
ਸੁਖਬੀਰ ਬਾਦਲ ਨੇ ਲਾਏ ਗੰਭੀਰ ਦੋਸ਼
ਚੰਡੀਗੜ੍ਹ : ਕੋਟਕਪੂਰਾ ਅਤੇ ਬਰਗਾੜੀ ਕਾਂਡ ਪਿਛੇ 100 ਫ਼ੀ ਸਦੀ ਕਾਂਗਰਸ ਦਾ ਹੱਥ ਸੀ। ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਪਿਛੇ ਵੀ ਸਪਸ਼ਟ ਕਾਂਗਰਸ ਦਾ ਹੱਥ ਹੈ ਅਤੇ ਇਹ ਸੱਭ ਕੁੱਝ ਕਾਂਗਰਸ ਨੇ 2017 ਦੀਆਂ ਚੋਣਾਂ ਜਿੱਤਣ ਲਈ ਕੀਤਾ। ਇਹ ਗੰਭੀਰ ਦੋਸ਼ ਅੱਜ ਇਥੇ ਪ੍ਰੈਸ ਕਾਨਫ਼ਰੰਸ ਵਿਚ ਬੋਲਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਗਾਏ।
Photo
ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਦੀ ਦੂਜੀ ਵਾਰ ਬਣੀ ਸਰਕਾਰ ਸਮੇਂ ਵਿਕਾਸ ਦੇ ਇੰਨੇ ਕੰਮ ਹੋਏ ਕਿ ਕਾਂਗਰਸ ਨੂੰ ਮਹਿਸੂਸ ਹੋ ਗਿਆ ਕਿ ਤੀਜੀ ਵਾਰ ਵੀ ਅਕਾਲੀ-ਭਾਜਪਾ ਸਰਕਾਰ ਬਣਨ ਜਾ ਰਹੀ ਹੈ। ਪਹਿਲਾਂ ਕਾਂਗਰਸ ਪਾਰਟੀ ਨੇ ਡਰੱਗ ਮਾਫ਼ੀਆ, ਰੇਤ ਮਾਫ਼ੀਆ ਅਤੇ ਸ਼ਰਾਬ ਦੇ ਦੋਸ਼ ਸਰਕਾਰ ਉਪਰ ਲਗਾਏ ਪ੍ਰੰਤੂ ਇਸ ਦੇ ਬਾਵਜੂਦ ਜਦ ਜਨਤਾ ਦਾ ਰੁਝਾਨ ਅਕਾਲੀ ਦਲ ਵਲ ਹੀ ਰਿਹਾ ਤਾਂ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੀ ਸਾਜ਼ਸ਼ ਰਚੀ ਗਈ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਗਿਆ।
Photo
ਸ. ਬਾਦਲ ਨੇ ਕਿਹਾ ਕਿ ਇਸ ਦਾ ਸਾਫ਼ ਸਬੂਤ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਦਾ ਲਾਭ ਕਿਸ ਨੂੰ ਮਿਲਿਆ ਅਤੇ ਨੁਕਸਾਨ ਕਿਸ ਦਾ ਹੋਇਆ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਦਾ ਲਾਭ ਸਿਰਫ਼ ਅਤੇ ਸਿਰਫ਼ ਕਾਂਗਰਸ ਨੂੰ ਹੋਇਆ। ਉਨ੍ਹਾਂ ਉਲਟਾ ਸਵਾਲ ਕੀਤਾ ਕਿ ਕੋਈ ਸਰਕਾਰ ਬੇਅਦਬੀ ਦੀਆਂ ਘਟਨਾਵਾਂ ਕਰਵਾ ਕੇ ਅਪਣੀ ਹੀ ਸਰਕਾਰ ਨੂੰ ਕਟਹਿਰੇ ਵਿਚ ਨਹੀਂ ਖੜ੍ਹਾ ਕਰ ਸਕਦੀ। ਬਲਕਿ ਇਹ ਕੰਮ ਸਿਆਸੀ ਲਾਹਾ ਲੈਣ ਲਈ ਕਾਂਗਰਸ ਨੇ ਕਰਵਾਇਆ। ਉਨ੍ਹਾਂ ਇਹ ਵੀ ਦੋਸ਼ ਲਗਾਏ ਕਿ ਬਰਗਾੜੀ, ਕੋਟਕਪੂਰਾ ਕਾਂਡ ਦੇ ਦੋਸ਼ੀਆਂ ਨੂੰ ਸਰਕਾਰ ਬਚਾਉਣ ਵਿਚ ਲੱਗੀ ਹੈ।
Photo
ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਵਿਕਾਸ ਦਾ ਇਕ ਵੀ ਕੰਮ ਨਹੀਂ ਕੀਤਾ। ਚੋਣ ਮਨੋਰਥ ਪੱਤਰ ਵਿਚ ਜੋ 424 ਵਾਅਦੇ ਕੀਤੇ ਸਨ ਉਸ ਵਿਚੋਂ ਇਕ ਹੀ ਦਸ ਦੇਣ ਕਿ ਕਿਹੜਾ 100 ਫ਼ੀ ਸਦੀ ਪੂਰਾ ਕੀਤਾ ਹੈ। ਸੁਖਬੀਰ ਨੇ ਦੋਸ਼ਾਂ ਦੀ ਝੜੀ ਜਾਰੀ ਰਖਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਬੋ ਹਲਕੇ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਗੁਰਦਵਾਰਾ ਸਾਹਿਬ ਵਲ ਮੂੰਹ ਕਰ ਕੇ ਕਸਮ ਖਾਧੀ ਸੀ ਕਿ ਉਹ 4 ਹਫ਼ਤਿਆਂ ਵਿਚ ਨਸ਼ਾ ਖ਼ਤਮ ਕਰ ਦੇਣਗੇ। ਹੁਣ ਵੀ ਰਜ ਕੇ ਝੂਠ ਬੋਲੀ ਜਾ ਰਹੇ ਹਨ ਪ੍ਰੰਤੂ ਜਦ ਕੀਤਾ ਕੁੱਝ ਨਹੀਂ।
Photo
ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਸ਼ਰਾਬ ਦਾ ਭਾਅ ਪੰਜਾਬ ਨਾਲੋਂ ਵੱਧ ਹੈ। ਕਾਂਗਰਸੀ ਰਜ ਕੇ ਸ਼ਰਾਬ ਵਿਚੋਂ ਕਮਾਈ ਕਰ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਤੋਂ 5 ਸਵਾਲ ਪੁਛੇ। ਮੁੱਖ ਮੰਤਰੀ ਦੱਸਣ ਕਿ ਉਹ ਕਿੰਨੇ ਘੰਟੇ ਸਾਲ ਵਿਚ ਦਫ਼ਤਰ ਗਏ। ਸਾਲ ਵਿਚ ਕਿੰਨੇ ਘੰਟੇ ਉਹ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਗਏ। ਸ੍ਰੀ ਦਰਬਾਰ ਸਾਹਿਬ ਪਿਛਲੇ ਤਿੰਨ ਸਾਲਾਂ ਵਿਚ ਕਿੰਨੀ ਵਾਰ ਗਏ। ਸਮਾਜ ਭਲਾਈ ਦੀ ਇਕ ਸਕੀਮ ਦਸੋ ਜੋ ਮੌਜੂਦਾ ਸਰਕਾਰ ਨੇ ਨਵੀਂ ਆਰੰਭੀ ਹੈ। ਮੌਜੂਦਾ ਸਰਕਾਰ ਵਿਕਾਸ ਦਾ ਇਕ ਪ੍ਰਾਜੈਕਟ ਦਸੇ ਜਿਸ ਦੀ ਯੋਜਨਾ ਬਣਾ ਕੇ ਇਨ੍ਹਾਂ ਨੇ ਪੂਰਾ ਕੀਤਾ।