
ਕੀ ਪਹਿਲਾਂ ਵਾਂਗ ਲੋਕ ਲਹਿਰ ਬਣ ਸਕੇਗਾ ਕਿਸਾਨ ਅੰਦੋਲਨ?
ਕਿਸਾਨ ਜਥੇਬੰਦੀਆਂ ਵਲੋਂ 25 ਮਾਰਚ ਨੂੰ ਚੰਡੀਗੜ੍ਹ ਵਿਚ ਟਰੈਕਟਰ ਮਾਰਚ ਕੱਢਣ ਦਾ ਐਲਾਨ
ਚੰਡੀਗੜ੍ਹ, 16 ਮਾਰਚ (ਨਰਿੰਦਰ ਸਿੰਘ ਝਾਮਪੁਰ) : ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨ ਅੰਦੋਲਨ ਮੁੜ ਆਰੰਭ ਕਰਨ ਦਾ ਫ਼ੈਸਲਾ ਕਰ ਲਿਆ ਗਿਆ ਹੈ ਜਿਸ ਤਹਿਤ ਕਿਸਾਨ ਜਥੇਬੰਦੀਆਂ ਵਲੋਂ 25 ਮਾਰਚ ਨੂੰ ਚੰਡੀਗੜ੍ਹ ਵਿਚ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਚੰਡੀਗੜ੍ਹ ਦੇ ਵਸਨੀਕਾਂ, ਦੁਕਾਨਦਾਰਾਂ ਅਤੇ ਚੰਡੀਗੜ੍ਹ ਵਿਚ ਹਰ ਦਿਨ ਵਾਂਗ ਕੰਮ ਧੰਦੇ ਆਉਣ ਵਾਲੇ ਲੋਕਾਂ ਨੂੰ ਹੁਣੇ ਤੋਂ 25 ਮਾਰਚ ਨੂੰ ਕਿਸਾਨਾਂ ਵਲੋਂ ਕੱਢੇ ਜਾਣ ਵਾਲੇ ਟ੍ਰੈਕਟਰ ਮਾਰਚ ਦੀ ਚਿੰਤਾ ਹੋ ਰਹੀ ਹੈ |
ਪਿਛਲੇ ਸਮੇਂ ਦੌਰਾਨ ਜਦੋਂ ਕਿਸਾਨ ਅੰਦੋਲਨ ਆਰੰਭ ਹੋਇਆ ਸੀ ਤਾਂ ਸਰਕਾਰ ਦੀ ਜ਼ਿੱਦ ਅਤੇ ਅੜੀ ਕਾਰਨ ਇਹ ਅੰਦੋਲਨ ਕਾਫ਼ੀ ਲੰਮਾ ਸਮਾਂ ਚਲਿਆ | ਬਾਅਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਇਹ ਕਿਸਾਨ ਅੰਦੋਲਨ ਮੁਲਤਵੀ ਕਰ ਦਿਤਾ ਗਿਆ | ਉਸ ਸਮੇਂ ਕੁੱਝ ਕਿਸਾਨ ਆਗੂਆਂ ਨੇ ਇਹ ਦਾਅਵਾ ਕੀਤਾ ਸੀ ਕਿ ਕਿਸਾਨ ਅੰਦੋਲਨ ਸਿਰਫ਼ ਮੁਲਤਵੀ ਕੀਤਾ ਗਿਆ ਹੈ
ਅਤੇ ਖ਼ਤਮ ਨਹੀਂ ਕੀਤਾ ਗਿਆ | ਉਨ੍ਹਾਂ ਦਾ ਇਹ ਦਾਅਵਾ ਹੁਣ ਸੱਚ ਹੁੰਦਾ ਜਾ ਰਿਹਾ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਵਲੋਂ ਕਿਸਾਨ ਅੰਦੋਲਨ ਮੁੜ ਆਰੰਭ ਕਰਨ ਦਾ ਐਲਾਨ ਕਰ ਦਿਤਾ ਗਿਆ ਹੈ |
ਲੰਮਾ ਸਮਾਂ ਚੱਲੇ ਕਿਸਾਨ ਅੰਦੋਲਨ ਨੂੰ ਆਮ ਲੋਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਸੀ ਅਤੇ ਹਰ ਵਰਗ ਵਲੋਂ ਕਿਸਾਨ ਅੰਦੋਲਨ ਨੂੰ ਹਮਾਇਤ ਦਿਤੀ ਗਈ ਸੀ, ਜਿਸ ਕਾਰਨ ਕਿਸਾਨ ਅੰਦੋਲਨ ਦਿਨੋ-ਦਿਨ ਮਜ਼ਬੂਤ ਹੁੰਦਾ ਗਿਆ | ਇਸ ਦੌਰਾਨ ਕੁੱਝ ਕਿਸਾਨ ਆਗੂਆਂ ਅਤੇ ਜਥੇਬੰਦੀਆਂ ਵਿਚ ਆਪਸੀ ਮਤਭੇਦ ਹੋਣ ਦੇ ਬਾਵਜੂਦ ਕਿਸਾਨਾਂ ਵਿਚ ਏਕਤਾ ਬਣੀ ਰਹੀ ਅਤੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਸੰਘਰਸ਼ ਕਰਦੇ ਰਹੇ, ਜੋ ਕਿ ਪ੍ਰਧਾਨ ਮੰਤਰੀ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤਕ ਜਾਰੀ ਰਿਹਾ | ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਕਿਸਾਨ ਜਥੇਬੰਦੀਆਂ ਵਲੋਂ ਮੁੜ ਆਰੰਭ ਕੀਤਾ ਜਾਣ ਵਾਲਾ ਕਿਸਾਨ ਅੰਦੋਲਨ ਕੀ ਹੁਣ ਮੁੜ ਲੋਕ ਲਹਿਰ ਬਣ ਸਕੇਗਾ ਅਤੇ ਕੀ ਇਸ ਅੰਦੋਲਨ ਨੂੰ ਹੁਣ ਆਮ ਲੋਕਾਂ ਦਾ ਸਹਿਯੋਗ ਮਿਲ ਸਕੇਗਾ? ਹੁਣ ਜਿਸ ਤਰੀਕੇ ਨਾਲ ਕਿਸਾਨਾਂ ਵਲੋਂ ਚੰਡੀਗੜ੍ਹ ਵਿਚ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ, ਜਾਂ ਕੱੁਝ ਕਿਸਾਨ ਜਥੇਬੰਦੀਆਂ ਵਲੋਂ ਆਮ ਗੱਲਾਂ ਨੂੰ ਲੈ ਕੇ ਅਕਸਰ ਧਰਨੇ ਲਗਾ ਕੇ ਆਵਾਜਾਈ ਠੱਪ ਕਰ ਦਿਤੀ ਜਾਂਦੀ ਹੈ, ਉਸ ਨਾਲ ਸਿਰਫ਼ ਆਮ ਲੋਕ ਹੀ ਪ੍ਰੇਸ਼ਾਨ ਹੁੰਦੇ ਹਨ ਜਦਕਿ ਸਰਕਾਰਾਂ ਨੂੰ ਅਜਿਹੇ ਮਾਰਚਾਂ ਤੇ ਧਰਨਿਆਂ ਨਾਲ ਕੋਈ ਫ਼ਰਕ ਨਹੀਂ ਪੈਂਦਾ | ਪੰਜਾਬ ਵਿਚ ਹੁਣ ਨਵੀਂ ਸਰਕਾਰ ਦਾ ਗਠਨ ਹੋ ਰਿਹਾ ਹੈ ਅਤੇ ਪੰਜਾਬ ਦੇ ਲੋਕ ਹੁਣ ਸੂਬੇ ਵਿਚ ਪੂਰੀ ਤਰ੍ਹਾਂ ਅਮਨ ਤੇ ਸ਼ਾਂਤੀ ਚਾਹੁੰਦੇ ਹਨ, ਇਸ ਕਾਰਨ ਹੁਣ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸਾਨਾਂ ਵਲੋਂ ਮੁੜ ਆਰੰਭ ਕੀਤਾ ਜਾਣ ਵਾਲਾ ਕਿਸਾਨ ਅੰਦੋਲਨ ਕੀ ਇਸ ਵਾਰ ਵੀ ਲੋਕ ਲਹਿਰ ਬਣ ਸਕੇਗਾ ਜਾਂ ਆਮ ਲੋਕ ਇਸ ਵਾਰ ਕਿਸਾਨ ਅੰਦੋਲਨ ਤੋਂ ਦੂਰੀ ਬਣਾ ਕੇ ਰੱਖਣਗੇ?
ਐਸਏਐਸ-ਨਰਿੰਦਰ-16-1ਏ