
ਪਾਰਕਿੰਗ ਨੂੰ ਲੈ ਕੇ ਹੋਇਆ ਸੀ ਵਿਵਾਦ
Patiala News: ਪਟਿਆਲਾ ਵਿੱਚ ਫ਼ੌਜ ਦੇ ਕਰਨਲ ਅਤੇ ਉਸ ਦੇ ਪੁੱਤਰ 'ਤੇ ਹਮਲੇ ਦੇ ਮਾਮਲੇ ਵਿੱਚ ਪੁਲਿਸ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿੱਚ 12 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹਮਲੇ ਦੀ ਪੂਰੀ ਘਟਨਾ ਵੀਡੀਓ ਵਿੱਚ ਰਿਕਾਰਡ ਹੋ ਗਈ ਸੀ। ਪਰਿਵਾਰ ਨੇ ਇਸ ਸਬੰਧ ਵਿੱਚ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਸਾਰਾ ਵਿਵਾਦ ਪਾਰਕਿੰਗ ਬਾਰੇ ਸੀ। ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਸਾਰੇ ਪੁਲਿਸ ਮੁਲਾਜ਼ਮਾਂ ਵਿਰੁਧ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਜਾਂਚ 45 ਦਿਨਾਂ ਵਿੱਚ ਪੂਰੀ ਹੋ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਫ਼ੌਜੀ ਅਧਿਕਾਰੀ ਦੇ ਮਾਮਲੇ ਵਿੱਚ ਮੁਆਫ਼ੀ ਮੰਗਦੇ ਹਾਂ। ਅਸੀਂ ਫ਼ੌਜ ਦਾ ਪੂਰਾ ਸਤਿਕਾਰ ਕਰਦੇ ਹਾਂ।
ਕਰਨਲ ਦੀ ਪਤਨੀ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦੇ ਪੁੱਤਰ ਪੁਸ਼ਪਿੰਦਰ ਸਿੰਘ ਬਾਠ ਅਤੇ ਮੇਰੇ ਪੁੱਤਰ ਅੰਗਦ ਸਿੰਘ ਨੂੰ ਪੁਲਿਸ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ, ਇੰਸਪੈਕਟਰ ਹੈਰੀ ਬੋਪਾਰਾਏ ਅਤੇ ਇੰਸਪੈਕਟਰ ਰੋਨੀ ਸਿੰਘ ਅਤੇ ਉਨ੍ਹਾਂ ਦੇ ਲਗਭਗ 10 ਪੁਲਿਸ ਮੁਲਾਜ਼ਮਾਂ ਨੇ ਡੰਡਿਆਂ, ਬੇਸਬਾਲ ਬੈਟਾਂ ਅਤੇ ਕੁਝ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕੁੱਟਿਆ।
ਇਸ ਦੌਰਾਨ, ਉਸ ਦੇ ਪਤੀ ਨੂੰ ਕਈ ਸੱਟਾਂ ਲੱਗੀਆਂ; ਉਸ ਦੀ ਖੱਬੀ ਬਾਂਹ ਟੁੱਟ ਗਈ। ਜਦੋਂ ਕਿ ਪੁੱਤਰ ਅੰਗਦ ਸਿੰਘ ਦੇ ਸਿਰ 'ਤੇ ਡੂੰਘਾ ਜ਼ਖ਼ਮ ਲੱਗਿਆ ਹੈ। ਦੋਵਾਂ ਨੂੰ 14 ਮਾਰਚ ਨੂੰ ਦੁਪਹਿਰ 2:00 ਵਜੇ ਤੋਂ ਇਲਾਜ ਅਧੀਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਵਾਲੀ ਥਾਂ ਦੀ ਫੁਟੇਜ ਵਿੱਚ ਸਭ ਕੁਝ ਸਪੱਸ਼ਟ ਹੈ।
ਘਟਨਾ ਤੋਂ ਬਾਅਦ ਪਤੀ ਅਤੇ ਪੁੱਤਰ ਦੇ ਬਿਆਨ ਬਹੁਤ ਦੇਰ ਨਾਲ ਦਰਜ ਕੀਤੇ ਗਏ। ਪਰ ਅੱਜ ਤਕ ਸਬੰਧਤ ਪੁਲਿਸ ਸਟੇਸ਼ਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਮੇਰੀਆਂ ਵਾਰ-ਵਾਰ ਬੇਨਤੀਆਂ ਅਤੇ ਸਿਵਲ ਲਾਈਨਜ਼, ਪਟਿਆਲਾ ਪੁਲਿਸ ਸਟੇਸ਼ਨ ਦੇ ਦੌਰੇ ਦੇ ਬਾਵਜੂਦ ਅਜੇ ਤੱਕ ਐਫ਼ਆਈਆਰ ਦਰਜ ਨਹੀਂ ਕੀਤੀ ਗਈ ਹੈ।