
'ਪਰਗਟ ਸਿੰਘ ਵਾਂਗ ਜੇ ਮਹਿਕਮਾ ਬਦਲ ਜਾਵੇ ਤਾਂ ਖਿਡਾਰੀਆਂ ਦਾ ਪਵੇਗਾ ਮੁੱਲ'
ਚੰਡੀਗੜ੍ਹ (ਅਮਨਪ੍ਰੀਤ ਕੌਰ)- ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਹੋਰ ਮੱਲਾਂ ਮਾਰਨ ਲਈ ਉਤਸ਼ਾਹਤ ਕਰਦਿਆਂ ਖੇਡ ਮੰਤਰੀ ਨੇ ਪੰਜਾਬ ਦੇ 3309 ਖਿਡਾਰੀਆਂ ਤੇ 10 ਕੋਚਾਂ ਨੂੰ ਕੁੱਲ 11.80 ਕਰੋੜ ਰੁਪਏ ਦੀ ਰਾਸ਼ੀ ਵੰਡੀ। ਇਸ ਮੌਕੇ ਖਿਡਾਰੀਆਂ ਵੱਲੋਂ ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਦਾ ਤਮਗਾ ਜੇਤੂ ਨਵਜੀਤ ਕੌਰ ਢਿੱਲੋਂ ਨੇ ਸਪੋਕਸਮੈਨ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਅਪਣੇ ਇਸ ਖਾਸ ਦਿਨ ਦੀਆਂ ਗੱਲਾਂ ਨੂੰ ਸਪੋਕਸਮੈਨ ਨਾਲ ਸਾਂਝਾ ਕੀਤਾ। ਨਵਜੀਤ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਉਹ ਗਰਾਊਂਡ ਵਿਚ ਅਪਣੀ ਮਿਹਨਤ ਦਿਖਾਉਂਦੇ ਹਨ ਤੇ ਖੇਡ ਨੂੰ ਜਿੱਤਣ ਲਈ ਪੂਰਾ ਜ਼ੋਰ ਲਗਾ ਦਿੰਦੇ ਹਾਂ ਤੇ ਇਕ ਖਿਡਾਰੀ ਦੀ ਮਿਹਨਤ ਨੂੰ ਇਕ ਖਿਡਾਰੀ ਹੀ ਸਮਝ ਸਕਦਾ ਹੈ।
Navjeet Kaur
ਨਵਜੀਤ ਕੌਰ ਨੇ ਖੇਡ ਮੰਤਰੀ ਪਰਗਟ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੇਡ ਮੰਤਰੀ ਨੇ ਇਹ ਗੱਲ ਬਿਲਕੁਲ ਸਹੀ ਕਹੀ ਹੈ ਕਿ ਖਿਡਾਰੀ ਨੂੰ ਅਪਣਾ ਅਵਾਰਡ ਉਸ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਹੀ ਮਿਲ ਜਾਣਾ ਚਾਹੀਦਾ ਹੈ। ਨਵਜੀਤ ਕੌਰ ਨੇ ਕਿਹਾ ਕਿ ਪੈਸਿਆਂ ਦੀ ਗੱਲ ਤਾਂ ਛੱਡੋ ਜੋ ਸਾਨੂੰ ਇਕ ਅਵਾਰਡ ਹੀ ਮਿਲਦਾ ਹੈ ਉਹ ਵੀ ਸਾਨੂੰ ਅੱਗੇ ਵਧਣ ਲਈ ਜ਼ਜ਼ਬਾ ਦਿੰਦਾ ਹੈ ਤੇ ਫਿਰ ਹੀ ਅਸੀਂ ਅੱਗੇ ਵਧਦੇ ਹਾਂ ਤੇ ਸਾਨੂੰ ਹੋਰ ਮਿਹਨਤ ਕਰਨ ਦੀ ਸ਼ਕਤੀ ਮਿਲਦੀ ਹੈ। ਉਸ ਨੇ ਕਿਹਾ ਕਿ ਇਹ ਬਹੁਤ ਹੀ ਵਧੀਆ ਕਦਮ ਹੈ ਕਿ ਜੇ ਇਸ ਤਰ੍ਹਾਂ ਹੀ ਖਿਡਾਰੀਆਂ ਨੂੰ ਉਹਨਾਂ ਦੀ ਮਿਹਨਤ ਲਈ ਸਨਮਾਨਿਤ ਜਰੂਰ ਕੀਤਾ ਜਾਣਾ ਚਾਹੀਦਾ ਹੈ
Navjeet Kaur
ਤਾਂ ਜੋ ਸਾਡੇ ਪੰਜਾਬ ਦੇ ਨੌਜਵਾਨ ਗਲਤ ਰਸਤਿਆਂ ਵੱਲ ਜਾਣ ਦੀ ਬਜਾਏ ਸਹੀ ਰਸਤਿਆਂ ਵੱਲ ਜਾਣ ਤੇ ਖੇਡਾਂ ਵਿਚ ਅੱਗੇ ਵਧਣ। ਉਹਨਾਂ ਨੇ ਕਿਹਾ ਕਿ ਉਹ ਅੱਜ ਬਹੁਤ ਖੁਸ਼ ਹਨ ਕਿ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਫਲ ਮਿਲਿਆ ਹੈ। ਨਵਜੀਤ ਕੌਰ ਨੇ ਕਿਹਾ ਕਿ ਖੇਡ ਮੰਤਰੀ ਉਸ ਵਿਅਕਤੀ ਨੂੰ ਹੀ ਹੋਣਾਂ ਚਾਹੀਦਾ ਹੈ ਜੋ ਆਪ ਇਕ ਖਿਡਾਰੀ ਰਿਹਾ ਹੋਵੇ ਜਿਸ ਨੇ ਖੁਦ ਮਿਹਨਤ ਕੀਤੀ ਹੋਵੇ ਖੇਡਾਂ ਵਿਚ ਤਾਂ ਹੀ ਉਸ ਨੂੰ ਖਿਡਾਰੀਆਂ ਦੀ ਮਿਹਨਤ ਬਾਰੇ ਪਤਾ ਚੱਲਦਾ ਹੈ ਕਿ ਕਿਵੇਂ ਇਕ ਖਿਡਾਰੀ ਛੋਟੇ ਪਰਿਵਾਰ ਵਿਚੋਂ ਉੱਠ ਕੇ ਇਕ ਵੱਡਾ ਨਾਮ ਕਮਾਉਂਦਾ ਹੈ।