਨੇ ਕਿਹਾ ਕਿ ਕਾਂਗਰਸ ਬਹੁਤ ਪੁਰਾਣੀ ਅਤੇ ਵੱਡੀ ਪਾਰਟੀ ਹੈ ਅਤੇ ਇਸ ਦਾ ਬਹੁਤ ਲੰਬਾ ਇਤਿਹਾਸ ਹੈ। ਉਹਨਾਂ ਦਾ ਕਹਿਣਾ ਹੈ ਕਿ ਇਕ ਸਿਆਸੀ ਪਾਰਟੀ ਸਾਹਮਣੇ ਹਰ ਦੂਜੀ ਸਿਆਸੀ ਧਿਰ ਚੁਣੌਤੀ ਹੁੰਦੀ ਹੈ, ਚਾਹੇ ਉਹ ਕਿਸੇ ਇਕ ਵਿਅਕਤੀ ਦੀ ਪਾਰਟੀ ਹੀ ਕਿਉਂ ਨਾ ਹੋਵੇ। ਅਸੀਂ ਹਰੇਕ ਚੁਣੌਤੀ ਦਾ ਇਕਜੁੱਟਤਾ ਨਾਲ ਡਟ ਕੇ ਸਾਹਮਣਾ ਕਰਨ ਲਈ ਤਿਆਰ ਹਾਂ।
Gurvinder Singh Bali
ਆਮ ਆਦਮੀ ਪਾਰਟੀ ਵਲੋਂ ਕੀਤੇ ਜਾ ਰਹੇ ਚੋਣ ਵਾਅਦਿਆਂ ’ਤੇ ਗੁਰਵਿੰਦਰ ਸਿੰਘ ਬਾਲੀ ਨੇ ਕਿਹਾ ਕਿ ਉਹਨਾਂ ਦੀ ਚੁਣੌਤੀ ਦਾ ਕਾਂਗਰਸ ’ਤੇ ਕੋਈ ਅਸਰ ਨਹੀਂ ਹੋਵੇਗਾ। ਉਹ ਦਿੱਲੀ ਦੀਆਂ ਗੱਲਾਂ ਕਰ ਰਹੇ ਹਨ, ਜਦਕਿ ਦਿੱਲੀ ਪੰਜਾਬ ਨਾਲੋਂ ਬਹੁਤ ਵੱਖਰੀ ਹੈ। ਪੰਜਾਬ ਦੇ ਲੋਕ ਬਹੁਤ ਸਮਝਦਾਰ ਹਨ। ਉਹਨਾਂ ਦਾਅਵਾ ਕੀਤਾ ਕਿ ਸੂਬੇ ਦੇ ਨੌਜਵਾਨ ਨਵਜੋਤ ਸਿੰਘ ਸਿੱਧੂ ਨਾਲ ਜੁੜ ਚੁੱਕੇ ਹਨ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦੇ ਅੱਗੇ ਆਉਣ ਨਾਲ ਪੰਜਾਬ ਵਿਚ ਕਾਂਗਰਸ ਦਾ ਗ੍ਰਾਫ ਬਹੁਤ ਉੱਪਰ ਆ ਚੁੱਕਾ ਹੈ।
Gurvinder Singh Bali
ਉਹਨਾਂ ਕਿਹਾ ਕਿ ਜਿਹੜੇ ਪਾਰਟੀਆਂ 'ਚ 40 ਸਾਲਾਂ ਤੋਂ ਕੁਝ ਨਹੀਂ ਕਰ ਸਕੇ ਉਹਨਾਂ ਨੇ ਹੁਣ ਕੀ ਕਰਨਾ। ਉਹਨਾਂ ਕਿਹਾ ਕਿ ਚਾਹੇ ਕੋਈ ਦੋ ਮਹੀਨੇ ਪਹਿਲਾਂ ਹੀ ਪਾਰਟੀ ਵਿਚ ਆਇਆ ਹੋਵੇ, ਜੇਕਰ ਉਸ ਕੋਲ ਪੰਜਾਬ ਲਈ ਚੰਗੀ ਸੋਚ ਅਤੇ ਏਜੰਡਾ ਹੈ ਉਸ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਗੁਰਵਿੰਦਰ ਸਿੰਘ ਬਾਲੀ ਨੇ ਕਿਹਾ ਕਿ ਹੁਣ ਕਾਂਗਰਸ ਦੀ ਲੀਡਰਸ਼ਿਪ ਚੰਗੇ ਫੈਸਲੇ ਲੈ ਰਹੀ ਹੈ। ਸੁਖਬੀਰ ਬਾਦਲ ’ਤੇ ਹਮਲਾ ਬੋਲਦਿਆਂ ਉਹਨਾਂ ਕਿਹਾ ਕਿ ਉਹ ਖੋਖਲੇ ਵਾਅਦੇ ਕਰ ਰਹੇ ਹਨ, ਪਿਛਲੇ ਸਾਢੇ ਚਾਰ ਸਾਲ ਵਾਲੇ ਲੋਕਾਂ ਨੇ ਵੀ ਖੋਖਲੇ ਵਾਅਦੇ ਕੀਤੇ ਸਨ।
Gurvinder Singh Bali
ਕਾਂਗਰਸ ਦੇ ਅੰਦਰੂਨੀ ਮਤਭੇਦ ਬਾਰੇ ਗੱਲ਼ ਕਰਦਿਆਂ ਉਹਨਾਂ ਕਿਹਾ ਕਿ ਕਾਫੀ ਹੱਦ ਤੱਕ ਮਸਲਾ ਸੁਲਝ ਗਿਆ ਹੈ, ਬਾਕੀ ਹਰ ਕਿਸੇ ਦੇ ਅਪਣੇ ਵਿਚਾਰ ਹੁੰਦੇ ਹਨ, ਜਿਨ੍ਹਾਂ ਨੂੰ ਉਹ ਖੁੱਲ਼ ਕੇ ਸਾਹਮਣੇ ਰੱਖ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਅਜਿਹੀ ਪਾਰਟੀ ਹੈ, ਜਿਸ ਵਿਚ ਹਰ ਕੋਈ ਖੁੱਲ਼੍ਹ ਕੇ ਅਪਣੇ ਵਿਚਾਰ ਸਾਹਮਣੇ ਰੱਖ ਸਕਦਾ ਹੈ। ਮੁੱਖ ਮੰਤਰੀ ਚਿਹਰੇ ਬਾਰੇ ਗੱਲ਼ ਕਰਦਿਆਂ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਸਿਰਫ ਇਕ ਹੀ ਚਿਹਰਾ ਹੈ ਜਦਕਿ ਕਾਂਗਰਸ ਕੋਲ ਕਈ ਚਿਹਰੇ ਹਨ। ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਬਾਰੇ ਹਾਈਕਮਾਂਡ ਜਲਦ ਹੀ ਫੈਸਲਾ ਸੁਣਾਵੇਗੀ।