
ਹਸਪਤਾਲ ਵਿਚ ਹੋਈ ਮੌਤ
ਪਟਿਆਲਾ : ਸ਼ਹਿਰ ਦੇ ਪੁਰਾਣਾ ਬਿਸ਼ਨ ਨਗਰ ਇਲਾਕੇ 'ਚ ਸ਼ੁੱਕਰਵਾਰ ਤੜਕਸਾਰ ਨੌਜਵਾਨ 'ਤੇ ਲੈਂਟਰ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ ਤੇ ਇਸ ਬਾਰੇ ਜਿਵੇਂ ਹੀ ਪਰਿਵਾਰਕ ਮੈਂਬਰਾਂ ਤੇ ਗੁਆਂਢੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਵਲੋਂ ਤੁਰੰਤ ਫ਼ਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ। ਇਸ ਮੌਕੇ ਪੁੱਜੀ ਫ਼ਾਇਰ ਬ੍ਰਿਗੇਡ ਵਿਭਾਗ ਦੀ ਟੀਮ ਵਲੋਂ ਲੋਕਾਂ ਦੀ ਸਹਾਇਤਾ ਨਾਲ ਨੌਜਵਾਨ ਨੂੰ ਮਲਬੇ ਹੇਠੋਂ ਕੱਢਿਆ ਗਿਆ ਤੇ ਤੁਰੰਤ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਪਹੁੰਚਾਇਆ। ਮੁੱਢਲੀ ਜਾਂਚ ਦੌਰਾਨ ਡਾਕਟਰਾਂ ਵਲੋਂ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਨੌਜਵਾਨ ਦਾ ਨਾਮ ਰਾਜਵੀਰ ਸਿੰਘ (25) ਦੱਸਿਆ ਜਾ ਰਿਹਾ ਹੈ।
ਰਾਜਵੀਰ ਦੇ ਗੁਆਂਢੀ ਬੰਟੀ ਨੇ ਦੱਸਿਆ ਕਿ ਸਵੇਰੇ ਸਾਢੇ 4 ਵਜੇ ਅਚਾਨਕ ਉਨ੍ਹਾਂ ਨੂੰ ਇਕ ਜ਼ੋਰਦਾਰ ਅਵਾਜ਼ ਆਈ ਤਾਂ ਸਾਰੇ ਗੁਆਂਢੀ ਬਾਹਰ ਨਿਕਲ ਆਏ। ਉਨ੍ਹਾਂ ਦੇਖਿਆ ਕਿ ਨਾਲ ਵਾਲੇ ਘਰ ਲੈਂਟਰ ਡਿੱਗਿਆ ਪਿਆ ਸੀ ਤੇ ਉਕਤ ਨੌਜਵਾਨ ਮਲਬੇ ਹੇਠ ਦੱਬਿਆ ਹੋਇਆ ਸੀ। ਬਾਕੀ ਪਰਿਵਾਰ ਦੇ ਸਾਰੇ ਮੈਂਬਰ ਘਰ 'ਚੋਂ ਬਾਹਰ ਸਨ ਜਦੋਂ ਉਹ ਆਏ ਤਾਂ ਦੇਖਿਆ ਕਿ ਇਹ ਘਟਨਾ ਵਾਪਰੀ ਪਈ ਸੀ ਤੇ ਉਹ ਭੁੱਬਾਂ ਮਾਰ ਕੇ ਰੋਣ ਲੱਗੇ। ਉਨ੍ਹਾਂ ਵਲੋਂ ਤੁਰੰਤ ਫ਼ਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ ਗਈ। ਜਿਨ੍ਹਾਂ ਦੀ ਸਹਾਇਤਾ ਨਾਲ ਨੌਜਵਾਨ ਨੂੰ ਬਾਹਰ ਕੱਢਿਆ ਗਿਆ।