
ਸਥਾਨਕ ਸਰਕਾਰਾਂ ਦੀਆਂ ਚੋਣਾਂ 'ਚ ਕਾਂਗਰਸ ਦੇ ਉਮੀਦਵਾਰਾਂ ਦੀ ਜਿੱਤ ਲੋਕਾਂ ਦੀ ਆਪਣੀ ਜਿੱਤ...
ਪਟਿਆਲਾ: ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਅੱਜ ਪੰਜਾਬ ਭਰ 'ਚ ਨਗਰ ਕੌਂਸਲਾਂ ਤੇ ਨਗਰ ਨਿਗਮਾਂ ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਦੇ ਜੇਤੂ ਰਹਿਣ ਵਾਲੇ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਇਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੇ ਹੱਕ 'ਚ ਦਿੱਤਾ ਫ਼ਤਵਾ ਕਰਾਰ ਦਿੱਤਾ ਹੈ।
Parneet Kaur
ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਸੂਬੇ ਦੇ ਲੋਕ ਵਿਰੋਧੀ ਪਾਰਟੀਆਂ, ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਨਕਾਰ ਚੁੱਕੇ ਹਨ, ਕਿਉਂਕਿ ਬੀਤੇ ਸਮੇਂ 'ਚ ਪੰਜਾਬ ਸਰਕਾਰ ਨੇ ਸੂਬੇ ਦੇ ਹਰੇਕ ਵਰਗ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਕਰਕੇ ਦਿਖਾਏ ਹਨ।ਸੰਸਦ ਮੈਂਬਰ ਨੇ ਸਥਾਨਕ ਸਰਕਾਰਾਂ ਦੀਆਂ ਚੋਣਾਂ 'ਚ ਕਾਂਗਰਸੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਨੂੰ ਲੋਕਾਂ ਦੀ ਆਪਣੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਲੋਕਾਂ ਨੇ ਵਿਰੋਧੀ ਧਿਰਾਂ ਦੇ ਕੂੜ ਪ੍ਰਚਾਰ ਨੂੰ ਨਕਾਰਕੇ ਸੂਬੇ ਦੇ ਵਿਕਾਸ 'ਤੇ ਮੋਹਰ ਲਗਾਈ ਹੈ।
Parneet Kaur
ਉਨ੍ਹਾਂ ਕਿਹਾ ਕਿ ਇਹ ਲੋਕ ਫ਼ਤਵਾ ਅਜਿਹੇ ਸਮੇਂ ਆਇਆ ਹੈ, ਜਦੋਂ ਕੇਂਦਰ ਦੀ ਮੋਦੀ ਸਰਕਾਰ ਆਪਣੇ ਦੇਸ਼ ਦੇ ਅਨਾਜ ਭੰਡਾਰ ਨੂੰ ਭਰਨ ਵਾਲੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਦਰਕਿਨਾਰ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਕੁਚਲਣ ਲੱਗੀ ਹੋਈ ਹੈ। ਸ੍ਰੀਮਤੀ ਪ੍ਰਨੀਤ ਕੌਰ ਨੇ ਹੋਰ ਕਿਹਾ ਕਿ ਪਟਿਆਲਾ ਪਾਰਲੀਮਾਨੀ ਹਲਕੇ ਦੇ ਸ਼ਹਿਰੀ ਲੋਕਾਂ ਨੇ (ਡੇਰਾਬਸੀ ਤੋਂ ਪਾਤੜਾਂ ਤੱਕ) ਪੰਜਾਬ ਸਰਕਾਰ ਵਲੋਂ ਕਰਵਾਏ ਗਏ ਵਿਕਾਸ ਕਾਰਜਾਂ ਦੇ ਨਾਮ 'ਤੇ ਵੋਟਾਂ ਦਿੱਤੀਆਂ ਹਨ, ਜਿਸ ਲਈ ਲੋਕ ਅਤੇ ਜਿੱਤੇ ਉਮੀਦਵਾਰ ਵਧਾਈ ਦੇ ਪਾਤਰ ਹਨ।