
ਕੁਲ ਪਾਜ਼ੇਟਿਵ ਮਾਮਲੇ ਹੋਏ 215, 18 ਨਵੇਂ ਮਾਮਲੇ ਸਾਹਮਣੇ ਆਏ
ਚੰਡੀਗੜ੍ਹ, 17 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਅੱੱਜ ਰਾਜ ਵਿਚ ਕੋਰੋਨਾ ਪੀੜਤ ਦੀ 15 ਵੀਂ ਮੌਤ ਹੋਈ ਹੈ। ਪਾਜ਼ੇਟਿਵ ਕੇਸਾਂ ਦੀ ਗਿਣਤੀ ਵੀ 200 ਤੋਂ ਪਾਰ ਹੋ ਗਈ ਹੈ। ਅੱਜ ਸ਼ਾਮ ਤਕ ਇਹ ਅੰਕੜਾ 215 ਤਕ ਪਹੁੰਚ ਗਿਆ ਹੈ। 24 ਘੰਟਿਆਂ ਦੌਰਾਨ ਇਕੋ ਦਿਨ ਵਿਚ 18 ਨਵੇਂ ਕੋਰੋਨਾ ਕੇਸਾਂ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਅੱਜ ਜ਼ਿਲ੍ਹਾ ਪਟਿਆਲਾ ਵਿਚ 5, ਲੁਧਿਆਣਾ ਵਿਚ 4, ਜਲੰਧਰ ਵਿਚ 7 ਅਤੇ ਫ਼ਿਰੋਜ਼ਪੁਰ ਵਿਚ 1 ਨਵਾਂ ਕੇਸ ਸਾਹਮਣੇ ਆਇਆ ਹੈ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਫ਼ਿਰੋਜ਼ੁਪਰ ਹੁਣ ਤਕ ਕੋਰੋਨਾ ਕੇਸ ਮੁਕਤ ਜ਼ਿਲ੍ਹਿਆਂ ਵਿਚ ਸ਼ਾਮਲ ਸੀ ਪਰ ਇਥੇ ਵੀ ਪਹਿਲਾ ਕੇਸ ਨਾਲ ਕੋਰੋਨਾ ਨੇ ਦਸਤਕ ਦੇ ਦਿਤੀ ਹੈ। ਮੌਤਾਂ ਦੀ ਗਿਣਤੀ 15 ਹੋ ਗਈ ਹੈ। ਪਾਇਲ ਖੇਤਰ ਨਾਲ ਸਬੰਧਤ ਕਾਨੂੰਨਗੋ ਦੀ ਮੌਤ ਦੀ ਵਿਸ਼ੇਸ਼ ਮੁੱਖ ਸਕੱਤਰ ਕੇ.ਬੀ. ਐਸ. ਸਿੱਧੂ ਨੇ ਪੁਸ਼ਟੀ ਕੀਤੀ ਹੈ। 664 ਸ਼ੱਕੀ ਕੇਸਾਂ ਦੀ ਹਾਲੇ ਰੀਪੋਰਟ ਆਉਣੀ ਹੈ। ਇਸ ਸਮੇਂ ਹਸਪਤਾਲਾਂ ਵਿਚ ਇਲਾਜ ਅਧੀਨ ਕੋਰੋਨਾ ਪੀੜਤਾਂ ਵਿਚੋਂ ਇਕ ਵੈਂਟੀਲੇਟਰ ਉਪਰ ਹੈ ਅਤੇ ਇਸ ਨੂੰ ਆਕਸੀਜਨ ਦਿਤੀ ਜਾ ਰਹੀ ਹੈ।
ਹੁਣ ਤਕ 30 ਮਰੀਜ਼ ਠੀਕ ਵੀ ਹੋਏ ਹਨ। ਇਸ ਸਮੇਂ ਜ਼ਿਲ੍ਹਾ ਮੋਹਾਲੀ ਵਿਚ ਸੱਭ ਤੋਂ ਵੱਧ 57 ਪਾਜ਼ੇਟਿਵ ਕੇਸ ਹਨ ਜਦ ਕਿ ਇਸ ਤੋਂ ਬਾਅਦ ਜਲੰਧਰ ਵਿਚ 35, ਪਾਠਨਕੋਟ 24 ਅਤੇ ਨਵਾਂ ਸ਼ਹਿਰ ਵਿਚ 19 ਕੇਸ ਪਾਜ਼ੇਟਿਵ ਹਨ। ਲੁਧਿਆਣਾ ਵਿਚ ਵੀ ਅੱਜ ਕੇਸਾਂ ਦੀ ਗਿਣਤੀ 15 ਹੋਣ ਬਾਅਦ ਇਹ ਵੀ ਹਾਟ ਸਪਾਟ ਖੇਤਰ ਦੇ ਮਾਪ ਦੰਡਾਂ ਤਹਿਤ ਆ ਚੁੱਕਾ ਹੈ। ਜਦ ਕਿ ਚਾਰ ਜ਼ਿਲ੍ਹੇ ਮੋਹਾਲੀ, ਜਲੰਧਰ, ਪਠਾਨਕੋਟ ਅਤੇ ਨਵਾਂ ਸ਼ਹਿਰ ਪਹਿਲਾਂ ਹੀ ਰੈਡ ਜ਼ੋਨ ਤਹਿਤ ਹਾਟ ਸਪੋਰਟ ਐਲਾਨੇ ਜਾ ਚੁੱਕੇ ਹਨ। ਅੱਜ ਲੁਧਿਆਣਾ ਵਿਚ ਆਏ ਨਵੇਂੇ ਕੇਸਾਂ ਵਿਚ ਹਸਪਤਾਲ ਵਿਚ ਇਲਾਜ ਅਧੀਨ ਐਸ.ਐਚ.ਓ ਅਤੇ ਇਕ ਪੁਲਿਸ ਕਾਂਸਟੇਬਲ ਸ਼ਾਮਲ ਹੈ।