
ਲਾਲ ਕਾਰਡ ਬਣਾ ਕੇ 2 ਲੱਖ ਦੀ ਸਰਕਾਰੀ ਗ੍ਰਾਂਟ ਲਈ
Khanna News: ਖੰਨਾ - ਨਹਿਰੀ ਵਿਭਾਗ ਦੇ ਸੇਵਾਮੁਕਤ ਪਟਵਾਰੀ ਜਸਵਿੰਦਰ ਸਿੰਘ ਵਾਸੀ ਨਿਊ ਮਾਡਲ ਟਾਊਨ, ਚੂਨਾ ਭੱਠਾ ਵਾਲੀ ਗਲੀ ਅਮਲੋਹ ਰੋਡ, ਖੰਨਾ ਦੇ ਖ਼ਿਲਾਫ਼ ਗਬਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਸਵਿੰਦਰ ਸਿੰਘ ਨੇ ਆਪਣੇ ਪਿਤਾ ਦੇ ਦੋ ਨਾਂ ਰੱਖੇ ਅਤੇ ਇਕ ਨਾਂ ਹੇਠ ਸਰਕਾਰੀ ਨੌਕਰੀ ਕੀਤੀ। ਦੂਜੇ ਨਾਂ ਤੋਂ ਲਾਲ ਕਾਰਡ ਬਣਵਾ ਕੇ ਸਰਕਾਰੀ ਲਾਭ ਲਈ। ਪਟਵਾਰੀ ਨੇ ਸਰਕਾਰ ਤੋਂ 2 ਲੱਖ ਰੁਪਏ ਦੀ ਗ੍ਰਾਂਟ ਵੀ ਲਈ।
ਜਸਵਿੰਦਰ ਸਿੰਘ ਦੇ ਗੁਆਂਢ 'ਚ ਰਹਿਣ ਵਾਲੀ ਔਰਤ ਦਲਜੀਤ ਕੌਰ ਦੇ ਬਿਆਨਾਂ 'ਤੇ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਤੇ ਦਲਜੀਤ ਕੌਰ ਨੇ ਆਪਣੇ ਬਿਆਨਾਂ ਵਿਚ ਲਿਖਵਾਇਆ ਕਿ ਜਸਵਿੰਦਰ ਸਿੰਘ ਨੇ ਨਹਿਰੀ ਵਿਭਾਗ ਵਿਚ ਪਟਵਾਰੀ ਵਜੋਂ ਕੰਮ ਕਰਨ ਦੇ ਨਾਲ-ਨਾਲ ਲਾਲ ਕਾਰਡ ਬਣਵਾਇਆ। ਉਸ ਦੇ ਪਿਤਾ ਦੇ ਦੋ ਨਾਮ ਜਸਵੀਰ ਸਿੰਘ ਅਤੇ ਚੰਚਲ ਸਿੰਘ ਦੱਸਿਆ ਗਿਆ ਹੈ। ਲਾਲ ਕਾਰਡ 'ਤੇ 2 ਲੱਖ ਰੁਪਏ ਦੀ ਸਰਕਾਰੀ ਗਰਾਂਟ ਲਈ ਗਈ।
ਦਲਜੀਤ ਕੌਰ ਨੇ ਬਿਆਨਾਂ ਵਿਚ ਲਿਖਵਾਇਆ ਕਿ ਜਸਵਿੰਦਰ ਸਿੰਘ ਨੇ ਸਰਕਾਰੀ ਨੌਕਰੀ ਦੇ ਨਾਲ-ਨਾਲ ਗਲਤ ਤਰੀਕੇ ਨਾਲ ਪੱਤਰਕਾਰੀ ਵੀ ਕੀਤੀ। ਦੋਸ਼ੀ ਨੇ ਆਪਣੇ ਚਾਰ ਨਾਮ ਦੱਸੇ ਹਨ। ਜਿਨ੍ਹਾਂ ਦੇ ਵੱਖ-ਵੱਖ ਉਪਯੋਗ ਹਨ। ਇਹ ਇੱਕ ਕਿਸਮ ਨਾਲ ਗੈਰ-ਕਾਨੂੰਨੀ ਹੈ। ਮੁਲਜ਼ਮ ਵੀ ਆਪਣੇ ਆਪ ਨੂੰ ਮਾਰਕਫੈੱਡ ਦਾ ਮੁਲਾਜ਼ਮ ਦੱਸਦਾ ਰਿਹਾ। ਔਰਤ ਅਨੁਸਾਰ ਪੱਤਰਕਾਰੀ ਦੀ ਆੜ ਵਿਚ ਪੁਲਿਸ ’ਤੇ ਦਬਾਅ ਪਾ ਕੇ ਕਾਰਵਾਈ ਨੂੰ ਰੋਕਿਆ ਗਿਆ।
ਔਰਤ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਇੱਕ ਦਿਨ ਮੁਲਜ਼ਮ ਨੇ ਗਲੀ ਵਿਚ ਉਸ ਦੀ ਬਾਂਹ ਫੜ ਲਈ। ਉਸ ਨਾਲ ਗਲਤ ਸ਼ਬਦਾਵਲੀ ਬੋਲੀ। ਇੱਥੋਂ ਤੱਕ ਕਿ ਮੁਲਜ਼ਮ ਨੇ ਆਪਣੇ ਘਰ ਦੇ ਬਾਹਰ ਸੀਸੀਟੀਵੀ ਵੀ ਲਗਾਇਆ ਹੋਇਆ ਹੈ। ਜਿਨ੍ਹਾਂ ਦਾ ਮੂੰਹ ਔਰਤ ਦੇ ਘਰ ਵੱਲ ਹੈ। ਉਸ ਦੀਆਂ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਲੀਕ ਕੀਤੀਆਂ ਜਾਂਦੀਆਂ ਹਨ। 26 ਜੂਨ 2023 ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਜਿਸ ਤੋਂ ਬਾਅਦ ਲੰਬੀ ਜਾਂਚ ਚੱਲੀ। ਡੀ.ਏ.ਲੀਗਲ ਦੀ ਰਾਏ ਵੀ ਲਈ ਗਈ। ਇਸ ਮਗਰੋਂ ਮੁਲਜ਼ਮ ਜਸਵਿੰਦਰ ਸਿੰਘ ਖ਼ਿਲਾਫ਼ ਥਾਣਾ ਸਿਟੀ ਵਿਚ ਕੇਸ ਦਰਜ ਕੀਤਾ ਗਿਆ।
(For more Punjabi news apart from Khanna News, stay tuned to Rozana Spokesman)