
ਦੂਸਰੀ ਧਿਰ ਵਲੋਂ ਪਰਚਾ ਰੱਦ ਕਰਨ ਦੇ ਮਾਮਲੇ ਨੂੰ ਲੈ ਕੇ ਨੂੰਹ-ਸੱਸ ਟੈਂਕੀ 'ਤੇ ਚੜ੍ਹੀਆਂ
ਨੌਜਵਾਨ ਪੁੱਤਰ ਦੀ ਖੁਦਕੁਸ਼ੀ ਲਈ ਕਥਿਤ ਤੌਰ 'ਤੇ ਜਿੰਮੇਵਾਰ ਵਿਅਕਤੀਆਂ ਦੀ ਗ੍ਰਿਫਤਾਰੀ ਤੇ ਆਪਣੇ ਖਿਲਾਫ ਦਰਜ ਹੋਏ ਇੱਕ ਮੁਕੱਦਮੇ ਨੂੰ ਰੱਦ ਕਰਨ ਦੀ ਮੰੰਗ ਨੂੰ ਲੈ ਕੇ ਪਿਛਲੇ ਦੋ ਦਿਨਾਂ ਤੋਂ ਜਲ ਘਰ ਜਲਾਲ ਦੀ ਟੈਂਕੀ 'ਤੇ ਚੜ੍ਹੀਆਂ ਪਿੰਡ ਸੁਰਜੀਤਪੁਰਾ ਝੁੱਗੀਆਂ ਦੀ ਮਾਂ-ਧੀ ਪ੍ਰਸ਼ਾਸਨ ਵੱਲੋਂ ਮੰਗਾਂ ਮੰਨਣ ਦੇ ਦਿੱਤੇ ਭਰੋਸੇ 'ਤੇ ਇੱਕ ਵਿਅਕਤੀ ਦੀ ਗ੍ਰਿਫਤਾਰੀ ਤੋਂ ਬਾਅਦ ਬੀਤੀ ਰਾਤ 12 ਵਜੇ ਦੇ ਕਰੀਬ ਟੈਂਕੀ ਤੋਂ ਹੇਠਾਂ ਉੱਤਰ ਆਈਆਂ। ਉਨ੍ਹਾਂ ਵੱਲੋਂ ਆਪਣਾ ਸੰਘਰਸ਼ ਸਮਾਪਤ ਕਰਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਸੁਖ ਦਾ ਸਾਹ ਲਿਆ ਸੀ ਪਰ ਅੱਜ ਦੁਪਹਿਰ ਉਸ ਸਮੇਂ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਜਦ ਗ੍ਰਿਫਤਾਰ ਕੀਤੇ ਗਏ ਵਿਅਕਤੀ ਗੁਰਦੀਪ ਸਿੰਘ ਵਾਸੀ ਗੁਰੂਸਰ ਦੀ ਮਾਤਾ ਜਸਵੰਤ ਕੌਰ ਅਤੇ ਪਤਨੀ ਪਰਮਜੀਤ ਕੌਰ ਪਿੰਡ ਹਮੀਰਗੜ੍ਹ ਦੇ ਜਲ ਘਰ ਦੀ ਟੈਂਕੀ 'ਤੇ ਚੜ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਬਿੱਟੀ ਨੇ ਉਕਤ ਮਾਂ-ਧੀ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦਾ ਸਮਰਥਨ ਕਰਦਿਆਂ ਐਲਾਨ ਕੀਤਾ ਸੀ ਕਿ ਜੇਕਰ ਟੈਂਕੀ 'ਤੇ ਚੜ੍ਹੀ ਮਾਂ-ਧੀ ਕੁਲਵੰਤ ਕੌਰ ਤੇ ਰਾਜਵਿੰਦਰ ਕੌਰ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਤਿੱਘਾ ਸੰਘਰਸ਼ ਕਰਨਗੇ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਖੁਦਕੁਸ਼ੀ ਪਰਚੇ ਵਿੱਚ ਸ਼ਾਮਿਲ ਕੀਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਪਰਿਵਾਰ ਖਿਲਾਫ ਦਰਜ ਕੀਤਾ ਦੂਸਰਾ ਮੁਕੱਦਮਾ ਵੀ ਰੱਦ ਕਰਨ ਦਾ ਭਰੋਸਾ ਦਿੱਤਾ। ਜਿਸ ਤੋਂ ਬਾਅਦ ਇਹ ਦੋਵੇ ਜਲ ਘਰ ਦੀ ਟੈਂਕੀ ਤੋਂ ਹੇਠਾਂ ਉੱਤਰ ਆਈਆਂ।
Mother & Daughter on Tank
ਦੂਸਰੇ ਪਾਸੇ ਗੁਰਦੀਪ ਸਿੰਘ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਪਿੰਡ ਹਮੀਰਗੜ੍ਹ ਦੇ ਜਲ ਘਰ ਦੀ ਟੈਂਕੀ 'ਤੇ ਚੜ੍ਹੀਆਂ ਸੱਸ-ਨੂੰਹ ਜਸਵੰਤ ਕੌਰ ਅਤੇ ਪਰਮਜੀਤ ਕੌਰ ਨੇ ਦੋਸ਼ ਲਾਇਆ ਕਿ ਪੁਲਿਸ ਨੇ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਪਰਿਵਾਰ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਵਿੱਚ ਝੂਠਾ ਮੁਕੱਦਮਾ ਦਰਜ ਕੀਤਾ ਹੈ ਅਤੇ ਹੁਣ ਟੈਂਕੀ 'ਤੇ ਚੜੀਆਂ ਮਾਂ-ਧੀ ਦੇ ਦਬਾਅ ਕਾਰਨ ਬਿਨ੍ਹਾਂ ਵਜ੍ਹਾਂ ਗੁਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਦਰਜ ਮੁਕੱਦਮਾ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਜਦ ਤੱਕ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਸ ਸਮੇਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਥਾਣਾ ਦਿਆਲਪੁਰਾ ਭਾਈਕਾ ਦੇ ਇੰਚਾਰਜ਼ ਗੁਰਪਿਆਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਕਰਮਚਾਰੀ ਮਾਮਲੇ 'ਤੇ ਨਿਗ੍ਹਾ ਰੱਖ ਰਹੇ ਸਨ। ਖਬਰ ਲਿਖੇ ਜਾਣ ਤੱਕ ਨੂੰਹ-ਸੱਸ ਆਪਣੀ ਮੰਗ ਨੂੰ ਲੈ ਕੇ ਜਲ ਘਰ ਦੀ ਟੈਂਕੀ 'ਤੇ ਚੜ੍ਹੀਆਂ ਹੋਈਆਂ ਸਨ।